ਹਿਮਾਚਲ ''ਚ ਹੁਣ ਤੱਕ 2800 ਤੋਂ ਵੱਧ ਪੁਲਸ ਮੁਲਾਜ਼ਮ ਕੋਰੋਨਾ ਨਾਲ ਪੀੜਤ, 5 ਦੀ ਮੌਤ
Friday, May 21, 2021 - 06:47 PM (IST)
ਸ਼ਿਮਲਾ- ਹਿਮਾਚਲ ਪ੍ਰਦੇਸ਼ 'ਚ ਕੋਰੋਨਾ ਦੀ ਚੁਣੌਤੀ ਨਾਲ ਨਜਿੱਠਣ 'ਚ ਅਹਿਮ ਭੂਮਿਕਾ ਨਿਭਾ ਰਹੇ ਮੋਹਰੀ ਮੋਰਚੇ 'ਤੇ ਤਾਇਨਾਤ ਪੁਲਸ ਮੁਲਾਜ਼ਮ ਵੀ ਵੱਡੀ ਗਿਣਤੀ 'ਚ ਕੋਰੋਨਾ ਨਾਲ ਪੀੜਤ ਹੋ ਰਹੇ ਹਨ। ਹਿਮਾਚਲ ਪ੍ਰਦੇਸ਼ ਦੇ ਪੁਲਸ ਡਾਇਰੈਕਟਰ ਜਨਰਲ (ਡੀ.ਜੀ.ਪੀ.) ਸੰਜੇ ਕੁੰਡੂ ਨੇ ਸ਼ੁੱਕਰਵਾਰ ਨੂੰ ਦੱਸਿਆ ਕਿ ਸੂਬੇ 'ਚ ਹੁਣ ਤੱਕ 5 ਪੁਲਸ ਮੁਲਾਜ਼ਮਾਂ ਦੀ ਕੋਵਿਡ-19 ਨਾਲ ਮੌਤ ਹੋ ਚੁਕੀ ਹੈ। ਮਹਾਮਾਰੀ ਦੀ ਪਹਿਲੀ ਲਹਿਰ ਦੌਰਾਨ 4 ਪੁਲਸ ਮੁਲਾਜ਼ਮਾਂ ਦੀ ਮੌਤ ਹੋਈ ਸੀ, ਜਦੋਂ ਕਿ ਦੂਜੀ ਲਹਿਰ 'ਚ ਇਕ ਪੁਲਸ ਮੁਲਾਜ਼ਮ ਦੀ ਜਾਨ ਗਈ।
ਡੀ.ਜੀ.ਪੀ. ਨੇ ਮੀਡੀਆ ਨੂੰ ਦੱਸਿਆ ਕਿ ਸੂਬੇ 'ਚ ਹੁਣ ਤੱਕ 2,874 ਪੁਲਸ ਮੁਲਾਜ਼ਮ ਕੋਰੋਨਾ ਵਾਇਰਸ ਨਾਲ ਪੀੜਤ ਹੋ ਚੁਕੇ ਹਨ, ਜਿਨ੍ਹਾਂ 'ਚੋਂ 2,378 ਪੁਲਸ ਮੁਲਾਜ਼ਮ ਠੀਕ ਹੋ ਚੁਕੇ ਹਨ, ਜਦੋਂ ਕਿ 496 ਆਪਣਾ ਇਲਾਜ ਕਰਵਾ ਰਹੇ ਹਨ। 2 ਪੁਲਸ ਮੁਲਾਜ਼ਮ ਹਸਪਤਾਲ 'ਚ ਦਾਖ਼ਲ ਹਨ। ਡੀ.ਜੀ.ਪੀ. ਨੇ ਦੱਸਿਆ ਕਿ ਸੂਬੇ ਦੇ 90 ਫੀਸਦੀ ਪੁਲਸ ਮੁਲਾਜ਼ਮ ਕੋਰੋਨਾ ਰੋਕੂ ਟੀਕੇ ਦੀਆਂ ਦੋਵੇਂ ਖੁਰਾਕਾਂ ਲੈ ਚੁਕੇ ਹਨ।