1610 ਕਿਲੋਮੀਟਰ ਲੰਬੀ ਕੌਮਾਂਤਰੀ ਸਰਹੱਦ ''ਤੇ ਲੱਗੇਗੀ ਕੰਡਿਆਲੀ ਤਾਰ, ਹੋਣਗੇ ਕਰੋੜਾਂ ਰੁਪਏ ਖਰਚ

Wednesday, Sep 18, 2024 - 03:07 PM (IST)

1610 ਕਿਲੋਮੀਟਰ ਲੰਬੀ ਕੌਮਾਂਤਰੀ ਸਰਹੱਦ ''ਤੇ ਲੱਗੇਗੀ ਕੰਡਿਆਲੀ ਤਾਰ, ਹੋਣਗੇ ਕਰੋੜਾਂ ਰੁਪਏ ਖਰਚ

ਨਵੀਂ ਦਿੱਲੀ- ਮਣੀਪੁਰ ਵਿਚ ਜਲਦ ਤੋਂ ਜਲਦ ਸ਼ਾਂਤੀ ਬਹਾਲੀ ਲਈ ਸਰਕਾਰ ਮੈਤੇਈ ਅਤੇ ਕੁਕੀ ਦੋਵੇਂ ਭਾਈਚਾਰਿਆਂ ਨਾਲ ਲਗਾਤਾਰ ਗੱਲ ਕਰ ਰਹੀ ਹੈ। ਖ਼ੁਦ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਸੂਬੇ ਵਿਚ ਸੁਰੱਖਿਆ ਸਥਿਤੀ ਦੀ ਨਿਯਮਿਤ ਸਮੀਖਿਆ ਕਰ ਕੇ ਜ਼ਰੂਰੀ ਕਾਰਵਾਈ ਯਕੀਨੀ ਕਰ ਰਹੇ ਹਨ। ਕੇਂਦਰੀ ਗ੍ਰਹਿ ਮੰਤਰਾਲਾ ਦੇ ਸੂਤਰਾਂ ਮੁਤਾਬਕ  ਸਰਕਾਰ ਨੇ ਭਾਰਤ-ਮਿਆਂਮਾਰ ਸਰਹੱਦ 'ਤੇ ਮੁਕਤ ਆਵਾਜਾਈ ਵਿਵਸਥਾ (FMR) ਨੂੰ ਖ਼ਤਮ ਕਰ ਦਿੱਤਾ ਹੈ। 

ਸੂਤਰਾਂ ਨੇ ਦੱਸਿਆ ਕਿ ਕੇਂਦਰ ਸਰਕਾਰ ਨੇ ਪਿਛਲੇ 100 ਦਿਨਾਂ ਦੌਰਾਨ ਮਣੀਪੁਰ 'ਚ ਸ਼ਾਂਤੀ ਬਹਾਲੀ ਲਈ ਸੁਰੱਖਿਆ ਦੇ ਸਬੰਧ ਵਿਚ ਕਈ ਵਿਸ਼ੇਸ਼ ਕਦਮ ਚੁੱਕੇ ਹਨ। ਉਨ੍ਹਾਂ ਨੇ ਕਿਹਾ ਕਿ ਸੁਰੱਖਿਆ ਮਾਮਲਿਆਂ ਦੀ ਕੈਬਨਿਟ ਕਮੇਟੀ ਨੇ ਲੱਗਭਗ 31 ਹਜ਼ਾਰ ਕਰੋੜ ਰੁਪਏ ਦੀ ਲਾਗਤ ਨਾਲ ਭਾਰਤ-ਮਿਆਂਮਾਰ ਵਿਚਾਲੇ 1610 ਕਿਲੋਮੀਟਰ ਲੰਬੀ ਕੌਮਾਂਤਰੀ ਸਰਹੱਦ 'ਤੇ ਕੰਡਿਆਲੀ ਤਾਰ ਲਾਉਣ ਅਤੇ ਸੀਮਾ ਸੜਕਾਂ ਦੇ ਨਿਰਮਾਣ ਦੇ ਕੰਮ ਨੂੰ ਸੰਵਿਧਾਨਕ ਰੂਪ ਨਾਲ ਮਨਜ਼ੂਰੀ ਦੇ ਦਿੱਤੀ ਹੈ। 

ਮਣੀਪੁਰ ਵਿਚ ਕੇਂਦਰੀ ਰਿਜ਼ਰਵ ਪੁਲਸ ਫੋਰਸ ਦੀਆਂ ਦੋ ਬਟਾਲੀਅਨਾਂ ਨੂੰ ਤਾਇਨਾਤ ਕੀਤਾ ਗਿਆ ਹੈ। ਇਸ ਤੋਂ ਇਲਾਵਾ ਉੱਥੇ ਕੇਂਦਰੀ ਪੁਲਸ ਬਲਾਂ ਦੀਆਂ ਲੱਗਭਗ 200 ਕੰਪਨੀਆਂ ਤਾਇਨਾਤ ਹਨ। ਮਣੀਪੁਰ ਸਰਕਾਰ ਨੇ ਆਮ ਲੋਕਾਂ ਨੂੰ ਉੱਚਿਤ ਮੁੱਲ 'ਤੇ ਜ਼ਰੂਰੀ ਵਸਤੂਆਂ ਉਪਲੱਬਧ ਕਰਾਉਣ ਲਈ 25 ਦੁਕਾਨਾਂ ਅਤੇ ਮੋਬਾਈਲ ਵੈਨ ਚਾਲੂ ਕੀਤੀ ਹੈ। ਇਹ ਦੁਕਾਨਾਂ ਅਤੇ ਮੋਬਾਈਲ ਵੈਨ ਮਣੀਪੁਰ ਦੇ ਸਾਰੇ ਜ਼ਿਲ੍ਹਿਆਂ ਵਿਚ ਕੰਮ ਕਰ ਰਹੀਆਂ ਹਨ। ਇਕ ਨਵੀਂ ਪਹਿਲ ਤਹਿਤ ਮਣੀਪੁਰ ਦੇ ਲੋਕਾਂ ਨੂੰ ਉੱਚਿਤ ਕੀਮਤ 'ਤੇ ਵਸਤੂਆਂ ਉਪਲੱਬਧ ਕਰਾਉਣ ਲਈ ਕੇਂਦਰੀ ਪੁਲਸ ਕਲਿਆਣ ਕੇਂਦਰ ਆਮ ਲੋਕਾਂ ਲਈ ਖੋਲ੍ਹੇ ਗਏ ਹਨ। ਇਸ ਲੜੀ ਤਹਿਤ 21 ਮੌਜੂਦਾ ਕੇਂਦਰਾਂ ਤੋਂ ਇਲਾਵਾ 16 ਨਵੇਂ ਕੇਂਦਰ ਵੀ ਖੋਲ੍ਹੇ ਜਾ ਰਹੇ ਹਨ। ਇਨ੍ਹਾਂ 16 ਨਵੇਂ ਕੇਂਦਰਾਂ ਵਿਚੋਂ 8 ਘਾਟੀ 'ਚ ਹੋਣਗੇ ਅਤੇ ਬਾਕੀ 8 ਪਹਾੜੀ ਇਲਾਕਿਆਂ ਵਿਚ ਹੋਣਗੇ।


author

Tanu

Content Editor

Related News