ਤਾਂ ਕੀ ਬਦਲ ਜਾਵੇਗਾ Asia ਦਾ ਨਕਸ਼ਾ? ਵਿਗਿਆਨੀਆਂ ਦੀ ਚਿਤਾਵਨੀ, ਭਾਰਤੀ ਧਰਤੀ ''ਚ ਆਈ ਦਰਾਰ
Saturday, Jan 24, 2026 - 03:36 PM (IST)
ਵੈੱਬ ਡੈਸਕ: ਹਿਮਾਲਿਆ ਦੀਆਂ ਉੱਚੀਆਂ ਚੋਟੀਆਂ, ਜਿਨ੍ਹਾਂ ਨੂੰ ਅਸੀਂ ਸਦੀਆਂ ਤੋਂ ਮਜ਼ਬੂਤੀ ਅਤੇ ਸਥਿਰਤਾ ਦਾ ਪ੍ਰਤੀਕ ਮੰਨਦੇ ਆਏ ਹਾਂ, ਦੇ ਹੇਠਾਂ ਕੁਝ ਅਜਿਹਾ ਵਾਪਰ ਰਿਹਾ ਹੈ ਜਿਸ ਨੇ ਵਿਗਿਆਨੀਆਂ ਨੂੰ ਵੀ ਹੈਰਾਨ ਕਰ ਦਿੱਤਾ ਹੈ। ਇੱਕ ਤਾਜ਼ਾ ਖੋਜ ਮੁਤਾਬਕ, ਤਿੱਬਤ ਦੇ ਹੇਠਾਂ ਭਾਰਤੀ ਟੈਕਟੋਨਿਕ ਪਲੇਟ ਯੂਰੇਸ਼ੀਅਨ ਪਲੇਟ ਨਾਲ ਸਿਰਫ਼ ਟਕਰਾ ਨਹੀਂ ਰਹੀ, ਸਗੋਂ ਅੰਦਰੋਂ ਦੋ ਹਿੱਸਿਆਂ ਵਿੱਚ ਫਟ ਰਹੀ ਹੈ। ਇਸ ਖੋਜ ਨੇ ਪੁਰਾਣੀਆਂ ਧਾਰਨਾਵਾਂ ਨੂੰ ਹਿਲਾ ਕੇ ਰੱਖ ਦਿੱਤਾ ਹੈ ਅਤੇ ਭਵਿੱਖ ਵਿੱਚ ਏਸ਼ੀਆ ਦੇ ਨਕਸ਼ੇ ਵਿੱਚ ਵੱਡੀ ਤਬਦੀਲੀ ਦੇ ਸੰਕੇਤ ਦਿੱਤੇ ਹਨ।

ਕੀ ਹੈ ਇਹ ਨਵੀਂ ਖੋਜ?
ਹੁਣ ਤੱਕ ਇਹ ਮੰਨਿਆ ਜਾਂਦਾ ਸੀ ਕਿ ਭਾਰਤੀ ਪਲੇਟ ਯੂਰੇਸ਼ੀਅਨ ਪਲੇਟ ਨਾਲ ਟਕਰਾ ਕੇ ਹਿਮਾਲਿਆ ਨੂੰ ਉੱਪਰ ਵੱਲ ਧੱਕ ਰਹੀ ਹੈ। ਪਰ ਵਿਗਿਆਨੀਆਂ ਨੇ ਭੂਚਾਲ ਦੀਆਂ ਤਰੰਗਾਂ ਦੇ ਅਧਿਐਨ ਰਾਹੀਂ ਪਾਇਆ ਹੈ ਕਿ:
• ਭਾਰਤੀ ਪਲੇਟ ਦੀ ਹੇਠਲੀ ਪਰਤ ਭਾਰੀ ਹੋਣ ਕਾਰਨ ਟੁੱਟ ਕੇ ਹੇਠਾਂ ਵੱਲ ਧਸ ਰਹੀ ਹੈ।
• ਇਸ ਦੀ ਉਪਰਲੀ ਪਰਤ ਅਜੇ ਵੀ ਉੱਤਰ ਦਿਸ਼ਾ ਵੱਲ ਖਿਸਕ ਰਹੀ ਹੈ।
• ਵਿਗਿਆਨਕ ਭਾਸ਼ਾ ਵਿੱਚ ਇਸ ਪ੍ਰਕਿਰਿਆ ਨੂੰ 'ਡੀਲੈਮੀਨੇਸ਼ਨ' (Delamination) ਕਿਹਾ ਜਾਂਦਾ ਹੈ, ਜਿਸ ਦਾ ਹਿਮਾਲਿਆ ਖੇਤਰ ਵਿੱਚ ਪਹਿਲੀ ਵਾਰ ਇੰਨਾ ਸਪੱਸ਼ਟ ਸਬੂਤ ਮਿਲਿਆ ਹੈ।
ਕਿਵੇਂ ਲੱਗਾ ਇਸ ਭੇਤ ਦਾ ਪਤਾ?
