ਮੋਹਲੇਧਾਰ ਮੀਂਹ ਕਾਰਨ ਘਰ ਦੀ ਬੈਸਮੈਂਟ 'ਚ ਭਰਿਆ ਪਾਣੀ, ਤਿੰਨ ਲੋਕਾਂ ਦੀ ਡੁੱਬਣ ਨਾਲ ਹੋਈ ਮੌਤ

Thursday, Aug 01, 2024 - 03:25 PM (IST)

ਮੋਹਲੇਧਾਰ ਮੀਂਹ ਕਾਰਨ ਘਰ ਦੀ ਬੈਸਮੈਂਟ 'ਚ ਭਰਿਆ ਪਾਣੀ, ਤਿੰਨ ਲੋਕਾਂ ਦੀ ਡੁੱਬਣ ਨਾਲ ਹੋਈ ਮੌਤ

ਜੈਪੁਰ- ਰਾਜਸਥਾਨ ਦੇ ਜੈਪੁਰ ਸ਼ਹਿਰ 'ਚ ਇਕ ਘਰ ਦੇ ਬੇਸਮੈਂਟ 'ਚ ਮੀਂਹ ਦਾ ਪਾਣੀ ਭਰ ਜਾਣ ਕਾਰਨ ਡੁੱਬਣ ਨਾਲ 3 ਲੋਕਾਂ ਦੀ ਮੌਤ ਹੋ ਗਈ। ਇਕ ਪੁਲਸ ਅਧਿਕਾਰੀ ਨੇ ਦੱਸਿਆ ਕਿ ਕਈ ਘੰਟਿਆਂ ਤੱਕ ਚੱਲੇ ਬਚਾਅ ਕਾਰਜ ਤੋਂ ਬਾਅਦ ਲਾਸ਼ਾਂ ਬਰਾਮਦ ਕੀਤੀਆਂ ਗਈਆਂ। ਡਿਪਟੀ ਕਮਿਸ਼ਨਰ ਆਫ਼ ਪੁਲਸ (ਪੱਛਮੀ) ਅਮਿਤ ਕੁਮਾਰ ਨੇ ਦੱਸਿਆ ਕਿ ਵਿਸ਼ਵਕਰਮਾ ਥਾਣਾ ਖੇਤਰ 'ਚ ਇਕ ਘਰ ਦੇ ਬੇਸਮੈਂਟ 'ਚ ਪਾਣੀ ਭਰ ਜਾਣ ਕਾਰਨ ਇਕ ਵਿਅਕਤੀ, ਇਕ ਔਰਤ ਅਤੇ ਉਸ ਦੀ ਭਤੀਜੀ ਡੁੱਬ ਗਏ। ਇਕ ਹੋਰ ਪੁਲਸ ਅਧਿਕਾਰੀ ਨੇ ਦੱਸਿਆ ਕਿ ਸੜਕ 'ਤੇ ਇਕੱਠੇ ਹੋਏ ਮੀਂਹ ਦੇ ਪਾਣੀ ਦੇ ਦਬਾਅ ਕਾਰਨ ਘਰ ਦੀ ਇਕ ਕੰਧ ਡਿੱਗ ਗਈ ਅਤੇ ਪਾਣੀ ਬੇਸਮੈਂਟ 'ਚ ਦਾਖਲ ਹੋ ਗਿਆ ਅਤੇ ਤਿੰਨ ਲੋਕ ਫਸ ਗਏ।

ਪੁਲਸ ਅਧਿਕਾਰੀ ਨੇ ਦੱਸਿਆ ਕਿ ਬੇਸਮੈਂਟ 'ਚ ਪਾਣੀ ਦਾਖਲ ਹੋਣ ਤੋਂ ਬਾਅਦ ਪਰਿਵਾਰਕ ਮੈਂਬਰਾਂ ਨੇ ਉਥੋਂ ਸਮਾਨ ਕੱਢਣਾ ਸ਼ੁਰੂ ਕਰ ਦਿੱਤਾ। ਇਸ ਦੌਰਾਨ ਦੋ ਪਰਿਵਾਰਾਂ ਦੇ ਤਿੰਨ ਲੋਕ ਫਸ ਗਏ ਅਤੇ ਬੇਸਮੈਂਟ ਪੂਰੀ ਤਰ੍ਹਾਂ ਪਾਣੀ ਨਾਲ ਭਰ ਗਈ। ਅਧਿਕਾਰੀ ਨੇ ਦੱਸਿਆ ਕਿ ਸੂਚਨਾ ਮਿਲਣ ਤੋਂ ਬਾਅਦ ਬਚਾਅ ਮੁਹਿੰਮ ਸ਼ੁਰੂ ਕੀਤੀ ਗਈ ਅਤੇ ਪਾਣੀ ਕੱਢਣ ਲਈ ਪੰਪ ਲਗਾਏ ਗਏ। ਸਟੇਟ ਡਿਜ਼ਾਸਟਰ ਰਿਸਪਾਂਸ ਫੋਰਸ (SDRF) ਦੀ ਟੀਮ ਨੇ ਇਕ ਵਿਅਕਤੀ, ਇਕ ਔਰਤ ਅਤੇ ਇਕ ਨਾਬਾਲਗ ਕੁੜੀ ਦੀਆਂ ਲਾਸ਼ਾਂ ਨੂੰ ਬਾਹਰ ਕੱਢਣ ਤੋਂ ਬਾਅਦ ਆਪ੍ਰੇਸ਼ਨ ਖਤਮ ਹੋ ਗਿਆ। ਪੁਲਸ ਅਨੁਸਾਰ ਮ੍ਰਿਤਕਾਂ ਦੀ ਪਛਾਣ ਕਮਲ, ਪੂਜਾ ਅਤੇ ਪੂਰਵੀ (ਨਾਬਾਲਗ) ਵਜੋਂ ਹੋਈ ਹੈ। ਪੂਜਾ ਅਤੇ ਪੂਰਵੀ ਇਕ ਪਰਿਵਾਰ ਤੋਂ ਹਨ ਜਦਕਿ ਕਮਲ ਦੂਜੇ ਪਰਿਵਾਰ ਤੋਂ ਹਨ।

ਪੁਲਸ ਨੇ ਦੱਸਿਆ ਕਿ ਲਾਸ਼ਾਂ ਨੂੰ ਪੋਸਟਮਾਰਟਮ ਲਈ ਸਰਕਾਰੀ ਹਸਪਤਾਲ ਲਿਜਾਇਆ ਗਿਆ ਹੈ। ਪੁਲਸ ਮੁਤਾਬਕ ਬੇਸਮੈਂਟ ਵੱਲ ਜਾਣ ਵਾਲਾ ਰਸਤਾ ਤੰਗ ਅਤੇ ਡੂੰਘਾ ਸੀ। ਇਲਾਕੇ ਵਿਚ ਅਜਿਹੇ ਹੋਰ ਵੀ ਕਈ ਘਰ ਹਨ ਅਤੇ ਵਸਨੀਕਾਂ ਨੂੰ ਮੀਂਹ ਦੌਰਾਨ ਬੇਸਮੈਂਟਾਂ ਵਿਚ ਨਾ ਰਹਿਣ ਦੀ ਸਲਾਹ ਦਿੱਤੀ ਗਈ ਹੈ।


author

Tanu

Content Editor

Related News