ਦਾਦੀ-ਨਾਨੀ ਦੇ ਨੁਸਖ਼ਿਆਂ ਨੂੰ ਗਲੋਬਲ ਪਛਾਣ ਦਿਵਾਉਣ ਦੀ ਲੋੜ: ਹਰਸਿਮਰਤ

Wednesday, Sep 09, 2020 - 12:57 PM (IST)

ਦਾਦੀ-ਨਾਨੀ ਦੇ ਨੁਸਖ਼ਿਆਂ ਨੂੰ ਗਲੋਬਲ ਪਛਾਣ ਦਿਵਾਉਣ ਦੀ ਲੋੜ: ਹਰਸਿਮਰਤ

ਨਵੀਂ ਦਿੱਲੀ— ਫੂਡ ਪ੍ਰੋਸੈਸਿੰਗ ਉਦਯੋਗ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਅੱਜ ਕਿਹਾ ਕਿ ਦੇਸ਼ ਦੇ ਔਸ਼ਧੀ ਉਤਪਾਦਾਂ ਅਤੇ ਦਾਦੀ-ਨਾਨੀ ਦੇ ਘਰੇਲੂ ਨੁਸਖ਼ਿਆਂ ਨੂੰ ਗਲੋਬਲ ਪੱਧਰ 'ਤੇ ਪਛਾਣ ਦਿਵਾਉਣ ਦੀ ਲੋੜ ਹੈ। ਮੰਤਰਾਲਾ ਦੇ ਸਹਿਯੋਗ ਨਾਲ ਲਾਏ ਗਏ ਪਹਿਲੇ ਜੈਵਿਕ ਉਤਪਾਦ ਪਲਾਟ ਦਾ ਵੀਡੀਓ ਕਾਨਫਰੈਂਸਿੰਗ ਜ਼ਰੀਏ ਉਦਘਾਟਨ ਕਰਨ ਮਗਰੋਂ ਹਰਸਿਮਰਤ ਨੇ ਇਹ ਗੱਲ ਆਖੀ। ਆਰਗੈਨਿਕ ਇੰਡੀਆ ਪ੍ਰਾਈਵੇਟ ਲਿਮਟਿਡ ਦੀ ਟੀ-ਬੈਗ ਬਣਾਉਣ ਵਾਲੀ ਇਹ ਇਕਾਈ ਉੱਤਰ ਪ੍ਰਦੇਸ਼ ਦੇ ਬਾਰਾਬੰਕੀ ਵਿਚ ਲਾਈ ਗਈ ਹੈ।

 

ਕੇਂਦਰੀ ਮੰਤਰੀ ਹਰਸਿਮਰਤ ਬਾਦਲ ਨੇ ਕਿਹਾ ਕਿ ਇਹ ਇਕਾਈ 'ਬਰਾਂਡ ਇੰਡੀਆ' ਨੂੰ ਗਲੋਬਲ ਪੱਧਰ 'ਤੇ ਸਥਾਪਤ ਕਰਨ ਵਿਚ ਮਦਦਗਾਰ ਹੋਵੇਗੀ। ਕੋਵਿਡ-19 ਮਹਾਮਾਰੀ ਨੇ ਕੁਦਰਤ ਵੱਲ ਵਾਪਸ ਮੁੜਨ ਦੀ ਲੋੜ ਨੂੰ ਇਕ ਵਾਰ ਫਿਰ ਤੋਂ ਰੇਖਾਂਕਿਤ ਕੀਤਾ ਹੈ। ਭਾਰਤੀ ਦਵਾਈਆਂ ਅਤੇ ਖੂਸ਼ਬੂਦਾਰ ਉਤਪਾਦ ਦੇਸ਼ ਦੀ ਤਾਕਤ ਹਨ। ਹਜ਼ਾਰਾਂ ਸਾਲਾਂ ਤੋਂ ਸਾਡੇ ਘਰਾਂ 'ਚ ਦਾਦੀ-ਨਾਨੀ ਦੇ ਨੁਸਖ਼ਿਆਂ ਨਾਲ ਬੀਮਾਰੀਆਂ ਦਾ ਇਲਾਜ ਕੀਤਾ ਜਾਂਦਾ ਰਿਹਾ ਹੈ। ਇਨ੍ਹਾਂ ਨੂੰ ਮੁੜ ਗਲੋਬਲ ਬਣਾਉਣ ਦੀ ਲੋੜ ਹੈ। ਉਨ੍ਹਾਂ ਨੇ ਕਿਹਾ ਕਿ ਰਸਾਇਣਾਂ ਅਤੇ ਕੀਟਨਾਸ਼ਕਾਂ ਦਾ ਇਸਤੇਮਾਲ ਜ਼ਿਆਦਾ ਬੀਮਾਰੀਆਂ ਦੀ ਜੜ੍ਹ ਹੈ। ਜੈਵਿਕ ਉਤਪਾਦਾਂ ਨੂੰ ਅਪਣਾਉਣ ਨਾਲ ਇਸ ਦਾ ਹੱਲ ਹੋ ਸਕਦਾ ਹੈ।

