ਮਹਾਰਾਸ਼ਟਰ ਦੇ ਨਵੇਂ ਮੁੱਖ ਮੰਤਰੀ ਦਾ ਰਸਮੀ ਐਲਾਨ ਅੱਜ! ਨਾਂ ਤੈਅ, ਸਿਖਰਲੀ ਲੀਡਰਸ਼ਿਪ ਤੋਂ ਮਨਜ਼ੂਰੀ ਦੀ ਉਡੀਕ
Monday, Dec 02, 2024 - 12:33 AM (IST)
ਮੁੰਬਈ, (ਭਾਸ਼ਾ)- ਮਹਾਰਾਸ਼ਟਰ ਦੇ ਨਵੇਂ ਮੁੱਖ ਮੰਤਰੀ ਦੇ ਨਾਂ ਨੂੰ ਲੈ ਕੇ ਪਿਛਲੇ ਕਈ ਦਿਨਾਂ ਤੋਂ ਚੱਲ ਰਹੀ ਚਰਚਾ ਸੋਮਵਾਰ ਖਤਮ ਹੋ ਸਕਦੀ ਹੈ । ਉਮੀਦ ਕੀਤੀ ਜਾ ਰਹੀ ਹੈ ਕਿ ਗੱਠਜੋੜ ਵਿਚ ਸਹਿਮਤੀ ਬਣਨ ਤੋਂ ਬਾਅਦ ਮੁੱਖ ਮੰਤਰੀ ਦੇ ਨਾਂ ਦਾ ਰਸਮੀ ਐਲਾਨ ਕੀਤਾ ਜਾ ਸਕਦਾ ਹੈ।
ਭਾਜਪਾ ਨੇਤਾ ਰਾਓ ਸਾਹਿਬ ਦਾਨਵੇ ਨੇ ਐਤਵਾਰ ਕਿਹਾ ਕਿ ਨਵੇਂ ਮੁੱਖ ਮੰਤਰੀ ਦੇ ਨਾਂ ਨੂੰ ਅੰਤਿਮ ਰੂਪ ਦਿੱਤਾ ਜਾ ਚੁਕਾ ਹੈ। ਪਾਰਟੀ ਦੀ ਸੀਨੀਅਰ ਲੀਡਰਸ਼ਿਪ ਵੱਲੋਂ ਪੁਸ਼ਟੀ ਦੀ ਉਡੀਕ ਕੀਤੀ ਜਾ ਰਹੀ ਹੈ।
ਸਾਬਕਾ ਕੇਂਦਰੀ ਮੰਤਰੀ ਦਾਨਵੇ ਨੇ ਕਿਸੇ ਦਾ ਨਾਂ ਲਏ ਬਿਨਾਂ ਕਿਹਾ ਕਿ ਮਹਾਰਾਸ਼ਟਰ ਦੇ ਲੋਕ ਜਾਣਦੇ ਹਨ ਕਿ ਅਗਲਾ ਮੁੱਖ ਮੰਤਰੀ ਕੌਣ ਹੋਵੇਗਾ। ਸੂਤਰਾਂ ਮੁਤਾਬਕ ਦੇਵੇਂਦਰ ਫੜਨਵੀਸ ਦਾ ਨਾਂ ਸਭ ਤੋਂ ਅੱਗੇ ਹੈ।
ਦਾਨਵੇ ਨੇ ਇਕ ਚੈਨਲ ਨਾਲ ਇੰਟਰਵਿਊ ਦੌਰਾਨ ਕਿਹਾ ਕਿ ਅਸੀਂ ਉਡੀਕ ਕਰ ਰਹੇ ਹਾਂ ਕਿ ਸਾਡੀ ਪਾਰਟੀ ਦੇ ਸੀਨੀਅਰ ਆਗੂ ਉਸ ਨਾਂ ਦੀ ਪੁਸ਼ਟੀ ਕਰਨ ਜੋ ਮੁੱਖ ਮੰਤਰੀ ਹੋਵੇਗਾ। ਅਸੀਂ ਨਾਂ ’ਤੇ ਅਧਿਕਾਰਤ ਮੋਹਰ ਭਾਵ ਪ੍ਰਵਾਨਗੀ ਦੀ ਉਡੀਕ ਕਰ ਰਹੇ ਹਾਂ।
