ਮੱਧ ਪ੍ਰਦੇਸ਼ ''ਚ ਬਿਜਲੀ ਡਿੱਗਣ ਨਾਲ 4 ਔਰਤਾਂ ਸਮੇਤ 5 ਲੋਕਾਂ ਦੀ ਮੌਤ
Monday, Jun 26, 2017 - 05:05 PM (IST)
ਭੋਪਾਲ— ਮੱਧ ਪ੍ਰਦੇਸ਼ ਦੇ ਛਿੰਦਵਾੜਾ ਅਤੇ ਮੰਦਸੌਰ ਜ਼ਿਲਿਆਂ 'ਚ ਪਿਛਲੇ 24 ਘੰਟਿਆਂ ਦੌਰਾਨ ਅਸਮਾਨੀ ਬਿਜਲੀ ਡਿੱਗਣ ਨਾਲ 4 ਔਰਤਾਂ ਸਮੇਤ 5 ਲੋਕਾਂ ਦੀ ਮੌਤ ਹੋ ਗਈ ਅਤੇ 2 ਹੋਰ ਝੁਲਸ ਗਏ। ਪ੍ਰਦੇਸ਼ ਦੇ ਕੁਝ ਹਿੱਸਿਆਂ 'ਚ ਮਾਨਸੂਨ ਸਰਗਰਮ ਹੈ ਅਤੇ ਜਲਦ ਹੀ ਇਸ ਦੇ ਹੋਰ ਹਿੱਸਿਆਂ 'ਚ ਵਧਣ ਦੀ ਸੰਭਾਵਨਾ ਹੈ। ਪੁਲਸ ਤੋਂ ਮਿਲੀ ਜਾਣਕਾਰੀ ਅਨੁਸਾਰ ਅਸਮਾਨੀ ਬਿਜਲੀ ਦੀ ਲਪੇਟ 'ਚ ਆਉਣ ਨਾਲ ਤਿੰਨ ਔਰਤਾਂ ਸਮੇਤ 4 ਲੋਕਾਂ ਦੀ ਮੌਤ ਛਿੰਦਵਾੜਾ ਜ਼ਿਲੇ 'ਚ ਹੋਈ, ਜਦੋਂ ਕਿ ਇਕ ਔਰਤ ਦੀ ਮੌਤ ਮੰਦਸੌਰ 'ਚ ਹੋਈ। ਛਿੰਦਵਾੜਾ ਜ਼ਿਲੇ ਦੇ ਉਮਰੀਖੁਰਦ ਪਿੰਡ 'ਚ ਐਤਵਾਰ ਨੂੰ ਅਸਮਾਨੀ ਬਿਜਲੀ ਡਿੱਗਣ ਨਾਲ ਤਿੰਨ ਔਰਤਾਂ ਦਰੋਪਦੀ ਬੋਬੜੇ (55), ਰਜਨੀ ਬੋਬੜੇ (35) ਅਤੇ ਸ਼ਾਂਤੀ ਪਰਾਡਕਰ (45) ਦੀ ਮੌਤ ਹੋ ਗਈ ਅਤੇ ਦੇਵਨਾਥ ਅਤੇ ਮੰਕੂ ਝੁਲਸ ਗਏ। ਉਨ੍ਹਾਂ ਨੇ ਦੱਸਿਆ ਕਿ ਹਾਦਸੇ ਦੇ ਸਮੇਂ ਇਹ ਸਾਰੇ ਲੋਕ ਪਾਂਢੁਰਣਾ ਤਹਿਸੀਲ ਅਧੀਨ ਉਮਰੀਖੁਰਦ ਪਿੰਡ ਦੇ ਇਕ ਖੇਤ 'ਚ ਕੰਮ ਕਰ ਰਹੇ ਸਨ। ਪੁਲਸ ਨੇ ਦੱਸਿਆ ਕਿ ਦੋਹਾਂ ਜ਼ਖਮੀਆਂ ਨੂੰ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ।
ਇਸ ਤਰ੍ਹਾਂ ਦੀ ਇਕ ਹੋਰ ਘਟਨਾ 'ਚ ਛਿੰਦਵਾੜਾ ਜ਼ਿਲੇ ਦੇ ਅਮਰਵਾੜਾ ਤਹਿਸੀਲ ਅਧੀਨ ਜਾਂਭੀ ਪਿੰਡ 'ਚ ਸੁਰੇਖਾ (22) ਦੀ ਐਤਵਾਰ ਦੀ ਸ਼ਾਮ ਬਿਜਲੀ ਡਿੱਗਣ ਨਾਲ ਜਾਨ ਚੱਲੀ ਗਈ। ਘਟਨਾ ਦੇ ਸਮੇਂ ਉਹ ਖੇਤ 'ਚ ਕੰਮ ਕਰ ਰਹੀ ਸੀ। ਮੰਦਸੌਰ ਜ਼ਿਲੇ ਦੇ ਦਲੌਦਾ ਪੁਲਸ ਚੌਕੀ ਦੇ ਉੱਪ ਨਿਰੀਖਕ ਗੌਰਵ ਲਾਡ ਨੇ ਦੱਸਿਆ ਕਿ ਐਤਵਾਰ ਨੂੰ ਰਿਛਾਲਾਲ ਮੁਹਾ 'ਚ ਫੂਲਚੰਦ ਪਾਟੀਦਾਰ (60) ਦੀ ਖੇਤ 'ਚ ਬੁਆਈ ਦਾ ਕੰਮ ਕਰਦੇ ਸਮੇਂ ਅਸਮਾਨੀ ਬਿਜਲੀ ਦੀ ਲਪੇਟ 'ਚ ਆਉਣ ਨਾਲ ਮੌਤ ਹੋ ਗਈ। ਇਸ ਦੌਰਾਨ ਮੌਸਮ ਵਿਭਾਗ ਕੇਂਦਰ ਭੋਪਾਲ ਦੇ ਨਿਰਦੇਸ਼ਕ ਡਾ. ਅਨੁਪਮ ਕਾਸ਼ਯਪ ਨੇ ਦੱਸਿਆ ਕਿ ਮਾਨਸੂਨ ਜਲਦ ਹੀ ਭੋਪਾਲ, ਇੰਦੌਰ ਅਤੇ ਜਬਲਪੁਰ ਸਮੇਤ ਮੱਧ ਅਤੇ ਦੱਖਣੀ ਪੂਰਬੀ ਮੱਧ ਪ੍ਰਦੇਸ਼ 'ਚ ਆਉਣ ਦੀ ਸੰਭਾਵਨਾ ਹੈ। ਉਨ੍ਹਾਂ ਨੇ ਕਿਹਾ ਕਿ ਮਾਨਸੂਨ ਇਸ ਸਮੇਂ ਮੰਡਲਾ ਅਤੇ ਬਾਲਾਘਾਟ ਸਮੇਤ ਮੱਧ ਪ੍ਰਦੇਸ਼ ਦੇ ਕੁਝ ਹਿੱਸਿਆਂ 'ਚ ਸਰਗਰਮ ਹੈ।