ਆਰਗੈਨਿਕ ਇੰਡੀਆ ਦੀ 4 ਕਰੋੜ ਏਕੜ ਖੇਤਰਫਲ 'ਚ ਫੈਲੀ ਇਸ ਇਕਾਈ ਦੀ ਸਮਰੱਥਾ ਰੋਜ਼ਾਨਾ 20 ਲੱਖ ਟੀਜ-ਬੈਗ ਬਣਾਉਣ ਦੀ ਹੈ। ਪ੍ਰਾਜੈਕਟ ਦੀ ਕੁੱਲ ਲਾਗਤ 55.13 ਕਰੋੜ ਰੁਪਏ ਹੈ, ਜਿਸ 'ਚ 4.8 ਕਰੋੜ ਰੁਪਏ ਦੀ ਮਦਦ ਫੂਡ ਪ੍ਰੋਸੈਸਿੰਗ ਉਦਯੋਗ ਮੰਤਰਾਲਾ ਵਲੋਂ ਪ੍ਰਧਾਨ ਮੰਤਰੀ ਕਿਸਾਨ ਸੰਪਦਾ ਯੋਜਨਾ ਤਹਿਤ ਦਿੱਤੀ ਗਈ ਹੈ। ਇਸ ਪ੍ਰਾਜੈਕਟ ਨਾਲ ਆਲੇ-ਦੁਆਲੇ ਦੇ ਖੇਤਰ ਵਿਚ ਲੋਕਾਂ ਨੂੰ ਰੋਜ਼ਗਾਰ ਮਿਲੇਗਾ ਅਤੇ ਇਹ ਖੇਤਰ ਦੇ ਵਿਕਾਸ ਵਿਚ ਮਦਦ ਹੋਵੇਗੀ। ਨਾਲ ਹੀ ਦੇਸ਼ ਭਰ ਤੋਂ 2,000 ਤੋਂ ਵਧੇਰੇ ਕਿਸਾਨ ਇਸ ਨਾਲ ਜੁੜੇ ਹਨ। ਇੱਥੇ ਬਣਨ ਵਾਲੀ ਟੀ-ਬੈਗ ਦਾ ਅਮਰੀਕਾ, ਆਸਟਰੇਲੀਆ, ਨਿਊਜ਼ੀਲੈਂਡ, ਬ੍ਰਿਟੇਨ, ਦੁਬਈ ਅਤੇ ਚੈਕ ਗਣਰਾਜ ਸਮੇਤ 30 ਤੋਂ ਵਧੇਰੇ ਦੇਸ਼ਾਂ ਨੂੰ ਨਿਰਯਾਤ ਕੀਤਾ ਜਾਵੇਗਾ।


author

Tanu

Content Editor

Related News