ਭਾਰਤ ਸਰਕਾਰ ਵੱਲੋਂ Meta ਨੂੰ ਵੱਡਾ ਝਟਕਾ! WhatsApp ਦੇ ਇਸ ਫੀਚਰ ''ਤੇ ਲਗਾਈ ਰੋਕ

Wednesday, Jul 01, 2026 - 09:09 PM (IST)

ਭਾਰਤ ਸਰਕਾਰ ਵੱਲੋਂ Meta ਨੂੰ ਵੱਡਾ ਝਟਕਾ! WhatsApp ਦੇ ਇਸ ਫੀਚਰ ''ਤੇ ਲਗਾਈ ਰੋਕ

ਨਵੀਂ ਦਿੱਲੀ : ਭਾਰਤ ਸਰਕਾਰ ਨੇ ਵਟਸਐਪ ਦੀ ਮਾਲਕ ਕੰਪਨੀ Meta ਨੂੰ ਇੱਕ ਵੱਡਾ ਝਟਕਾ ਦਿੱਤਾ ਹੈ। ਸਰਕਾਰ ਨੇ ਵਟਸਐਪ ਵੱਲੋਂ ਲਿਆਂਦੇ ਜਾਣ ਵਾਲੇ ਨਵੇਂ 'ਯੂਜ਼ਰਨੇਮ' ਫੀਚਰ ਨੂੰ ਭਾਰਤ ਵਿਚ ਲਾਂਚ ਕਰਨ 'ਤੇ ਫਿਲਹਾਲ ਰੋਕ ਲਗਾ ਦਿੱਤੀ ਹੈ। ਸਰਕਾਰ ਨੇ ਕੰਪਨੀ ਨੂੰ ਇੱਕ ਨੋਟਿਸ ਜਾਰੀ ਕਰਦਿਆਂ ਤਿੰਨ ਦਿਨਾਂ ਦੇ ਅੰਦਰ ਇਸ ਫੀਚਰ ਦੀ ਸੁਰੱਖਿਆ ਅਤੇ ਨਿੱਜਤਾ ਸਬੰਧੀ ਪ੍ਰਭਾਵਾਂ ਬਾਰੇ ਵਿਸਤ੍ਰਿਤ ਜਵਾਬ ਮੰਗਿਆ ਹੈ।

ਕੀ ਹੈ ਨਵਾਂ ਫੀਚਰ?
ਵਟਸਐਪ ਆਪਣੇ ਪਲੇਟਫਾਰਮ 'ਤੇ ਇੱਕ ਵੱਡੀ ਤਬਦੀਲੀ ਕਰਨ ਦੀ ਤਿਆਰੀ ਵਿਚ ਸੀ, ਜਿਸ ਤਹਿਤ ਉਪਭੋਗਤਾ ਆਪਣਾ ਮੋਬਾਈਲ ਨੰਬਰ ਸਾਂਝਾ ਕੀਤੇ ਬਿਨਾਂ ਇੱਕ ਵਿਲੱਖਣ ਯੂਜ਼ਰਨੇਮ ਰਾਹੀਂ ਦੂਜਿਆਂ ਨਾਲ ਜੁੜ ਸਕਣਗੇ। ਇਹ ਫੀਚਰ ਉਪਭੋਗਤਾਵਾਂ ਦੀ ਨਿੱਜਤਾ ਨੂੰ ਵਧਾਉਣ ਅਤੇ ਨਿੱਜੀ ਜਾਣਕਾਰੀ 'ਤੇ ਬਿਹਤਰ ਕੰਟਰੋਲ ਦੇਣ ਲਈ ਤਿਆਰ ਕੀਤਾ ਗਿਆ ਹੈ। ਜਾਣਕਾਰੀ ਅਨੁਸਾਰ, ਯੂਜ਼ਰਨੇਮ 35 ਅੱਖਰਾਂ ਤੱਕ ਦਾ ਹੋ ਸਕਦਾ ਹੈ ਅਤੇ ਇਸ ਨੂੰ ਰੱਖਣਾ ਪੂਰੀ ਤਰ੍ਹਾਂ ਵਿਕਲਪਿਕ ਹੋਵੇਗਾ।

