ਵਿਦਿਆਰਥੀ-ਅਧਿਆਪਕ ਅਨੁਪਾਤ ਦੇ ਮਾਮਲੇ ’ਚ ਵੀ ਦੇਸ਼ ’ਚ ਪਹਿਲੇ ਸਥਾਨ ’ਤੇ ਹਿਮਾਚਲ
Tuesday, Sep 09, 2025 - 12:10 AM (IST)

ਸ਼ਿਮਲਾ- ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ ਨੇ ਸੋਮਵਾਰ ਨੂੰ ਹਿਮਾਚਲ ਪ੍ਰਦੇਸ਼ ਨੂੰ ‘ਪੂਰੀ ਤਰ੍ਹਾਂ ਸਾਖਰ ਸੂਬਾ’ ਐਲਾਨਦਿਆਂ ਕਿਹਾ ਕਿ ਸੂਬੇ ਨੇ 99.3 ਫੀਸਦੀ ਦੀ ਸਾਖਰਤਾ ਦਰ ਹਾਸਲ ਕਰ ਲਈ ਹੈ। ਇਹ ਰਾਸ਼ਟਰੀ ਦਰ ਭਾਵ 95 ਫੀਸਦੀ ਤੋਂ ਵੱਧ ਹੈ।
ਅੰਤਰਰਾਸ਼ਟਰੀ ਸਾਖਰਤਾ ਦਿਵਸ ’ਤੇ ਸ਼ਿਮਲਾ ’ਚ ਆਯੋਜਿਤ ‘ਉੱਲਾਸ ਮੇਲਾ 2025’ ਦੌਰਾਨ ਇਹ ਐਲਾਨ ਕਰਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਸੂਬਾ ਵਿਦਿਆਰਥੀ-ਅਧਿਆਪਕ ਅਨੁਪਾਤ ਦੇ ਮਾਮਲੇ ’ਚ ਵੀ ਦੇਸ਼ ’ਚ ਪਹਿਲੇ ਸਥਾਨ ’ਤੇ ਹੈ। ਉਨ੍ਹਾਂ ਇਕ ਬਿਆਨ ’ਚ ਕਿਹਾ, ‘‘ਲੱਗਭਗ 7 ਫੀਸਦੀ ਦੀ ਘੱਟੋ-ਘੱਟ ਸਾਖਰਤਾ ਦਰ ਵਾਲੇ ਸੂਬੇ ਤੋਂ ਰੂਕਨ ਸਾਖਰ ਸੂਬਾ ਬਣਨ ਤੱਕ ਦੀ ਯਾਤਰਾ ਚੁਣੌਤੀਆਂ ਨਾਲ ਭਰੀ ਰਹੀ ਹੈ, ਫਿਰ ਵੀ ਸੂਬਾ ਗੁਣਵੱਤਾਪੂਰਨ ਸਿੱਖਿਆ ਮੁਹੱਈਆ ਕਰਨ ਦੇ ਮਕਸਦ ਨਾਲ ਲਗਾਤਾਰ ਅੱਗੇ ਵਧਿਆ ਹੈ।’’
ਮੁੱਖ ਮੰਤਰੀ ਨੇ ਆਧੁਨਿਕ ਲੋੜਾਂ ਅਨੁਸਾਰ ਨਿਰੰਤਰ ਸੁਧਾਰਾਂ ’ਤੇ ਜ਼ੋਰ ਦਿੰਦਿਆਂ ਕਿਹਾ ਕਿ ਆਉਣ ਵਾਲੇ ਸਾਲਾਂ ’ਚ ਸਿੱਖਿਆ ਖੇਤਰ ’ਚ ਕਈ ਹਾਂ-ਪੱਖੀ ਬਦਲਾਅ ਲਿਆਂਦੇ ਜਾਣਗੇ ਅਤੇ ਸਰਕਾਰੀ ਸੰਸਥਾਵਾਂ ਨੂੰ ਉੱਤਮਤਾ ਦੇ ਕੇਂਦਰਾਂ ’ਚ ਬਦਲ ਦਿੱਤਾ ਜਾਵੇਗਾ।