ਦਿੱਲੀ ਦੇ ਸਭ ਤੋਂ ਅਮੀਰ ਉਮੀਦਵਾਰ ਹਨ ਗੌਤਮ ਗੰਭੀਰ, ਆਪ-ਕਾਂਗਰਸ ਵੀ ਪਿੱਛੇ ਨਹੀਂ

04/24/2019 1:59:00 PM

ਨਵੀਂ ਦਿੱਲੀ- ਦਿੱਲੀ ਤੋਂ ਭਾਜਪਾ ਦੀ ਟਿਕਟ ਤੇ ਲੋਕ ਸਭਾ ਚੋਣਾਂ ਲੜ ਰਹੇ ਕ੍ਰਿਕੇਟਰ ਗੌਤਮ ਗੰਭੀਰ ਸਭ ਤੋਂ ਅਮੀਰ ਉਮੀਦਵਾਰ ਹਨ, ਜਿਨ੍ਹਾਂ ਨੇ ਨਾਮਜ਼ਦਗੀ ਦੌਰਾਨ ਕੁੱਲ ਜਾਇਦਾਦ 1.37 ਅਰਬ ਰੁਪਏ ਐਲਾਨ ਕੀਤੀ ਹੈ। ਉਨ੍ਹਾਂ ਨੇ ਆਪਣੀ ਅਚੱਲ ਜਾਇਦਾਦ 21 ਕਰੋੜ ਅਤੇ ਚੱਲ ਜਾਇਦਾਦ ਦੇ ਰੂਪ 'ਚ 1 ਅਰਬ 16 ਕਰੋੜ ਰੁਪਏ ਤੋਂ ਵਧ ਦਾ ਸਹੁੰ ਪੱਤਰ ਦਿੱਤਾ ਹੈ। ਜਦੋਂ ਕਿ ਉਨ੍ਹਾਂ ਦੀ ਪਤਨੀ ਨਤਾਸ਼ਆ ਗੰਭੀਰ ਦੇ ਨਾਂ 1 ਕਰੋੜ 15 ਲੱਖ ਤੋ ਵਧ ਚੱਲ ਅਤੇ ਪਿਤਾ ਦੀਪਕ ਗੰਭੀਰ ਦੇ ਨਾਂ 7.98 ਕਰੋੜ ਰੁਪਏ ਦੀ ਜਾਇਦਾਦ ਹੈ। ਦਿੱਲੀ ਦੀਆਂ 7 ਸੀਟਾਂ 'ਤੇ ਆਪ, ਕਾਂਗਰਸ ਅਤੇ ਭਾਜਪਾ ਦੇ ਉਮੀਦਵਾਰਾਂ 'ਚੋਂ ਇਹ ਜਾਇਦਾਦ ਸਭ ਤੋਂ ਵਧ ਹੈ। ਕ੍ਰਿਕੇਟਰ ਗੌਤਮ ਗੰਭੀਰ ਪ੍ਰਾਪਰਟੀ 'ਚ ਨਿਵੇਸ਼ ਕਰਨ ਵਾਲਿਆਂ ਨਾਲ ਧੋਖਾਧੜੀ ਕਰਨ ਦੋਸ਼ੀ ਵੀ ਹਨ। ਉਨ੍ਹਾਂ ਵਿਰੁੱਧ ਸਾਕੇਤ ਕੋਰਟ 'ਚ ਇਕ ਮੁਕੱਦਮਾ ਵੀ ਚੱਲ ਰਿਹਾ ਹੈ।ਆਪ ਉਮੀਦਵਾਰ ਪੰਕਜ ਗੁਪਤਾ ਕੋਲ ਇੰਨੀ ਜਾਇਦਾਦ
ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਦੀ ਗੱਲ ਕਰੀਏ ਤਾਂ 7 'ਚੋਂ ਸਭ ਤੋਂ ਅਮੀਰ ਪੰਕਜ ਗੁਪਤਾ ਹਨ। ਪੰਕਜ ਗੁਪਤਾ ਨੇ ਚਾਂਦਨੀ ਚੌਕ ਸੀਟ ਤੋਂ ਨਾਮਜ਼ਗੀ ਦਾਖਲ ਕੀਤੀ ਹੈ। ਉਨ੍ਹਾਂ ਕੋਲ 10.45 ਕਰੋੜ ਰੁਪਏ ਦੀ ਜਾਇਦਾਦ ਹੈ, ਜਦੋਂ ਕਿ ਉਨ੍ਹਾਂ ਦੀ ਪਤਨੀ ਦੇ ਨਾਂ 9 ਕਰੋੜ 97 ਲੱਖ ਰੁਪਏ ਦੀ ਜਾਇਦਾਦ ਹੈ। ਕਾਂਗਰਸ ਉਮੀਦਵਾਰ ਮਹਾਬਲ ਵੀ ਸਭ ਤੋਂ ਅਮੀਰ
