ਬੱਦਲ ਫਟਣ ਨਾਲ ਅਚਾਨਕ ਆਇਆ ਹੜ੍ਹ, ਰੁੜ੍ਹ ਗਿਆ ਪੁਲ

Tuesday, Jul 30, 2024 - 01:55 PM (IST)

ਬੱਦਲ ਫਟਣ ਨਾਲ ਅਚਾਨਕ ਆਇਆ ਹੜ੍ਹ, ਰੁੜ੍ਹ ਗਿਆ ਪੁਲ

ਸ਼ਿਮਲਾ- ਹਿਮਾਚਲ ਪ੍ਰਦੇਸ਼ ਵਿਚ ਕੁੱਲੂ ਜ਼ਿਲ੍ਹੇ ਦੇ ਤੋਸ਼ ਨਾਲਾ 'ਚ ਬੱਦਲ ਫਟਣ ਕਾਰਨ ਅਚਾਨਕ ਹੜ੍ਹ ਆ ਗਿਆ। ਹੜ੍ਹ 'ਚ ਪੈਦਲ ਪਾਰ ਕਰਨ ਵਾਲਾ ਇਕ ਪੁਲ ਅਤੇ ਤਿਨ ਅਸਥਾਈ ਛੱਤਾਂ ਰੁੜ੍ਹ ਗਈਆਂ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਕੁੱਲੂ ਦੇ ਡਿਪਟੀ ਕਮਿਸ਼ਨਰ ਤੇਰੂਲ ਐੱਸ. ਰਵੀਸ਼ ਨੇ ਦੱਸਿਆ ਕਿ ਇਹ ਘਟਨਾ ਸਵੇਰੇ ਮਣੀਕਰਨ ਦੇ ਤੋਸ਼ ਇਲਾਕੇ ਵਿਚ ਵਾਪਰੀ ਅਤੇ ਇਸ ਵਿਚ ਕਿਸੇ ਦੇ ਜਾਨੀ ਨੁਕਸਾਨ ਦੀ ਜਾਣਕਾਰੀ ਨਹੀਂ ਮਿਲੀ ਹੈ। ਉਨ੍ਹਾਂ ਨੇ ਦੱਸਿਆ ਕਿ ਸਥਿਤੀ ਦਾ ਮੁਲਾਂਕਣ ਕਰਨ ਲਈ ਇਕ ਟੀਮ ਘਟਨਾ ਵਾਲੀ ਥਾਂ 'ਤੇ ਭੇਜੀ ਗਈ ਹੈ।

