ਬੱਦਲ ਫਟਣ ਨਾਲ ਆਇਆ ਸੈਲਾਬ; 53 ਲੋਕ ਲਾਪਤਾ, 6 ਲਾਸ਼ਾਂ ਬਰਾਮਦ

Saturday, Aug 03, 2024 - 09:57 AM (IST)

ਬੱਦਲ ਫਟਣ ਨਾਲ ਆਇਆ ਸੈਲਾਬ; 53 ਲੋਕ ਲਾਪਤਾ, 6 ਲਾਸ਼ਾਂ ਬਰਾਮਦ

ਸ਼ਿਮਲਾ- ਹਿਮਾਚਲ ਪ੍ਰਦੇਸ਼ ਦੇ ਕੁੱਲੂ, ਮੰਡੀ ਅਤੇ ਸ਼ਿਮਲਾ ਖੇਤਰਾਂ ਵਿਚ ਬੱਦਲ ਫਟਣ ਮਗਰੋਂ ਆਏ ਹੜ੍ਹ ਕਾਰਨ ਸ਼ਨੀਵਾਰ ਨੂੰ ਕੁੱਲ 53 ਲੋਕ ਲਾਪਤਾ ਹਨ ਅਤੇ ਹੁਣ ਤੱਕ 6 ਲਾਸ਼ਾਂ ਬਰਾਮਦ ਕੀਤੀਆਂ ਗਈਆਂ ਹਨ। DDMA ਦੇ ਵਿਸ਼ੇਸ਼ ਸਕੱਤਰ ਡੀ.ਸੀ. ਰਾਣਾ ਨੇ ਦੱਸਿਆ ਕਿ 60 ਤੋਂ ਵੱਧ ਘਰ ਵਹਿ ਗਏ ਹਨ ਅਤੇ ਕਈ ਪਿੰਡ ਹੜ੍ਹ ਨਾਲ ਬੁਰੀ ਤਰ੍ਹਾਂ ਪ੍ਰਭਾਵਿਤ ਹੋਏ ਹਨ। ਡੀ.ਸੀ. ਰਾਣਾ ਨੇ ਕਿਹਾ ਕਿ ਸ਼ਿਮਲਾ ਜ਼ਿਲ੍ਹੇ ਦੇ ਸਮੇਜ ਖੇਤਰ, ਰਾਮਪੁਰ ਖੇਤਰ, ਕੁੱਲੂ ਦੇ ਬਾਗੀਪੁਲ ਖੇਤਰ ਅਤੇ ਮੰਡੀ ਦੇ ਪੱਦਾਰ ਖੇਤਰ 'ਚ ਬੱਦਲ ਫਟਣ ਕਾਰਨ  ਤਬਾਹੀ ਹੋਈ ਹੈ। 53 ਲੋਕ ਲਾਪਤਾ ਹਨ ਅਤੇ 6 ਲਾਸ਼ਾਂ ਬਰਾਮਦ ਕੀਤੀਆਂ ਗਈਆਂ ਹਨ।