ਇਸ ਦੌਰਾਨ ਕਾਰਜਕਾਰੀ ਮੁੱਖ ਮੰਤਰੀ ਏਕਨਾਥ ਸ਼ਿੰਦੇ ਨੇ ਕਿਹਾ ਹੈ ਕਿ ਸੂਬੇ ਦੇ ਨਵੇਂ ਮੁੱਖ ਮੰਤਰੀ ਬਾਰੇ ਫੈਸਲਾ ਭਾਜਪਾ ਹੀ ਕਰੇਗੀ। ਮੈਂ ਉਸ ਦੀ ਪੂਰੀ ਹਮਾਇਤ ਕਰਾਂਗਾ। ਸਰਕਾਰ ਦੇ ਗਠਨ ਨੂੰ ਲੈ ਕੇ ‘ਮਹਾਯੁਤੀ’ ਦੇ ਸਹਿਯੋਗੀਆਂ ਵਿਚ ਕੋਈ ਮਤਭੇਦ ਨਹੀਂ ਹਨ।
ਉਪ ਮੁੱਖ ਮੰਤਰੀ ਦਾ ਅਹੁਦਾ ਆਪਣੇ ਪੁੱਤਰ ਸ਼੍ਰੀਕਾਂਤ ਸ਼ਿੰਦੇ ਨੂੰ ਅਤੇ ਗ੍ਰਹਿ ਵਿਭਾਗ ਸ਼ਿਵ ਸੈਨਾ ਨੂੰ ਦੇਣ ਦੀਆਂ ਅਟਕਲਾਂ ’ਤੇ ਏਕਨਾਥ ਸ਼ਿੰਦੇ ਨੇ ਕਿਹਾ ਕਿ ਮਹਾਯੁਤੀ ਦੀਆਂ ਤਿੰਨ ਸਹਿਯੋਗੀ ਪਾਰਟੀਆਂ ਸ਼ਿਵ ਸੈਨਾ, ਭਾਜਪਾ ਅਤੇ ਐੱਨ. ਸੀ. ਪੀ. ਇਸ ’ਤੇ ਸਹਿਮਤੀ ਨਾਲ ਫੈਸਲਾ ਲੈਣਗੀਆਂ |
ਸ਼ਿੰਦੇ ਸ਼ੁੱਕਰਵਾਰ ਸਤਾਰਾ ਜ਼ਿਲੇ ’ਚ ਆਪਣੇ ਜੱਦੀ ਪਿੰਡ ਗਏ ਸਨ। ਉਨ੍ਹਾਂ ਨੂੰ ਪਿੰਡ ’ਚ ਤੇਜ਼ ਬੁਖਾਰ ਹੋ ਗਿਆ ਸੀ।
ਮੁੰਬਈ ਰਵਾਨਾ ਹੋਣ ਤੋਂ ਪਹਿਲਾਂ ਐਤਵਾਰ ਆਪਣੇ ਪਿੰਡ ’ਚ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਸ਼ਿੰਦੇ ਨੇ ਕਿਹਾ ਕਿ ਮੈਂ ਪਹਿਲਾਂ ਹੀ ਕਹਿ ਚੁੱਕਾ ਹਾਂ ਕਿ ਭਾਜਪਾ ਲੀਡਰਸ਼ਿਪ ਵੱਲੋਂ ਮੁੱਖ ਮੰਤਰੀ ਦੇ ਅਹੁਦੇ ਬਾਰੇ ਜੋ ਫੈਸਲਾ ਲਿਆ ਜਾਵੇਗਾ, ਉਹ ਮੈਨੂੰ ਤੇ ਸ਼ਿਵ ਸੈਨਾ ਨੂੰ ਮਨਜ਼ੂਰ ਹੋਵੇਗਾ ।
ਸ਼ਿੰਦੇ ਨੇ ਦੁਹਰਾਇਆ ਕਿ ‘ਮਹਾਯੁਤੀ’ ਸਹਿਯੋਗੀਆਂ ਵਿਚਾਲੇ ਕੋਈ ਮਤਭੇਦ ਨਹੀਂ ਹਨ। ਭਾਜਪਾ ਨੇ ਅਜੇ ਤੱਕ ਆਪਣੇ ਵਿਧਾਇਕ ਦਲ ਦੇ ਨੇਤਾ ਦਾ ਐਲਾਨ ਨਹੀਂ ਕੀਤਾ ਹੈ। ਅਸੀਂ ਲੋਕਾਂ ਦੀਆਂ ਆਸਾਂ ਪੂਰੀਆਂ ਕਰਾਂਗੇ। ਸਾਡੇ ’ਚ ਕੋਈ ਮੱਤਭੇਦ ਨਹੀਂ ਹਨ। ਮੇਰੇ ਸਟੈਂਡ ਨੂੰ ਦੁਹਰਾਉਣ ਦੀ ਲੋੜ ਨਹੀਂ ਹੈ।