ਸਰਕਾਰ ਇਸ ਗੱਲ ਦੀ ਜਾਂਚ ਕਰ ਰਹੀ ਹੈ ਕਿ ਕੀ ਇਹ ਨਵਾਂ ਸਿਸਟਮ ਸਾਈਬਰ ਅਪਰਾਧੀਆਂ ਲਈ ਦੁਰਵਰਤੋਂ ਦਾ ਨਵਾਂ ਰਸਤਾ ਤਾਂ ਨਹੀਂ ਬਣ ਜਾਵੇਗਾ। ਅਧਿਕਾਰੀ ਇਹ ਦੇਖ ਰਹੇ ਹਨ ਕਿ ਮੋਬਾਈਲ ਨੰਬਰ ਦੀ ਅਣਹੋਂਦ ਵਿੱਚ ਫਰਜ਼ੀ ਖਾਤਿਆਂ ਦੀ ਪਛਾਣ ਕਰਨਾ ਕਿਤੇ ਹੋਰ ਮੁਸ਼ਕਲ ਤਾਂ ਨਹੀਂ ਹੋ ਜਾਵੇਗਾ। ਜਾਂਚ ਏਜੰਸੀਆਂ ਲਈ ਅਪਰਾਧੀਆਂ ਤੱਕ ਪਹੁੰਚਣ ਵਿੱਚ ਵਾਧੂ ਰੁਕਾਵਟਾਂ ਆ ਸਕਦੀਆਂ ਹਨ, ਜਿਸ ਨਾਲ ਕਾਨੂੰਨ ਲਾਗੂ ਕਰਨ ਵਾਲੀਆਂ ਸੰਸਥਾਵਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਕਿਸੇ ਵਿਅਕਤੀ ਜਾਂ ਸੰਸਥਾ ਦੇ ਨਾਮ 'ਤੇ ਫਰਜ਼ੀ ਯੂਜ਼ਰਨੇਮ ਬਣਾ ਕੇ ਲੋਕਾਂ ਨੂੰ ਗੁੰਮਰਾਹ ਕਰਨ ਤੇ ਆਨਲਾਈਨ ਧੋਖਾਧੜੀ ਦਾ ਖਤਰਾ ਹੋ ਸਕਦਾ ਹੈ।

ਇਹ ਕਦਮ ਭਾਰਤ ਵਿਚ ਵਧ ਰਹੇ ਸਾਈਬਰ ਫਰੌਡ, ਜਿਵੇਂ ਕਿ ਫੇਕ ਇਨਵੈਸਟਮੈਂਟ ਸਕੀਮਾਂ ਤੇ 'ਡਿਜੀਟਲ ਅਰੈਸਟ' ਧੋਖਾਧੜੀ ਦੇ ਮੱਦੇਨਜ਼ਰ ਚੁੱਕਿਆ ਗਿਆ ਹੈ, ਜਿਨ੍ਹਾਂ ਵਿਚ ਵਟਸਐਪ ਦੀ ਵਰਤੋਂ ਮੁੱਖ ਪਲੇਟਫਾਰਮ ਵਜੋਂ ਹੋ ਰਹੀ ਹੈ। ਸਰਕਾਰ ਨੇ ਮੇਟਾ ਤੋਂ ਸਪੱਸ਼ਟੀਕਰਨ ਮੰਗਿਆ ਹੈ ਕਿ ਉਹ ਇਸ ਫੀਚਰ ਰਾਹੀਂ ਹੋਣ ਵਾਲੀ ਦੁਰਵਰਤੋਂ ਨੂੰ ਰੋਕਣ ਲਈ ਕੀ ਸੁਰੱਖਿਆ ਉਪਾਅ ਕਰੇਗੀ ਅਤੇ ਉਪਭੋਗਤਾਵਾਂ ਦੀ ਤਸਦੀਕ ਕਿਵੇਂ ਕੀਤੀ ਜਾਵੇਗੀ।

ਮੇਟਾ ਨੇ ਅਜੇ ਤੱਕ ਇਸ ਸਰਕਾਰੀ ਨੋਟਿਸ 'ਤੇ ਕੋਈ ਜਨਤਕ ਪ੍ਰਤੀਕਿਰਿਆ ਨਹੀਂ ਦਿੱਤੀ ਹੈ। ਜਦੋਂ ਤੱਕ ਚੱਲ ਰਹੀ ਸਮੀਖਿਆ ਅਤੇ ਸਲਾਹ-ਮਸ਼ਵਰਾ ਪੂਰਾ ਨਹੀਂ ਹੁੰਦਾ, ਭਾਰਤ ਵਿੱਚ ਇਸ ਫੀਚਰ ਦੇ ਲਾਂਚ ਹੋਣ 'ਤੇ ਰੋਕ ਰਹੇਗੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e

 


author

Baljit Singh

Content Editor

Related News