ਬਰਫ਼ਬਾਰੀ ਕਾਰਨ ਚਿੱਟੀ ਚਾਦਰ ''ਚ ਢੱਕਿਆ ਹਿਮਾਚਲ, 90 ਤੋਂ ਵੱਧ ਸੜਕਾਂ ਬੰਦ

Thursday, Jan 16, 2025 - 06:29 PM (IST)

ਬਰਫ਼ਬਾਰੀ ਕਾਰਨ ਚਿੱਟੀ ਚਾਦਰ ''ਚ ਢੱਕਿਆ ਹਿਮਾਚਲ, 90 ਤੋਂ ਵੱਧ ਸੜਕਾਂ ਬੰਦ

ਹਿਮਾਚਲ : ਹਿਮਾਚਲ ਪ੍ਰਦੇਸ਼ ਦੇ ਮੌਸਮ ਵਿਗਿਆਨ ਕੇਂਦਰ ਸ਼ਿਮਲਾ ਦੀ ਭਵਿੱਖਬਾਣੀ ਇੱਕ ਵਾਰ ਫਿਰ ਸਹੀ ਸਾਬਤ ਹੋਈ ਹੈ। ਬੁੱਧਵਾਰ ਅਤੇ ਵੀਰਵਾਰ ਦੀ ਵਿਚਕਾਰਲੀ ਰਾਤ ਤੋਂ ਹੀ ਸੂਬੇ ਦੇ ਵੱਖ-ਵੱਖ ਹਿੱਸਿਆਂ ਵਿੱਚ ਮੀਂਹ ਅਤੇ ਬਰਫ਼ਬਾਰੀ ਦਾ ਸਿਲਸਿਲਾ ਸ਼ੁਰੂ ਹੋ ਗਿਆ। ਸੂਬੇ ਦੇ ਉਚਾਈ ਵਾਲੇ ਖੇਤਰਾਂ ਵਿਚ ਇਕ ਵਾਰ ਫਿਰ ਬਰਫ਼ਬਾਰੀ ਨੇ ਚਿੱਟੇ ਰੰਗ ਦੀ ਚਾਦਰ ਵਿਛਾ ਦਿੱਤੀ, ਜਿਸ ਕਾਰਨ ਲਗਭਗ 100 ਸੜਕਾਂ 'ਤੇ ਆਵਾਜਾਈ ਠੱਪ ਹੋ ਗਈ। ਕੁੱਲੂ, ਲਾਹੌਲ-ਸਪਿਤੀ, ਮੰਡੀ, ਸ਼ਿਮਲਾ, ਕਿੰਨੌਰ, ਕਾਂਗੜਾ ਅਤੇ ਸਿਰਮੌਰ ਦੇ ਉੱਚੇ ਇਲਾਕਿਆਂ ਵਿੱਚ ਰੁਕ-ਰੁਕ ਕੇ ਬਰਫ਼ਬਾਰੀ ਹੋ ਰਹੀ ਹੈ, ਜਦੋਂ ਕਿ ਹੇਠਲੇ ਇਲਾਕਿਆਂ ਵਿੱਚ ਮੀਂਹ ਪੈ ਰਿਹਾ ਹੈ।

ਇਹ ਵੀ ਪੜ੍ਹੋ - ਸਰਕਾਰੀ ਡਿਪੂ ਤੋਂ ਨਹੀਂ ਮਿਲੇਗਾ ਮੁਫ਼ਤ ਰਾਸ਼ਨ, ਸਰਕਾਰ ਨੇ ਕੱਟੇ 45 ਹਜ਼ਾਰ ਤੋਂ ਵੱਧ ਲੋਕਾਂ ਦੇ ਨਾਂ

