ਵਿੱਤ ਮੰਤਰਾਲੇ ਨੇ ਮੀਡੀਆ 'ਤੇ ਫਿਰ ਲਗਾਈ ਪਾਬੰਦੀ, ਸਿਰਫ ਈ-ਮੇਲ ਜ਼ਰੀਏ ਪੁੱਛੇ ਜਾ ਸਕਣਗੇ ਸਵਾਲ

08/03/2019 12:10:57 PM

ਨਵੀਂ ਦਿੱਲੀ — ਵਿੱਤ ਮੰਤਰਾਲੇ 'ਚ ਪੱਤਰਕਾਰਾਂ ਦੇ ਦਾਖਿਲੇ 'ਤੇ ਪਾਬੰਦੀ ਲੱਗਣ ਦੇ ਬਾਅਦ ਹੁਣ ਇਕ ਹੋਰ ਨਿਯਮ ਲਾਗੂ ਹੋ ਗਿਆ ਹੈ। ਹੁਣ ਮੰਤਰਾਲੇ ਵਿਚ ਹੋਣ ਵਾਲੀ ਪ੍ਰੈੱਸ ਕਾਨਫਰੈਂਸ 'ਚ ਪੱਤਰਕਾਰਾਂ ਦੇ ਸਵਾਲਾਂ 'ਤੇ ਵੀ ਪਾਬੰਦੀ ਲਗਾ ਦਿੱਤੀ ਹੈ। ਹੁਣ ਵਿਭਾਗ ਵਲੋਂ ਪੱਤਰਕਾਰਾਂ ਲਈ ਨਵਾਂ ਨਿਯਮ ਜਾਰੀ ਕੀਤਾ ਗਿਆ ਹੈ। ਇਸ ਨਿਯਮ ਮੁਤਾਬਕ ਹੁਣ ਮੰਤਰਾਲੇ ਵਿਚ ਹੋਣ ਵਾਲੀ ਪ੍ਰੈੱਸ ਕਾਨਫਰੈਂਸ 'ਚ ਪੱਤਰਕਾਰ ਅਧਿਕਾਰੀਆਂ ਕੋਲੋਂ ਸਵਾਲ ਨਹੀਂ ਪੁੱਛ ਸਕਣਗੇ। ਹੁਣ ਉਨ੍ਹਾਂ ਨੂੰ ਆਪਣੇ ਸਵਾਲ ਪੁੱਛਣ ਲਈ ਈ-ਮੇਲ ਕਰਨਾ ਹੋਵੇਗਾ। ਸੀਨੀਅਰ ਅਧਿਕਾਰੀਆਂ ਨੇ ਸ਼ੁੱਕਰਵਾਰ ਨੂੰ ਪੱਤਰਕਾਰਾਂ ਨੂੰ ਸੱਦਾ ਦੇ ਕੇ ਇਸ ਦੀ ਜਾਣਕਾਰੀ ਦਿੱਤੀ। 

ਖਬਰਾਂ ਅਨੁਸਾਰ ਮੰਤਰਾਲੇ ਦੇ ਤਿੰਨ ਸੀਨੀਅਰ ਅਧਿਕਾਰੀਆਂ ਅਤੇ ਮੁੱਖ ਆਰਥਿਕ ਸਲਾਹਕਾਰ ਨੇ ਮੀਡੀਆ ਨਾਲ ਗੱਲਬਾਤ ਜ਼ਰੀਏ ਦੱਸਿਆ ਕਿ ਮੰਤਰਾਲਾ ਵਿੱਤ ਮੰਤਰਾਲੇ ਨਾਲ ਸਬੰਧਿਤ ਵੱਖ-ਵੱਖ ਮੁੱਦਿਆਂ 'ਤੇ ਹਰ ਵੀਰਵਾਰ ਨੂੰ ਪ੍ਰੈੱਸ ਕਾਨਫਰੈਂਸ ਕਰੇਗਾ ਪਰ ਇਸ ਦੌਰਾਨ ਅਧਿਕਾਰੀ ਬਿਆਨ ਨੂੰ ਪੜ੍ਹਣਗੇ ਅਤੇ ਕਿਸੇ ਦੇ ਵੀ ਸਵਾਲ ਦਾ ਜਵਾਬ ਨਹੀਂ ਦੇਣਗੇ। ਜੇਕਰ ਪੱਤਰਕਾਰ ਕੋਈ ਸਵਾਲ ਪੁੱਛਣਾ ਵੀ ਚਾਹੁੰਦੇ ਹਨ ਤਾਂ ਉਨ੍ਹਾਂ ਨੂੰ ਈ-ਮੇਲ ਕਰਨਾ ਹੋਵੇਗਾ।

ਅਧਿਕਾਰੀਆਂ ਨੇ ਪੱਤਰਕਾਰਾਂ ਨੂੰ ਕਿਹਾ ਕਿ ਅਧਿਕਾਰੀ ਪ੍ਰਸ਼ਨ ਪੁੱਛਣ 'ਤੇ ਵਿਚਾਰ ਕਰ ਸਕਦੇ ਹਨ। ਇਸ ਦੌਰਾਨ ਪੈੱ੍ਰਸ ਕਾਨਫਰੈਂਸ ਕਿਵੇਂ ਅੱਗੇ ਵਧਦੀ ਹੈ ਉਸਦੇ ਅਧਾਰ 'ਤੇ ਹੀ ਟੀਵੀ ਕੈਮਰਿਆਂ ਨੂੰ ਆਗਿਆ ਦਿੱਤੀ ਜਾ ਸਕਦੀ ਹੈ। ਹਾਲਾਂਕਿ ਇਸ ਦੌਰਾਨ ਵੀ ਪੱਤਰਕਾਰਾਂ ਨੂੰ ਸਵਾਲਾਂ ਦੇ ਜਵਾਬ ਲੈਣ 'ਚ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। 
ਦਰਅਸਲ ਇਸ ਚਰਚਾ ਦੇ ਬਾਅਦ ਮੁੱਖ ਆਰਥਿਕ ਸਲਾਹਕਾਰ ਫੋਨ ਕਰਨ ਲਈ ਕਮਰੇ ਤੋਂ ਬਾਹਰ ਚਲੇ ਗਏ ਜਦੋਂਕਿ ਅਧਿਕਾਰੀ ਉਨ੍ਹਾਂ ਕੋਲੋਂ ਨਿਰਦੇਸ਼ ਮਿਲਣ ਦਾ ਇੰਤਜ਼ਾਰ ਕਰਦੇ ਰਹੇ ਕਿ ਪੱਤਰਕਾਰਾਂ ਦੇ ਸਵਾਲਾਂ ਦਾ ਜਵਾਬ ਦੇਣਾ ਹੈ ਜਾਂ ਨਹੀਂ। ਕੁਝ ਸਮੇਂ ਤੱਕ ਇੰਤਜ਼ਾਰ ਕਰਨ ਦੇ ਬਾਅਦ ਜ਼ਿਆਦਾਤਰ ਪੱਤਰਕਾਰ ਉਥੋਂ ਜਾ ਚੁੱਕੇ ਸਨ, ਜਿਸ ਤੋਂ ਬਾਅਦ ਸਿਰਫ ਦੋ ਪੱਤਰਕਾਰਾਂ ਦੀ ਮੌਜੂਦਗੀ ਵਿਚ ਅਧਿਕਾਰੀਆਂ ਨੇ ਬਿਆਨ ਪੜ੍ਹਿਆ।