J&K ''ਚ ਹਿਜ਼ਬੁਲ ਤੇ ਜੈਸ਼ ਨੇ ਸੁਰੱਖਿਆ ਬਲਾਂ ਵਿਰੁੱਧ ਬੱਚਿਆਂ ਦੀ ਕੀਤੀ ਵਰਤੋਂ : ਸੰਯੁਕਤ ਰਾਸ਼ਟਰ
Friday, Jun 29, 2018 - 10:08 AM (IST)

ਸ਼੍ਰੀਨਗਰ— ਸੰਯੁਕਤ ਰਾਸ਼ਟਰ ਦੀ ਇਕ ਰਿਪੋਰਟ ਵਿਚ ਅੱਜ ਸਾਹਮਣੇ ਆਇਆ ਹੈ ਕਿ ਪਾਕਿਸਤਾਨ ਦੇ ਪਾਬੰਦੀਸ਼ੁਦਾ ਅੱਤਵਾਦੀ ਸੰਗਠਨਾਂ ਜੈਸ਼-ਏ-ਮੁਹੰਮਦ ਅਤੇ ਹਿਜ਼ਬੁਲ ਮੁਜਾਹਿਦੀਨ ਨੇ ਪਿਛਲੇ ਸਾਲ ਜੰਮੂ-ਕਸ਼ਮੀਰ 'ਚ ਸੁਰੱਖਿਆ ਬਲਾਂ ਨਾਲ ਮੁਕਾਬਲੇ ਦੌਰਾਨ ਬੱਚਿਆਂ ਦੀ ਭਰਤੀ ਕੀਤੀ ਅਤੇ ਉਨ੍ਹਾਂ ਦੀ ਵਰਤੋਂ ਕੀਤੀ।
ਬੱਚਿਆਂ ਸਬੰਧੀ ਸੰਯੁਕਤ ਰਾਸ਼ਟਰ ਦੇ ਜਨਰਲ ਸਕੱਤਰ ਦੀ ਸਾਲਾਨਾ ਰਿਪੋਰਟ ਵਿਚ ਦੱਸਿਆ ਗਿਆ ਹੈ ਕਿ ਪਿਛਲੇ ਸਾਲ ਦੁਨੀਆ ਭਰ ਵਿਚ ਹੋਈਆਂ ਝੜਪਾਂ ਵਿਚ 10 ਹਜ਼ਾਰ ਤੋਂ ਵੱਧ ਬੱਚੇ ਮਾਰੇ ਗਏ ਜਾਂ ਅਪੰਗਤਾ ਦਾ ਸ਼ਿਕਾਰ ਹੋਏ। ਜਦਕਿ 8000 ਤੋਂ ਵੱਧ ਦੀ ਲੜਾਕੂਆਂ ਵਜੋਂ ਭਰਤੀ ਕੀਤੀ ਗਈ ਜਾਂ ਉਨ੍ਹਾਂ ਦੀ ਵਰਤੋਂ ਕੀਤੀ। ਇਸ ਰਿਪੋਰਟ 'ਚ ਜਨਵਰੀ 2017 ਤੋਂ ਦਸੰਬਰ 2017 ਦਾ ਸਮਾਂ ਸ਼ਾਮਲ ਕੀਤਾ ਗਿਆ ਹੈ।
ਨਾਲ ਹੀ ਇਸ ਵਿਚ ਜੰਗ ਤੋਂ ਪ੍ਰਭਾਵਿਤ ਸੀਰੀਆ, ਅਫਗਾਨਿਸਤਾਨ ਅਤੇ ਯਮਨ ਦੇ ਨਾਲ-ਨਾਲ ਭਾਰਤ, ਫਿਲੀਪੀਨਜ਼ ਅਤੇ ਨਾਈਜੀਰੀਆ ਦੇ ਹਾਲਾਤ ਸਮੇਤ 20 ਦੇਸ਼ਾਂ ਨੂੰ ਸ਼ਾਮਲ ਕੀਤਾ ਗਿਆ ਹੈ।
ਭਾਰਤ ਦੀ ਹਾਲਤ ਬਾਰੇ ਸੰਯੁਕਤ ਰਾਸ਼ਟਰ ਦੇ ਜਨਰਲ ਸਕੱਤਰ ਐਂਟੋਨੀਓ ਗੁਟਾਰੇਸ ਦੀ ਰਿਪੋਰਟ 'ਚ ਕਿਹਾ ਗਿਆ ਹੈ ਕਿ ਜੰਮੂ-ਕਸ਼ਮੀਰ 'ਚ ਵਧੇ ਤਣਾਅ ਅਤੇ ਛੱਤੀਸਗੜ੍ਹ, ਝਾਰਖੰਡ 'ਚ ਹਥਿਆਰਬੰਦ ਸੰਗਠਨਾਂ ਅਤੇ ਸਰਕਾਰੀ ਬਲਾਂ ਵਿਚਾਲੇ ਹੋਣ ਵਾਲੀਆਂ ਹਿੰਸਕ ਘਟਨਾਵਾਂ 'ਚ ਬੱਚਿਆਂ ਦਾ ਪ੍ਰਭਾਵਿਤ ਹੋਣਾ ਨਹੀਂ ਰੁਕ ਰਿਹਾ।
ਇਨ੍ਹਾਂ ਨੂੰ ਬਾਲ ਅਧਿਕਾਰਾਂ ਦੀ ਘੋਰ ਉਲੰਘਣਾ ਦੱਸਦੇ ਹੋਏ ਰਿਪੋਰਟ ਵਿਚ ਕਿਹਾ ਗਿਆ ਹੈ ਕਿ ਜੰਮੂ-ਕਸ਼ਮੀਰ 'ਚ ਸੁਰੱਖਿਆ ਬਲਾਂ ਨਾਲ ਮੁਕਾਬਲੇ ਦੌਰਾਨ 2 ਅੱਤਵਾਦੀ ਸੰਗਠਨਾਂ ਵਲੋਂ ਬੱਚਿਆਂ ਦੀ ਭਰਤੀ ਕੀਤੀ ਗਈ ਅਤੇ ਉਨ੍ਹਾਂ ਦੀ ਵਰਤੋਂ ਕਰਨ ਦੀਆਂ 3 ਘਟਨਾਵਾਂ ਸਾਹਮਣੇ ਆਈਆਂ ਹਨ।