ਗੁਰੂਗ੍ਰਾਮ ''ਚ ਦਿਨ-ਦਿਹਾੜੇ ਹੋਈ ਗੈਂਗਵਾਰ ! ਅਸ਼ੋਕ ਰਾਠੀ ਗੈਂਗ ਦੇ ਸ਼ੂਟਰ ਦਾ ਗੋਲੀਆਂ ਮਾਰ ਕੇ ਕਤਲ
Monday, Nov 09, 2026 - 04:51 PM (IST)
ਨੈਸ਼ਨਲ ਡੈਸਕ : ਹਰਿਆਣਾ ਦੇ ਗੁਰੂਗ੍ਰਾਮ 'ਚ ਦਿੱਲੀ-ਜੈਪੁਰ ਹਾਈਵੇਅ 'ਤੇ ਦਿਨ-ਦਿਹਾੜੇ ਗੈਂਗਵਾਰ ਦੀ ਇੱਕ ਸਨਸਨੀਖੇਜ਼ ਵਾਰਦਾਤ ਸਾਹਮਣੇ ਆਈ ਹੈ। ਇੱਥੇ ਨਾਮੀ ਗੈਂਗਸਟਰ ਅਸ਼ੋਕ ਰਾਠੀ ਗੈਂਗ ਦੇ ਸਰਗਰਮ ਸ਼ੂਟਰ ਦੀਪਕ ਉਰਫ਼ ਦੀਪੂ ਨੂੰ ਅਣਪਛਾਤੇ ਹਥਿਆਰਬੰਦ ਬਦਮਾਸ਼ਾਂ ਨੇ ਓਵਰਟੇਕ ਕਰ ਕੇ ਰੋਕਿਆ ਤੇ ਅੰਧਾਧੁੰਦ ਫਾਇਰਿੰਗ ਕਰ ਕੇ ਉਸ ਦਾ ਕਤਲ ਕਰ ਦਿੱਤਾ। ਇਹ ਵਾਰਦਾਤ ਗੁਰੂਗ੍ਰਾਮ 'ਚ ਦਿੱਲੀ-ਜੈਪੁਰ ਹਾਈਵੇਅ 'ਤੇ ਸਿਧਰਾਵਲੀ ਪਿੰਡ ਦੇ ਸਾਹਮਣੇ ਵਾਪਰੀ।
ਪੁਲਸ ਅਨੁਸਾਰ ਦੀਪੂ ਆਪਣੀ ਸਵਿਫ਼ਟ ਕਾਰ ਵਿੱਚ ਸਵਾਰ ਹੋ ਕੇ ਕਿਧਰੇ ਜਾ ਰਿਹਾ ਸੀ। ਦੂਜੀ ਗੱਡੀ 'ਚ ਸਵਾਰ ਬਦਮਾਸ਼ ਉਸ ਦਾ ਪਿੱਛਾ ਕਰ ਰਹੇ ਸਨ। ਜਿਵੇਂ ਹੀ ਦੀਪੂ ਦੀ ਕਾਰ ਸਿਧਰਾਵਲੀ ਪਿੰਡ ਦੇ ਸਾਹਮਣੇ ਸਰਵਿਸ ਲੇਨ 'ਤੇ ਪਹੁੰਚੀ, ਤਾਂ ਪਿੱਛਾ ਕਰ ਰਹੇ ਬਦਮਾਸ਼ਾਂ ਨੇ ਉਸ ਦੀ ਕਾਰ ਨੂੰ ਓਵਰਟੇਕ ਕਰ ਕੇ ਰੋਕ ਲਿਆ ਅਤੇ ਗੋਲੀਆਂ ਚਲਾ ਦਿੱਤੀਆਂ।
ਮਿਲੀ ਜਾਣਕਾਰੀ ਅਨੁਸਾਰ ਬਦਮਾਸ਼ਾਂ ਨੇ ਦੀਪੂ 'ਤੇ ਲਗਭਗ 20 ਰੌਂਦ ਫਾਇਰ ਕੀਤੇ, ਜਿਨ੍ਹਾਂ ਵਿੱਚੋਂ ਲਗਭਗ 15 ਗੋਲੀਆਂ ਦੀਪੂ ਨੂੰ ਲੱਗੀਆਂ। ਦੀਪੂ ਨੇ ਸੀਟ ਬੈਲਟ ਲਗਾਈ ਹੋਈ ਸੀ, ਜਿਸ ਕਾਰਨ ਉਸ ਨੂੰ ਅਚਾਨਕ ਹੋਏ ਇਸ ਹਮਲੇ ਤੋਂ ਬਚਣ ਜਾਂ ਭੱਜਣ ਦਾ ਮੌਕਾ ਤੱਕ ਨਹੀਂ ਮਿਲਿਆ ਅਤੇ ਡ੍ਰਾਈਵਿੰਗ ਸੀਟ 'ਤੇ ਹੀ ਉਸ ਦੀ ਮੌਤ ਹੋ ਗਈ। ਪੁਲਸ ਨੂੰ ਉਸ ਦੀ ਲਾਸ਼ ਡ੍ਰਾਈਵਿੰਗ ਸੀਟ 'ਤੇ ਸੀਟ ਬੈਲਟ ਲੱਗੀ ਹਾਲਤ ਵਿੱਚ ਹੀ ਮਿਲੀ ਅਤੇ ਪੂਰੀ ਕਾਰ ਵਿੱਚ ਖ਼ੂਨ ਫੈਲਿਆ ਹੋਇਆ ਸੀ।
ਦੀਪਕ ਉਰਫ਼ ਦੀਪੂ ਗੈਂਗਸਟਰ ਅਸ਼ੋਕ ਰਾਠੀ ਦਾ ਮੁੱਖ ਸ਼ੂਟਰ ਦੱਸਿਆ ਜਾ ਰਿਹਾ ਹੈ ਅਤੇ ਉਸ ਦਾ ਨਾਂ ਅਸ਼ੋਕ ਰਾਠੀ ਦੀ ਪਤਨੀ ਸੁਸ਼ਮਾ ਦੇ ਕਤਲ ਕੇਸ ਵਿੱਚ ਵੀ ਆਇਆ ਸੀ। ਘਟਨਾ ਦੀ ਸੂਚਨਾ ਮਿਲਦਿਆਂ ਹੀ ਗੁਰੂਗ੍ਰਾਮ ਪੁਲਸ ਨੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਮਾਮਲੇ ਦੀ ਛਾਨਬੀਣ ਸ਼ੁਰੂ ਕਰ ਦਿੱਤੀ ਹੈ। ਪੁਲਸ ਵੱਲੋਂ ਪੁਰਾਣੀ ਰੰਜਿਸ਼ ਅਤੇ ਗੈਂਗਵਾਰ ਸਮੇਤ ਸਾਰੇ ਸੰਭਾਵੀ ਪਹਿਲੂਆਂ ਤੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਹਮਲਾਵਰਾਂ ਦੀ ਪਛਾਣ ਲਈ ਹਾਈਵੇਅ 'ਤੇ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਮੌਕੇ 'ਤੇ ਮੌਜੂਦ ਲੋਕਾਂ ਤੋਂ ਵੀ ਪੁੱਛਗਿੱਛ ਕੀਤੀ ਜਾ ਰਹੀ ਹੈ।