ਉੱਥੇ ਹੀ ਕਾਂਗਰਸ ਪਾਰਟੀ ਦੇ ਉਮੀਦਵਾਰਾਂ 'ਚ ਸਭ ਤੋਂ ਅਮੀਰ ਮਹਾਬਲ ਮਿਸ਼ਰਾ ਹਨ। ਪੱਛਮੀ ਦਿੱਲੀ ਸੀਟ ਤੋਂ ਕਾਂਗਰਸ ਦੇ ਉਮੀਦਵਾਰ ਮਹਾਬਲ ਮਿਸ਼ਰਾ ਨੇ ਨਾਮਜ਼ਦਗੀ ਪੱਤਰ ਨਾਲ ਦਿੱਤੇ ਜਾਇਦਾਦ ਦੇ ਵੇਰਵੇ 'ਚ 18.26 ਕਰੋੜ ਰੁਪਏ ਦੀ ਜਾਇਦਾਦ ਦਾ ਐਲਾਨ ਕੀਤਾ ਹੈ, ਜਦੋਂ ਕਿ ਉਨ੍ਹਾਂ ਦੀ ਪਤਨੀ ਦੇ ਨਾਂ 26.74 ਕਰੋੜ ਰੁਪਏ ਦੀ ਜਾਇਦਾਦ ਹੈ। ਮਹਾਬਲ ਮਿਸ਼ਰਾ ਨੇ ਕਰੀਬ 3.54 ਕਰੋੜ ਰੁਪਏ ਚੱਲ ਅਤੇ 14.72 ਕਰੋੜ ਰੁਪਏ ਬਤੌਰ ਅਚੱਲ ਜਾਇਦਾਦ ਦੇ ਰੂਪ 'ਚ ਦੱਸੇ ਹਨ। ਉਨ੍ਹਾਂ ਦੀ ਪਤਨੀ ਕੋਲ 5.74 ਕਰੋੜ ਚੱਲ ਅਤੇ 21 ਕਰੋੜ ਰੁਪਏ ਦੀ ਅਚੱਲ ਜਾਇਦਾਦ ਹੈ।ਭਾਜਪਾ ਉਮੀਦਵਾਰ ਰਮੇਸ਼ ਬਿਥੂੜੀ ਦੀ ਜਾਇਦਾਦ
ਦੱਖਣੀ ਦਿੱਲੀ ਤੋਂ ਭਾਜਪਾ ਉਮੀਦਵਾਰ ਰਮੇਸ਼ ਬਿਥੂੜੀ ਮੌਜੂਦਾ ਸਮੇਂ 'ਚ ਇਸ ਸੀਟ ਤੋਂ ਸੰਸਦ ਮੈਂਬਰ ਵੀ ਹਨ। ਸਾਲ 2014 'ਚ ਲੋਕ ਸਭਾ ਚੋਣਾਂ ਦੌਰਾਨ ਉਨ੍ਹਾਂ ਨੇ ਆਪਣੀ ਜਾਇਦਾਦ 10,67,03,204 ਰੁਪਏ ਐਲਾਨ ਕੀਤੀ ਸੀ, ਜਦੋਂ ਕਿ ਇਸ ਵਾਰ ਦੇ ਨਾਮਜ਼ਦਗੀ 'ਚ ਰਮੇਸ਼ ਬਿਥੂੜੀ ਨੇ 13.14 ਕਰੋੜ ਰੁਪਏ ਦੱਸੀ ਹੈ। ਉਨ੍ਹਾਂ ਦੀ ਜਾਇਦਾਦ 'ਚ ਕਰੀਬ ਢਾਈ ਕਰੋੜ ਦਾ ਵਾਧਾ ਦੇਖਣ ਨੂੰ ਮਿਲਿਆ ਹੈ। 2014 'ਚ ਉਨ੍ਹਾਂ 'ਤੇ 4 ਕੇਸ ਪੈਂਡਿੰਗ ਸਨ ਜਦੋਂ ਕਿ ਫਿਲਹਾਲ ਉਨ੍ਹਾਂ ਦੇ ਵਿਰੁੱਧ 2 ਮਾਮਲੇ ਕੋਰਟ 'ਚ ਵਿਚਾਰ ਅਧੀਨ ਹਨ। 2014 'ਚ ਉਨ੍ਹਾਂ ਨੇ ਆਪਣੀ ਪਤਨੀ ਅਤੇ ਬੱਚਿਆਂ ਨੂੰ ਮਿਲਾ ਕੇ ਚੱਲ ਜਾਇਦਾਦ 21,89852 ਅਤੇ ਪਤਨੀ ਦੀ ਅਚੱਲ ਜਾਇਦਾਦ 3.86 ਕਰੋੜ ਰੁਪਏ ਐਲਾਨ ਕੀਤੀ ਸੀ। 2019 'ਚ ਪਤਨੀ ਦੀ ਅਚੱਲ ਜਾਇਦਾਦ 4.57 ਕਰੋੜ ਰੁਪਏ ਹੋਈ ਹੈ, ਜਦੋਂ ਕਿ ਪਤਨ ਅਤੇ ਬੱਚਿਆਂ ਦੀ ਚੱਲ ਜਾਇਦਾਦ 'ਚ ਵਾਧੇ ਦੇ ਨਾਲ 28,74,464 ਰੁਪਏ ਹੈ। ਦਿਲਚਸਪ ਹੈ ਕਿ ਸਾਲ 2008 'ਚ ਤੁਗਲਕਾਬਾਦ ਵਿਧਾਇਕ ਸੀਟ 'ਤੇ ਜਦੋਂ ਉਨ੍ਹਾਂ ਨੇ ਚੋਣ ਲੜੀ ਤਾਂ ਉਸ ਦੌਰਾਨ ਉਨ੍ਹਾਂ ਨੇ ਆਪਣੀ ਕੁੱਲ ਜਾਇਦਾਦ ਕਰੀਬ 1 ਕਰੋੜ 42 ਲੱਖ ਰੁਪਏ ਐਲਾਨ ਕੀਤਾ ਸੀ, ਯਾਨੀ ਬੀਤੇ 9 ਸਾਲਾਂ 'ਚ ਉਨ੍ਹਾਂ ਦੀ ਜਾਇਦਾਦ 'ਚ ਕਰੀਬ 12 ਗੁਨਾ ਵਾਧਾ ਹੋਇਆ ਹੈ।

DIsha

This news is Content Editor DIsha