ਸਾਵਧਾਨ! ਹੁਣ ਜਨਤਕ ਥਾਵਾਂ ''ਤੇ ਕੂੜਾ ਸੁੱਟਣ ''ਤੇ ਲੱਗੇਗਾ 5000 ਰੁਪਏ ਜੁਰਮਾਨਾ
Saturday, Aug 24, 2024 - 12:15 PM (IST)

ਪਾਲਮਪੁਰ- ਆਪਣੇ ਸ਼ਹਿਰ, ਗਲੀ-ਮੁਹੱਲਿਆਂ ਨੂੰ ਸਾਫ਼-ਸੁਥਰਾ ਰੱਖਣਾ ਸਾਡੀ ਸਾਰਿਆਂ ਦੀ ਜ਼ਿੰਮੇਵਾਰੀ ਹੈ ਪਰ ਅਸੀਂ ਇਸ ਨੂੰ ਆਪਣੀ ਜ਼ਿੰਮੇਵਾਰੀ ਨਹੀਂ ਸਮਝਦੇ। ਸ਼ਹਿਰ ਨੂੰ ਗੰਦਲਾ ਕਰ ਦਿੰਦੇ ਹਾਂ। ਹਿਮਾਚਲ ਪ੍ਰਦੇਸ਼ ਦੇ ਪਾਲਮਪੁਰ 'ਚ ਇਕ ਹੋਟਲ ਮਾਲਕ ਨੂੰ ਅਜਿਹਾ ਕਰਨਾ ਮਹਿੰਗਾ ਪੈ ਗਿਆ ਅਤੇ ਨਗਰ ਨਿਗਮ ਨੇ ਉਸ ਨੂੰ 5,000 ਰੁਪਏ ਜ਼ੁਰਮਾਨਾ ਲਾਇਆ। ਨਗਰ ਨਿਗਮ ਨੇ ਇਸ ਤਰ੍ਹਾਂ ਦੀ ਕੋਤਾਹੀ ਵਰਤਣ 'ਤੇ ਸਬੰਧਤ ਹੋਟਲ ਮਾਲਕ ਨੂੰ ਚਿਤਾਵਨੀ ਵੀ ਦਿੱਤੀ ਹੈ। ਦਰਅਸਲ ਨਗਰ ਨਿਗਮ ਪਾਲਮਪੁਰ ਨੇ ਸੌਰਭ ਵਨ ਵਿਹਾਰ ਕੋਲ ਜਨਤਕ ਥਾਂ 'ਤੇ ਕੂੜਾ ਸੁੱਟਣ ਵਾਲੇ ਇਕ ਹੋਟਲ ਮਾਲਕ ਨੂੰ ਜੁਰਮਾਨਾ ਲਾਇਆ ਹੈ। ਹੋਟਲ ਮਾਲਕ ਨੇ ਕੂੜਾ ਇਕ ਜੀਪ ਵਿਚ ਭਰ ਕੇ ਸੌਰਭ ਵਨ ਵਿਹਾਰ ਕੋਲ ਸੁੱਟ ਦਿੱਤਾ ਸੀ। ਇਸ ਦੀ ਸੂਚਨਾ ਨਗਰ ਨਿਗਮ ਨੂੰ ਮਿਲੀ ਸੀ।
ਨਗਰ ਨਿਗਮ ਦੇ ਕਮਿਸ਼ਨਰ ਡਾ. ਆਸ਼ੀਸ਼ ਸ਼ਰਮਾ ਨੇ ਦੱਸਿਆ ਕਿ ਨਿਯਮਾਂ ਦੀ ਉਲੰਘਣਾ ਕਰਨ 'ਤੇ ਨਗਰ ਨਿਗਮ ਨੇ ਇਹ ਕਾਰਵਾਈ ਕੀਤੀ ਹੈ। ਜਿਸ ਕਾਰਨ ਹੋਟਲ ਮਾਲਕ ਨੂੰ 5000 ਰੁਪਏ ਦਾ ਜੁਰਮਾਨਾ ਲਾਇਆ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਨਗਰ ਨਿਗਮ ਸਾਫ਼ ਸਫਾਈ ਨੂੰ ਲੈ ਕੇ ਪੂਰੀ ਤਰ੍ਹਾਂ ਅਲਰਟ ਹੈ ਅਤੇ ਪਾਲਮਪੁਰ ਨੂੰ ਸਾਫ਼-ਸੁਥਰਾ ਰੱਖਣ ਲਈ ਆਮ ਜਨਤਾ ਦਾ ਸਹਿਯੋਗ ਜ਼ਰੂਰੀ ਹੈ। ਨਗਰ ਨਿਗਮ ਪਾਲਮਪੁਰ ਵਿਚ ਕੂੜਾ ਘਰ-ਘਰ 'ਚੋਂ ਚੁੱਕਿਆ ਜਾਂਦਾ ਹੈ। ਲੋਕ ਬਾਹਰ ਕੂੜਾ ਨਾ ਸੁੱਟਣ, ਜਿਸ ਕਿਸੇ ਨੂੰ ਇਸ ਦੀ ਸਮੱਸਿਆ ਆਉਂਦੀ ਹੈ, ਉਹ ਨਗਰ ਨਿਗਮ ਨਾਲ ਸੰਪਰਕ ਕਰ ਸਕਦਾ ਹੈ।