ਖੁੱਲ੍ਹ ਗਏ ਸ੍ਰੀ ਹੇਮਕੁੰਟ ਸਾਹਿਬ ਗੁਰਦੁਆਰਾ ਕੰਪਲੈਕਸ ਦੇ ਦਰਵਾਜ਼ੇ, ਭਾਰਤੀ ਫ਼ੌਜ ਤੇ ਸੇਵਾਦਾਰਾਂ ਨੇ ਕੀਤੀ ਅਰਦਾਸ

Sunday, May 03, 2026 - 12:55 PM (IST)

ਖੁੱਲ੍ਹ ਗਏ ਸ੍ਰੀ ਹੇਮਕੁੰਟ ਸਾਹਿਬ ਗੁਰਦੁਆਰਾ ਕੰਪਲੈਕਸ ਦੇ ਦਰਵਾਜ਼ੇ, ਭਾਰਤੀ ਫ਼ੌਜ ਤੇ ਸੇਵਾਦਾਰਾਂ ਨੇ ਕੀਤੀ ਅਰਦਾਸ

ਨੈਸ਼ਨਲ ਡੈਸਕ: ਸ੍ਰੀ ਹੇਮਕੁੰਟ ਸਾਹਿਬ ਵਿਖੇ ਅੱਜ ਸ਼ਰਧਾ ਅਤੇ ਉਤਸ਼ਾਹ ਦਾ ਮਾਹੌਲ ਵੇਖਣ ਨੂੰ ਮਿਲਿਆ। ਭਾਰਤੀ ਫੌਜ ਦੀ 418ਵੀਂ ਸੁਤੰਤਰ ਫੀਲਡ ਕੰਪਨੀ (9ਵੀਂ ਮਾਊਂਟੇਨ ਬ੍ਰਿਗੇਡ) ਅਤੇ ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਮੈਨੇਜਮੈਂਟ ਟਰੱਸਟ ਦੇ ਸੇਵਾਦਾਰਾਂ ਨੇ ਅੱਜ ਗੁਰਦੁਆਰਾ ਕੰਪਲੈਕਸ ਪਹੁੰਚ ਕੇ ਆਪਣੇ ਮਿਸ਼ਨ ਨੂੰ ਸਫਲਤਾਪੂਰਵਕ ਪੂਰਾ ਕਰ ਲਿਆ ਹੈ।

PunjabKesari

ਪਵਿੱਤਰ ਅਸਥਾਨ 'ਤੇ ਪਹੁੰਚਣ ਤੋਂ ਬਾਅਦ, ਟੀਮ ਨੇ ਸਭ ਤੋਂ ਪਹਿਲਾਂ ਗੁਰੂ ਸਾਹਿਬ ਦੇ ਚਰਨਾਂ ਵਿਚ ਨਤਮਸਤਕ ਹੋ ਕੇ ਅਰਦਾਸ ਕੀਤੀ, ਜਿਸ ਤੋਂ ਬਾਅਦ ਗੁਰਦੁਆਰਾ ਕੰਪਲੈਕਸ ਦੇ ਦਰਵਾਜ਼ੇ ਖੋਲ੍ਹ ਦਿੱਤੇ ਗਏ। ਇਸ ਦੇ ਨਾਲ ਹੀ ਪ੍ਰਬੰਧਕੀ ਟੀਮ ਨੂੰ ਹੁਣ ਉੱਥੇ ਹੀ ਰਹਿ ਕੇ ਸੇਵਾ ਨਿਭਾਉਣ ਦੀ ਇਜਾਜ਼ਤ ਮਿਲ ਗਈ ਹੈ, ਜਦਕਿ ਪਹਿਲਾਂ ਉਨ੍ਹਾਂ ਨੂੰ ਹਰ ਸ਼ਾਮ ਵਾਪਸ ਘੰਗਰੀਆ ਪਰਤਣਾ ਪੈਂਦਾ ਸੀ।

PunjabKesari

ਰਸਤੇ ਨੂੰ ਸੁਖਾਲਾ ਬਣਾਉਣ ਲਈ ਸੇਵਾ ਜਾਰੀ

ਹੁਣ ਇਹ ਸਾਂਝੀ ਟੀਮ ਹੇਮਕੁੰਟ ਸਾਹਿਬ ਤੋਂ ਅਟਲਕੋਟੀ ਗਲੇਸ਼ੀਅਰ ਪੁਆਇੰਟ ਤੱਕ ਦੇ ਰਸਤੇ ਨੂੰ ਚੌੜਾ ਕਰਨ ਦੀ ਸੇਵਾ ਨਿਭਾਵੇਗੀ। ਇਸ ਕਾਰਜ ਦਾ ਮੁੱਖ ਉਦੇਸ਼ ਆਉਣ ਵਾਲੇ ਸਮੇਂ ਵਿਚ ਸ਼ਰਧਾਲੂਆਂ ਦੀ ਯਾਤਰਾ ਨੂੰ ਵਧੇਰੇ ਸੁਰੱਖਿਅਤ ਅਤੇ ਸੁਖਾਲਾ ਬਣਾਉਣਾ ਹੈ। ਗੁਰਦੁਆਰਾ ਪ੍ਰਬੰਧਨ ਟਰੱਸਟ ਨੇ ਭਾਰਤੀ ਫੌਜ ਅਤੇ ਵਲੰਟੀਅਰਾਂ ਦਾ ਦਿਲੋਂ ਧੰਨਵਾਦ ਕਰਦਿਆਂ ਉਨ੍ਹਾਂ ਦੀ ਹਿੰਮਤ, ਅਨੁਸ਼ਾਸਨ ਅਤੇ ਅਣਥੱਕ ਸੇਵਾ ਭਾਵਨਾ ਦੀ ਸ਼ਲਾਘਾ ਕੀਤੀ।

PunjabKesari

23 ਮਈ ਨੂੰ ਖੁੱਲ੍ਹਣਗੇ ਕਪਾਟ

ਦੱਸ ਦਈਏ ਕਿ ਇਸ ਸਾਲ ਸ੍ਰੀ ਹੇਮਕੁੰਟ ਸਾਹਿਬ ਦੇ ਪਵਿੱਤਰ ਕਪਾਟ  23 ਮਈ ਦਿਨ ਸ਼ਨਿੱਚਰਵਾਰ ਨੂੰ ਖੋਲ੍ਹ ਦਿੱਤੇ ਜਾਣਗੇ। ਸ਼ਰਧਾਲੂਆਂ ਦਾ ਪਹਿਲਾ ਜਥਾ 20 ਮਈ  ਨੂੰ ਰਿਸ਼ੀਕੇਸ਼ ਤੋਂ ਰਵਾਨਾ ਕੀਤਾ ਜਾਣਾ ਹੈ। ਇਸ ਤੋਂ ਪਹਿਲਾਂ ਭਾਰਤੀ ਫ਼ੌਜ ਅਤੇ ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਮੈਨੇਜਮੈਂਟ ਟਰੱਸਟ ਦੇ ਸੇਵਾਦਾਰਾਂ ਵੱਲੋਂ ਕਾਫ਼ੀ ਦੇਰ ਤੋਂ ਸੰਗਤ ਦੀ ਸਹੂਲਤ ਲਈ ਯਾਤਰਾ ਮਾਰਗ ਤੋਂ ਬਰਫ਼ ਹਟਾਉਣ ਦਾ ਕੰਮ ਕੀਤਾ ਜਾ ਰਿਹਾ ਹੈ। 


author

Anmol Tagra

Content Editor

Related News