ਤਾਜ਼ਾ ਬਰਫ਼ਬਾਰੀ ਕਾਰਨ ਸੀਤ ਲਹਿਰ ਦਾ ਪ੍ਰਭਾਵ ਵੀ ਵੱਧ ਗਿਆ, ਜਿਸ ਨਾਲ ਠੰਡ ਵਿਚ ਵਾਧਾ ਹੋ ਗਿਆ। ਸ਼ਿਮਲਾ ਸ਼ਹਿਰ ਵਿੱਚ ਹਲਕੀ ਬਰਫ਼ਬਾਰੀ ਦੇ ਨਾਲ-ਨਾਲ ਮੀਂਹ ਵੀ ਪੈ ਰਿਹਾ ਹੈ। ਧਰਮਸ਼ਾਲਾ ਵਿੱਚ ਵੀ ਮੀਂਹ ਪੈ ਰਿਹਾ ਹੈ ਅਤੇ ਧੌਲਾਧਰ ਪਹਾੜੀਆਂ 'ਤੇ ਤਾਜ਼ਾ ਬਰਫ਼ਬਾਰੀ ਹੋਈ ਹੈ। ਇਸ ਮੌਸਮ ਕਾਰਨ ਲੋਕ ਨਿਰਮਾਣ ਵਿਭਾਗ ਨੂੰ ਹੁਣ ਤੱਕ 18 ਕਰੋੜ ਰੁਪਏ ਤੋਂ ਵੱਧ ਦਾ ਨੁਕਸਾਨ ਹੋਇਆ ਹੈ। ਸ਼ਿਮਲਾ ਦੇ ਉੱਪਰੀ ਇਲਾਕਿਆਂ ਵਿੱਚ ਬਰਫ਼ਬਾਰੀ ਕਾਰਨ ਰੋਜ਼ਾਨਾ ਜਨਜੀਵਨ ਠੱਪ ਹੋ ਗਿਆ ਹੈ ਅਤੇ ਸੜਕਾਂ ਫਿਸਲਣ ਕਾਰਨ ਵਾਹਨਾਂ ਦੀ ਆਵਾਜਾਈ ਮੁਸ਼ਕਲ ਹੋ ਗਈ ਹੈ।

ਇਹ ਵੀ ਪੜ੍ਹੋ - ਮਾਤਾ ਵੈਸ਼ਨੋ ਦੇਵੀ ਵਿਖੇ ਹੋਈ ਭਾਰੀ ਬਰਫ਼ਬਾਰੀ, ਸਾਹਮਣੇ ਆਇਆ ਮਨਮੋਹਕ ਨਜ਼ਾਰਾ (ਵੀਡੀਓ)

ਮੌਸਮ ਵਿਗਿਆਨ ਕੇਂਦਰ ਸ਼ਿਮਲਾ ਨੇ 16 ਅਤੇ 21 ਜਨਵਰੀ ਨੂੰ ਮੱਧ ਅਤੇ ਉੱਚੇ ਪਹਾੜੀ ਖੇਤਰਾਂ ਵਿੱਚ ਹੋਰ ਮੀਂਹ ਅਤੇ ਬਰਫ਼ਬਾਰੀ ਦੀ ਭਵਿੱਖਬਾਣੀ ਕੀਤੀ ਹੈ, ਜਦੋਂ ਕਿ ਹੇਠਲੇ ਪਹਾੜੀ ਅਤੇ ਮੈਦਾਨੀ ਖੇਤਰਾਂ ਵਿੱਚ ਕੁਝ ਥਾਵਾਂ 'ਤੇ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋਣ ਦੀ ਸੰਭਾਵਨਾ ਹੈ। ਇਸ ਮੌਸਮੀ ਤਬਦੀਲੀ ਦੇ ਕਾਰਨ ਰਾਜ ਦੇ ਲੋਕਾਂ ਨੂੰ ਸੁਚੇਤ ਰਹਿਣ ਦੀ ਸਲਾਹ ਦਿੱਤੀ ਗਈ ਹੈ, ਖ਼ਾਸ ਕਰਕੇ ਬਰਫੀਲੇ ਖੇਤਰਾਂ ਵਿੱਚ।

ਇਹ ਵੀ ਪੜ੍ਹੋ - ਖੁਸ਼ਖ਼ਬਰੀ: 10 ਸਾਲ ਬਾਅਦ ਫਿਰ ਸ਼ੁਰੂ ਹੋਵੇਗਾ ਇਕ ਸਾਲ ਦਾ B.Ed ਕੋਰਸ, ਨਵੀਆਂ ਸ਼ਰਤਾਂ ਲਾਗੂ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

 


author

rajwinder kaur

Content Editor

Related News