ਕਹਿਰ ਬਣ ਵਰ੍ਹਿਆ ਮੀਂਹ! ਹੜ੍ਹ ਕਾਰਨ 8 ਲੋਕਾਂ ਦੀ ਮੌਤ

Tuesday, Aug 19, 2025 - 11:06 PM (IST)

ਕਹਿਰ ਬਣ ਵਰ੍ਹਿਆ ਮੀਂਹ! ਹੜ੍ਹ ਕਾਰਨ 8 ਲੋਕਾਂ ਦੀ ਮੌਤ

ਮੁੰਬਈ, (ਭਾਸ਼ਾ)- ਮਹਾਰਾਸ਼ਟਰ ਦੇ ਨਾਂਦੇੜ ਜ਼ਿਲੇ ਵਿਚ ਬੱਦਲ ਫਟਣ ਵਰਗੀ ਸਥਿਤੀ ਕਾਰਨ ਆਏ ਹੜ੍ਹਾਂ ’ਚ 8 ਲੋਕਾਂ ਦੀ ਮੌਤ ਹੋ ਗਈ, ਜਦੋਂ ਕਿ ਮੁੰਬਈ ਵਿਚ ਲੱਗਭਗ 300 ਮਿਲੀਮੀਟਰ ਮੀਂਹ ਦਰਜ ਕੀਤਾ ਗਿਆ। ਮੁੱਖ ਮੰਤਰੀ ਦੇਵੇਂਦਰ ਫੜਨਵੀਸ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ। ਫੜਨਵੀਸ ਨੇ ਹਫਤਾਵਾਰੀ ਕੈਬਨਿਟ ਮੀਟਿੰਗ ਤੋਂ ਬਾਅਦ ਪੱਤਰਕਾਰਾਂ ਨੂੰ ਦੱਸਿਆ ਕਿ ਸੂਬੇ ਦੇ ਵੱਖ-ਵੱਖ ਹਿੱਸਿਆਂ ਵਿਚ ਭਾਰੀ ਮੀਂਹ ਕਾਰਨ 12 ਤੋਂ 14 ਲੱਖ ਏਕੜ ਜ਼ਮੀਨ ’ਤੇ ਲੱਗੀ ਫਸਲ ਤਬਾਹ ਹੋ ਗਈ ਹੈ। ਫੜਨਵੀਸ ਨੇ ਕਿਹਾ ਕਿ ਕੁੱਲ ਮਿਲਾ ਕੇ ਸਥਿਤੀ ਕੰਟਰੋਲ ਵਿਚ ਹੈ। ਸ਼ਹਿਰ ਦੀ ਜੀਵਨ ਰੇਖਾ ਮੰਨੀਆਂ ਜਾਂਦੀਆਂ ਉਪਨਗਰੀ ਰੇਲ ਗੱਡੀਆਂ ਜਾਂ ਤਾਂ ਮੱਠੀ ਚਾਲ ਚੱਲ ਰਹੀਆਂ ਹਨ ਜਾਂ ਦੇਰੀ ਨਾਲ ਚੱਲ ਰਹੀਆਂ ਹਨ। (ਮੁੰਬਈ ਵਿਚ) ਮੀਠੀ ਨਦੀ ਖ਼ਤਰੇ ਦੇ ਨਿਸ਼ਾਨ ’ਤੇ ਪਹੁੰਚ ਗਈ ਹੈ ਅਤੇ 400 ਤੋਂ 500 ਲੋਕਾਂ ਨੂੰ ਸੁਰੱਖਿਅਤ ਥਾਵਾਂ ’ਤੇ ਪਹੁੰਚਾਉਣਾ ਪਿਆ ਹੈ। ਉਪ ਮੁੱਖ ਮੰਤਰੀ ਏਕਨਾਥ ਸ਼ਿੰਦੇ ਸਥਿਤੀ ’ਤੇ ਨਜ਼ਰ ਰੱਖ ਰਹੇ ਹਨ।