ਅਧਿਕਾਰੀ ਨੇ ਦੱਸਿਆ ਕਿ ਲੋਕਾਂ ਨੂੰ ਸਾਡੀ ਅਪੀਲ ਹੈ ਕਿ ਉਹ ਨਦੀਆਂ ਅਤੇ ਨਾਲਿਆਂ ਤੋਂ ਦੂਰ ਰਹਿਣ ਅਤੇ ਨਾਲਿਆਂ ਕੋਲ ਅਸਥਾਈ ਢਾਂਚੇ ਨਾ ਬਣਾਉਣ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਮਾਨਸੂਨ ਦੌਰਾਨ ਉਸਾਰੀ ਅਧੀਨ ਗਤੀਵਿਧੀਆਂ 'ਤੇ ਰੋਕ ਹੈ ਅਤੇ ਨਿਯਮਾਂ ਦੇ ਉਲੰਘਣ ਕਰਨ ਵਾਲਿਆਂ ਖਿਲਾਫ ਸਖ਼ਤ ਕਾਰਵਾਈ ਕੀਤੀ ਜਾਵੇਗੀ। ਸਥਾਨਕ ਮੌਸਮ ਵਿਭਾਗ ਨੇ ਬੁੱਧਵਾਰ ਅਤੇ ਵੀਰਵਾਰ ਨੂੰ ਸੂਬੇ ਦੇ 7 ਜ਼ਿਲ੍ਹਿਆਂ ਵਿਚ ਤੇਜ਼ ਹਵਾਵਾਂ ਨਾਲ ਮੋਹਲੇਧਾਰ ਮੀਂਹ ਪੈਣ ਦੀ ਸੰਭਾਵਨਾ ਜਤਾਉਂਦੇ ਹੋਏ ਆਰੇਂਜ ਅਲਰਟ ਜਾਰੀ ਕੀਤਾ ਹੈ। ਮੌਸਮ ਵਿਭਾਗ ਨੇ ਦੋ ਅਤੇ ਤਿੰਨ ਅਗਸਤ ਨੂੰ ਵੀ ਵੱਖ-ਵੱਖ ਥਾਵਾਂ 'ਤੇ ਮੋਹਲੇਧਾਰ ਮੀਂਹ ਦੀ ਸੰਭਾਵਨਾ ਜਤਾਉਂਦੇ ਹੋਏ ਯੈਲੋ ਅਲਰਟ ਜਾਰੀ ਕੀਤਾ ਹੈ। ਮੌਸਮ ਵਿਭਾਗ ਨੇ ਕਿਹਾ ਕਿ ਅਗਲੇ 4 ਤੋਂ 5 ਦਿਨਾਂ ਵਿਚ ਮਾਨਸੂਨ ਦੀਆਂ ਗਤੀਵਿਧੀਆਂ ਤੇਜ਼ ਹੋਣ ਦੀ ਸੰਭਾਵਨਾ ਹੈ ਅਤੇ ਵੱਡੇ ਪੱਧਰ 'ਤੇ ਮੀਂਹ ਪਵੇਗਾ। 

ਮੌਸਮ ਵਿਭਾਗ ਨੇ ਕਿਹਾ ਕਿ ਬੁੱਧਵਾਰ ਅਤੇ ਵੀਰਵਾਰ ਨੂੰ ਊਨਾ, ਬਿਲਾਸਪੁਰ, ਹਮੀਰਪੁਰ, ਕਾਂਗੜਾ, ਮੰਡੀ, ਸ਼ਿਮਲਾ ਅਤੇ ਸਿਰਮੌਰ ਜ਼ਿਲ੍ਹਿਆਂ ਵਿਚ ਇਕ ਜਾਂ ਦੋ ਥਾਵਾਂ 'ਤੇ ਮੋਹਲੇਧਾਰ ਮੀਂਹ ਪੈਣ ਦੀ ਸੰਭਾਵਨਾ ਹੈ। ਵਿਭਾਗ ਨੇ ਕੁੱਲੂ, ਸੋਲਨ, ਸਿਰਮੌਰ ਜ਼ਿਲ੍ਹਿਆਂ ਦੇ ਸੰਵੇਦਨਸ਼ੀਲ ਖੇਤਰਾਂ ਵਿਚ ਜ਼ਮੀਨ ਖਿਸਕਣ ਅਤੇ ਅਚਾਨਕ ਹੜ੍ਹ ਦੀ ਸੰਭਾਵਨਾ ਜਤਾਈ ਹੈ ਅਤੇ ਹੇਠਲੇ ਇਲਾਕਿਆਂ ਵਿਚ ਤੇਜ਼ ਹਵਾਵਾਂ ਚੱਲਣ ਅਤੇ ਪਾਣੀ ਭਰਨ ਕਾਰਨ ਖੜ੍ਹੀਆਂ ਫ਼ਸਲਾਂ, ਕਮਜ਼ੋਰ ਬੁਨਿਆਂਦੀ ਢਾਂਚਿਆਂ ਅਤੇ ਕੱਚੇ ਮਕਾਨਾਂ ਨੂੰ ਨੁਕਸਾਨ ਪਹੁੰਚਾਉਣ ਦੀ ਚਿਤਾਵਨੀ ਵੀ ਦਿੱਤੀ ਹੈ।


author

Tanu

Content Editor

Related News