ਉਨ੍ਹਾਂ ਅੱਗੇ ਕਿਹਾ ਕਿ NDRF ਅਤੇ SDRF ਦੀਆਂ ਟੀਮਾਂ ਫਸੇ ਹੋਏ ਲੋਕਾਂ ਨੂੰ ਬਚਾਉਣ ਲਈ ਤਾਲਮੇਲ ਕਰ ਰਹੀਆਂ ਹਨ। ਰਾਮਪੁਰ 'ਚ ਬਹਾਲੀ ਦੇ ਕੰਮ ਚੱਲ ਰਹੇ ਹਨ ਜਿੱਥੇ ਬੱਦਲ ਫਟਣ ਅਤੇ ਉਸ ਤੋਂ ਬਾਅਦ ਆਏ ਹੜ੍ਹਾਂ ਨੇ ਰਾਮਪੁਰ ਅਤੇ ਸਮੇਜ ਖੇਤਰਾਂ ਨੂੰ ਜੋੜਨ ਵਾਲੀ ਸੜਕ ਨੂੰ ਨੁਕਸਾਨ ਪਹੁੰਚਾਇਆ। ਹਿਮਾਚਲ ਪ੍ਰਦੇਸ਼ ਸੂਬਾ ਐਮਰਜੈਂਸੀ ਆਪ੍ਰੇਸ਼ਨ ਸੈਂਟਰ ਦੀ ਇਕ ਸਥਿਤੀ ਰਿਪੋਰਟ ਦਰਸਾਉਂਦੀ ਹੈ ਕਿ ਮੰਡੀ 'ਚ ਸਭ ਤੋਂ ਵੱਧ 5 ਮੌਤਾਂ ਹੋਈਆਂ, ਇਸ ਤੋਂ ਬਾਅਦ ਕੁੱਲੂ 'ਚ ਇਕ ਮੌਤ ਹੋਈ। ਸ਼ਿਮਲਾ ਵਿਚ ਹੁਣ ਤੱਕ ਸਭ ਤੋਂ ਵੱਧ 33, ਕੁੱਲੂ ਵਿਚ 9 ਅਤੇ ਮੰਡੀ 'ਚ 6 ਲੋਕ ਲਾਪਤਾ ਹਨ। ਕੁੱਲ 55 ਲੋਕਾਂ ਨੂੰ ਰਾਹਤ ਕੈਂਪਾਂ 'ਚ ਪਹੁੰਚਾਇਆ ਗਿਆ ਹੈ ਅਤੇ 25 ਲੋਕਾਂ ਦੇ ਫਸੇ ਹੋਣ ਦੀ ਸੂਚਨਾ ਹੈ। 61 ਘਰ ਪੂਰੀ ਤਰ੍ਹਾਂ ਨੁਕਸਾਨੇ ਗਏ, 42 ਘਰ ਅੰਸ਼ਕ ਤੌਰ 'ਤੇ ਨੁਕਸਾਨੇ ਗਏ ਹਨ।

ਰਿਪੋਰਟ 'ਚ ਕਿਹਾ ਗਿਆ ਹੈ ਕਿ ਸਭ ਤੋਂ ਜ਼ਿਆਦਾ ਨੁਕਸਾਨ ਕੁੱਲੂ 'ਚ ਹੋਇਆ ਹੈ। ਇਸ ਤੋਂ ਪਹਿਲਾਂ ਉਪ ਮੁੱਖ ਮੰਤਰੀ ਮੁਕੇਸ਼ ਅਗਨੀਹੋਤਰੀ ਨੇ ਅੱਜ ਬਾਗੀ ਪੁਲ ਵਿਖੇ ਕੁਰਪਨ ਖੱਡ ਜਲ ਸਪਲਾਈ ਯੋਜਨਾ ਨੂੰ ਹੜ੍ਹ ਕਾਰਨ ਹੋਏ ਨੁਕਸਾਨ ਦਾ ਜਾਇਜ਼ਾ ਲਿਆ। ਉਨ੍ਹਾਂ ਨੇ ਖੁਲਾਸਾ ਕੀਤਾ ਕਿ 315 ਕਰੋੜ ਰੁਪਏ ਦੀ ਲਾਗਤ ਵਾਲੇ ਕੁਰਪਾਨ ਖੱਡ ਪ੍ਰਾਜੈਕਟ, ਜੋ ਕਿ ਇਸ ਸਮੇਂ ਨਿਰਮਾਣ ਅਧੀਨ ਹੈ, ਨੂੰ ਅਚਾਨਕ ਹੜ੍ਹ ਕਾਰਨ ਭਾਰੀ ਨੁਕਸਾਨ ਹੋਇਆ ਹੈ ਅਤੇ ਵਿਭਾਗ ਨੂੰ ਇਸ ਪ੍ਰਾਜੈਕਟ ਨੂੰ ਬਹਾਲ ਕਰਨ ਲਈ ਤੁਰੰਤ ਅਤੇ ਲੋੜੀਂਦੇ ਕਦਮ ਚੁੱਕਣ ਦੇ ਨਿਰਦੇਸ਼ ਦਿੱਤੇ।


author

Tanu

Content Editor

Related News