ਇਹ ਵੀ ਪੜ੍ਹੋ- 55 ਇੰਚ ਦੇ ਸਭ ਤੋਂ ਸਸਤੇ Smart TV! ਇਥੇ ਮਿਲ ਰਹੀ ਸ਼ਾਨਦਾਰ ਡੀਲ

ਸ਼ਿੰਦੇ ਲਗਾਤਾਰ ਦੂਜੇ ਹਫਤੇ ਕੈਬਨਿਟ ਮੀਟਿੰਗ ਵਿਚ ਸ਼ਾਮਲ ਨਹੀਂ ਹੋਏ। ਫੜਨਵੀਸ ਨੇ ਕਿਹਾ ਕਿ ਪ੍ਰਸ਼ਾਸਨ ਨੇ ਸਿੱਖਿਆ ਸੰਸਥਾਨਾਂ ਅਤੇ ਦਫਤਰਾਂ ਵਿਚ ਛੁੱਟੀ ਦਾ ਐਲਾਨ ਕੀਤਾ ਹੈ ਅਤੇ ਨਿੱਜੀ ਦਫਤਰਾਂ ਨੂੰ ਕਿਹਾ ਹੈ ਕਿ ਜਿਥੋਂ ਤੱਕ ਸੰਭਵ ਹੋਵੇ, ਘਰੋਂ ਕੰਮ ਕਰਨ ਦੀ ਇਜਾਜ਼ਤ ਦਿੱਤੀ ਜਾਵੇ। ਉਨ੍ਹਾਂ ਕਿਹਾ ਕਿ ਸਥਿਤੀ ਹੁਣ ਕਾਬੂ ਹੇਠ ਹੈ। ਸ਼ਾਮ ਨੂੰ ਉੱਚੀਆਂ ਲਹਿਰਾਂ ਆਉਣ ਦੀ ਸੰਭਾਵਨਾ ਹੈ ਅਤੇ ਅਸੀਂ ਸਥਿਤੀ ’ਤੇ ਨੇੜਿਓਂ ਨਜ਼ਰ ਰੱਖ ਰਹੇ ਹਾਂ।

ਮੁੱਖ ਮੰਤਰੀ ਨੇ ਕਿਹਾ ਕਿ ਡੈਮਾਂ ਤੋਂ ਪਾਣੀ ਦੇ ਪ੍ਰਬੰਧਨ ਲਈ ਗੁਆਂਢੀ ਸੂਬਿਆਂ ਨਾਲ ਤਾਲਮੇਲ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਬੇਕਾਬੂ ਕੈਚਮੈਂਟ ਖੇਤਰ ਚਿੰਤਾ ਦਾ ਵਿਸ਼ਾ ਹਨ। ਮੁੱਖ ਮੰਤਰੀ ਨੇ ਕਿਹਾ ਕਿ ਜ਼ਿਲਾ ਕੁਲੈਕਟਰ ਨੂੰ ਐੱਨ. ਡੀ. ਆਰ. ਐੱਫ. ਦੇ ਨਿਯਮਾਂ ਅਨੁਸਾਰ ਪ੍ਰਭਾਵਿਤ ਵਿਅਕਤੀਆਂ ਨੂੰ ਪਸ਼ੂਆਂ ਦੇ ਨੁਕਸਾਨ, ਘਰਾਂ ਨੂੰ ਹੋਏ ਨੁਕਸਾਨ ਅਤੇ ਜਾਨ-ਮਾਲ ਦੇ ਨੁਕਸਾਨ ਲਈ ਵਿੱਤੀ ਸਹਾਇਤਾ ਦੇਣ ਸਬੰਧੀ ਫੈਸਲੇ ਲੈਣ ਲਈ ਅਧਿਕਾਰਤ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਨੂੰ ਫਸਲਾਂ ਦੇ ਨੁਕਸਾਨ ਦਾ ਮੌਕੇ ’ਤੇ ਹੀ ਮੁਆਇਨਾ ਕਰਨ ਲਈ ਕਿਹਾ ਗਿਆ ਹੈ।

ਇਹ ਵੀ ਪੜ੍ਹੋ- ਇਸ 7 ਸੀਟਰ ਕਾਰ ਦੇ ਦੀਵਾਨੇ ਹੋਏ ਲੋਕ! ਮਹੀਨੇ 'ਚ ਹੀ ਤੋੜ'ਤਾ Innova ਤੇ Ertiga ਦਾ ਘਮੰਡ


author

Rakesh

Content Editor

Related News