ਇਹ ਹੈ ਏਸ਼ੀਆ ਦਾ ਸਭ ਤੋਂ ਅਮੀਰ ਪਿੰਡ, ਸੇਬ ਦੀ ਖੇਤੀ ਨੇ ਬਦਲੀ ਲੋਕਾਂ ਦੀ ਕਿਸਮਤ

Monday, Aug 19, 2024 - 04:42 PM (IST)

ਸ਼ਿਮਲਾ- ਹਿਮਾਚਲ ਪ੍ਰਦੇਸ਼ ਦੀ ਰਾਜਧਾਨੀ ਸ਼ਿਮਲਾ ਦੇ ਚੌਪਾਲ ਬਲਾਕ 'ਚ ਸਥਿਤ ਮਾਦਵਾਗ ਪਿੰਡ ਦੇ ਲੋਕਾਂ ਦੀ ਜੀਵਨ ਸ਼ੈਲੀ ਦੇਖ ਕੇ ਤੁਸੀਂ ਹੈਰਾਨ ਹੋ ਸਕਦੇ ਹੋ। ਆਲੀਸ਼ਾਨ ਮਕਾਨਾਂ ਅਤੇ ਮਹਿੰਗੀਆਂ ਗੱਡੀਆਂ ਨੂੰ ਦੇਖ ਕੇ ਤੁਸੀਂ ਇਹ ਨਹੀਂ ਸੋਚ ਸਕਦੇ ਕਿ ਇਹ ਸਭ ਐਸ਼ੋ-ਆਰਾਮ ਮਾਦਵਾਗ ਦੇ ਵਸਨੀਕਾਂ ਨੇ ਸੇਬ ਦੀ ਖੇਤੀ ਕਰਕੇ ਹਾਸਲ ਕੀਤਾ ਹੈ। ਇਸ ਪਿੰਡ ਦੇ 470 ਪਰਿਵਾਰਾਂ ਦੇ ਹਰ ਘਰ ਕੋਲ ਸੇਬ ਦੇ ਬਗੀਚੇ ਹਨ। ਸੇਬ ਦੀ ਖੇਤੀ ਤੋਂ ਕਮਾਈ ਕਰ ਕੇ ਹਰ ਪਰਿਵਾਰ ਕਰੋੜਪਤੀ ਬਣ ਗਿਆ ਹੈ। ਪਿੰਡ ਦੇ ਸੇਬ ਦੇਸ਼ ਦੀਆਂ ਮੁੱਖ ਮੰਡੀਆਂ ਜਿਵੇਂ ਮੁੰਬਈ, ਅਹਿਮਦਾਬਾਦ ਅਤੇ ਕੋਲਕਾਤਾ ਵਿਚ ਬਹੁਤ ਮੰਗ ਹੈ ਅਤੇ ਵਿਦੇਸ਼ ਵਿਚ ਵੀ ਨਿਰਯਾਤ ਕੀਤੇ ਜਾਂਦੇ ਹਨ।

ਪ੍ਰਧਾਨ ਪ੍ਰੇਮ ਡੋਗਰਾ ਮੁਤਾਬਕ ਬੈਂਕਾਂ ਵਿਚ ਹਰ ਪਰਿਵਾਰ ਦੇ ਔਸਤਨ 75 ਲੱਖ ਰੁਪਏ ਤੋਂ ਜ਼ਿਆਦਾ ਜਮਾਂ ਹਨ। ਸੇਬਾਂ ਨੂੰ ਗੜੇਮਾਰੀ ਤੋਂ ਬਚਾਉਣ ਲਈ ਲੱਖਾਂ ਰੁਪਏ ਦੀ ਨੈਟ ਲਾਈ ਜਾਂਦੀ ਹੈ। ਪਿਛਲੇ 5-7 ਸਾਲਾਂ ਤੋਂ ਪਿੰਡ ਦੇ ਲੋਕਾਂ ਨੇ ਬੰਜਰ ਜ਼ਮੀਨ ਨੂੰ ਸੇਬ ਦੇ ਬਗੀਚਿਆਂ ਵਿਚ ਬਦਲ ਦਿੱਤਾ ਹੈ ਅਤੇ ਇੱਥੇ ਕਈ ਕਿਸਮਾਂ ਦੇ ਸੇਬ ਉਗਾਏ ਜਾਂਦੇ ਹਨ। ਪਿੰਡ ਦੇ ਕਿਸਾਨ ਪਰਿਵਾਰਾਂ ਦੀ ਸਾਲਾਨਾ ਆਮਦਨ 35 ਤੋਂ 80 ਲੱਖ ਰੁਪਏ ਤੱਕ ਹੈ। ਇਹੀ ਕਾਰਨ ਹੈ ਕਿ ਹੁਣ ਇਹ ਪਿੰਡ ਏਸ਼ੀਆ ਦਾ ਸਭ ਤੋਂ ਅਮੀਰ ਪਿੰਡ ਹੈ।

ਦੱਸ ਦੇਈਏ ਕਿ ਮਦਾਵਾਗ ਪਿੰਡ ਦੇ ਲੋਕ ਨਵੀਆਂ ਤਕਨੀਕਾਂ ਦਾ ਇਸਤੇਮਾਲ ਕਰ ਕੇ ਸੇਬ ਦੀ ਖੇਤੀ ਕਰਦੇ ਹਨ। ਇੱਥੇ ਕਿਸਾਨ ਇੰਟਰਨੈੱਟ ਜ਼ਰੀਏ ਵਿਦੇਸ਼ਾਂ ਤੋਂ ਜਾਣਕਾਰੀ ਪ੍ਰਾਪਤ ਕਰਦੇ ਰਹਿੰਦੇ ਹਨ ਅਤੇ ਬਾਜ਼ਾਰ ਦੀ ਕੀਮਤ ਦੇ ਆਧਾਰ 'ਤੇ ਹੀ ਸੇਬ ਵੇਚਦੇ ਹਨ। ਪਿੰਡ ਦੇ ਬਜ਼ੁਰਗਾਂ ਨੇ ਸੇਬ ਉਤਪਾਦਨ ਦੀ ਸ਼ੁਰੂਆਤ ਕੀਤੀ ਸੀ ਅਤੇ ਨੌਜਵਾਨਾਂ ਨੇ ਮਿਹਨਤ ਅਤੇ ਆਧੁਨਿਕ ਤਕਨੀਕ ਨਾਲ ਇਸ ਦਾ ਵਿਕਾਸ ਕੀਤਾ। ਇਸ ਸਮੇਂ ਮਾਦਵਾਗ ਵਿਚ ਵਿਦੇਸ਼ੀ ਕਿਸਮਾਂ ਦੇ ਸੇਬ ਸਫ਼ਲਤਾਪੂਰਵਕ ਉਗਾਏ ਜਾ ਰਹੇ ਹਨ। ਇੱਥੋਂ ਦੇ ਸੇਬ ਅਮਰੀਕਾ, ਨਿਊਜ਼ੀਲੈਂਡ ਅਤੇ ਇਟਲੀ ਦੀਆਂ ਕਿਸਮਾਂ ਨੂੰ ਟੱਕਰ ਦੇਣ ਵਿਚ ਸਮਰੱਥ ਹਨ।


Tanu

Content Editor

Related News