ਅਮਰੀਕਾ ਤੇ ਚੀਨ ਦੇ ਵਿਗਿਆਨੀਆਂ ਦੀ ਇੱਕ ਸਾਂਝੀ ਟੀਮ ਨੇ ਦੱਖਣੀ ਤਿੱਬਤ 'ਚ 90 ਤੋਂ ਵੱਧ ਸੀਸਮਿਕ ਸਟੇਸ਼ਨ ਸਥਾਪਤ ਕੀਤੇ ਸਨ।
1. ਇਨ੍ਹਾਂ ਯੰਤਰਾਂ ਦੀ ਮਦਦ ਨਾਲ ਧਰਤੀ ਦੇ ਅੰਦਰ ਦੀ ਇੱਕ 3D ਬਣਤਰ (Model) ਤਿਆਰ ਕੀਤੀ ਗਈ।
2. ਇਸ ਮਾਡਲ 'ਚ ਸਾਫ਼ ਦਿਖਾਈ ਦਿੱਤਾ ਕਿ ਜ਼ਮੀਨ ਦੀ ਸਤਹ ਤੋਂ ਲਗਭਗ 100 ਕਿਲੋਮੀਟਰ ਹੇਠਾਂ ਭਾਰਤੀ ਪਲੇਟ ਟੁੱਟ ਕੇ ਵੱਖ ਹੋ ਰਹੀ ਹੈ।
3. ਇਹ ਪ੍ਰਕਿਰਿਆ ਲੱਖਾਂ-ਕਰੋੜਾਂ ਸਾਲਾਂ ਤੋਂ ਹੌਲੀ-ਹੌਲੀ ਚੱਲ ਰਹੀ ਹੈ।

ਖੋਜ ਦੇ ਅਹਿਮ ਨਤੀਜੇ ਤੇ ਖ਼ਤਰੇ
ਇਹ ਖੋਜ ਇਹ ਸਮਝਣ 'ਚ ਮਦਦ ਕਰੇਗੀ ਕਿ ਹਿਮਾਲਿਆ ਦੁਨੀਆ ਦੇ ਸਭ ਤੋਂ ਉੱਚੇ ਪਹਾੜ ਕਿਵੇਂ ਬਣੇ ਤੇ ਤਿੱਬਤ ਦਾ ਪਠਾਰ ਇੰਨਾ ਉੱਚਾ ਕਿਵੇਂ ਹੋਇਆ। ਇਸ ਦੇ ਕੁਝ ਹੋਰ ਪ੍ਰਭਾਵ ਵੀ ਹੋ ਸਕਦੇ ਹਨ।
• ਭੂਚਾਲ ਦਾ ਖ਼ਤਰਾ: ਇਹ ਸਮਝਣ ਵਿੱਚ ਮਦਦ ਮਿਲੇਗੀ ਕਿ ਇਸ ਇਲਾਕੇ ਵਿੱਚ ਵਾਰ-ਵਾਰ ਭੂਚਾਲ ਕਿਉਂ ਆਉਂਦੇ ਹਨ।
• ਗੈਸਾਂ ਦਾ ਰਿਸਾਅ: ਪਲੇਟ ਦੇ ਟੁੱਟਣ ਕਾਰਨ ਧਰਤੀ ਦੇ ਅੰਦਰਲੀ ਗਰਮੀ ਅਤੇ ਗੈਸਾਂ ਨੂੰ ਬਾਹਰ ਆਉਣ ਦਾ ਰਸਤਾ ਮਿਲ ਸਕਦਾ ਹੈ। ਹਿਮਾਲਿਆ ਦੇ ਗਰਮ ਪਾਣੀ ਦੇ ਝਰਨਿਆਂ 'ਚ ਮਿਲਣ ਵਾਲੀ ਹੀਲੀਅਮ-3 ਗੈਸ ਨੂੰ ਵੀ ਇਸੇ ਪ੍ਰਕਿਰਿਆ ਨਾਲ ਜੋੜ ਕੇ ਦੇਖਿਆ ਜਾ ਰਿਹਾ ਹੈ।
ਵਿਗਿਆਨੀਆਂ ਦੀ ਚਿਤਾਵਨੀ
ਮੋਨਾਸ਼ ਯੂਨੀਵਰਸਿਟੀ ਦੇ ਭੂ-ਵਿਗਿਆਨੀ ਫੈਬੀਓ ਕੈਪੀਟਾਨੀਓ ਅਨੁਸਾਰ, ਇਹ ਧਰਤੀ ਦੇ ਅੰਦਰ ਚੱਲ ਰਹੀ ਇੱਕ ਬਹੁਤ ਲੰਬੀ ਪ੍ਰਕਿਰਿਆ ਦਾ ਸਿਰਫ਼ ਇੱਕ ਛੋਟਾ ਜਿਹਾ ਦ੍ਰਿਸ਼ ਹੈ ਅਤੇ ਪੂਰੀ ਕਹਾਣੀ ਸਮਝਣ ਲਈ ਅਜੇ ਹੋਰ ਡੂੰਘੇ ਅਧਿਐਨ ਦੀ ਲੋੜ ਹੈ। ਆਉਣ ਵਾਲੇ ਸਮੇਂ ਵਿੱਚ ਵਿਗਿਆਨੀ ਸੈਟੇਲਾਈਟ ਡੇਟਾ ਅਤੇ ਕੰਪਿਊਟਰ ਸਿਮੂਲੇਸ਼ਨ ਦੀ ਮਦਦ ਨਾਲ ਇਹ ਪਤਾ ਲਗਾਉਣਗੇ ਕਿ ਇਸ ਨਾਲ ਭਵਿੱਖ ਵਿੱਚ ਭੂਚਾਲ ਦਾ ਖ਼ਤਰਾ ਕਿੰਨਾ ਵਧ ਸਕਦਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
