ਜੰਮੂ-ਕਸ਼ਮੀਰ ਕੱਲ ਵੀ ਭਾਰਤ ਦਾ ਹਿੱਸਾ ਸੀ ਅਤੇ ਅੱਗੇ ਵੀ ਰਹੇਗਾ : ਫਾਰੂਕ ਅਬਦੁੱਲਾ
Monday, Nov 02, 2026 - 03:24 PM (IST)
ਨੈਸ਼ਨਲ ਡੈਸਕ- ਨੈਸ਼ਨਲ ਕਾਨਫਰੰਸ ਦੇ ਆਗੂ ਫਾਰੂਕ ਅਬਦੁੱਲਾ ਨੇ ਐਤਵਾਰ ਨੂੰ ਕਿਹਾ ਕਿ ਜੰਮੂ-ਕਸ਼ਮੀਰ ਕੱਲ ਵੀ ਭਾਰਤ ਦਾ ਹਿੱਸਾ ਸੀ, ਅੱਜ ਵੀ ਹੈ ਤੇ ਅੱਗੇ ਵੀ ਰਹੇਗਾ ਅਤੇ ਕੋਈ ਵੀ ਉਸ ਨੂੰ ਭਾਰਤ ਤੋਂ ਵੱਖ ਨਹੀਂ ਕਰ ਸਕਦਾ। ਜੰਮੂ-ਕਸ਼ਮੀਰ ਦੇ ਸਾਬਕਾ ਮੁੱਖ ਮੰਤਰੀ ਨੇ ਰਾਮਲੀਲਾ ਮੈਦਾਨ ’ਚ ‘ਇੰਡੀਆ’ ਗੱਠਜੋੜ ਦੀ ਰੈਲੀ ’ਚ ਇਹ ਵੀ ਕਿਹਾ ਕਿ ਮੁਸਲਮਾਨਾਂ ਨੂੰ ਵਾਰ-ਵਾਰ ‘ਪਾਕਿਸਤਾਨੀ’ ਕਹਿ ਕੇ ਨਿਸ਼ਾਨਾ ਬਣਾਇਆ ਜਾਂਦਾ ਹੈ ਪਰ ਉਨ੍ਹਾਂ ਨੇ ਦੇਸ਼ ਲਈ ਪਹਿਲਾਂ ਵੀ ਖੂਨ ਵਹਾਇਆ ਹੈ ਅਤੇ ਅੱਗੇ ਵੀ ਵਹਾਉਂਦੇ ਰਹਿਣਗੇ।
ਅਬਦੁੱਲਾ ਨੇ ਭਾਜਪਾ ਅਤੇ ਰਾਸ਼ਟਰੀ ਸਵੈਮਸੇਵਕ ਸੰਘ (ਆਰ. ਐੱਸ. ਐੱਸ.) ਨੂੰ ਸੰਬੋਧਨ ਕਰਦਿਆਂ ਕਿਹਾ, ‘‘ਅਸੀਂ (ਮੁਸਲਮਾਨ) ਇਸੇ ਦੇਸ਼ ’ਚ ਹਾਂ ਅਤੇ ਇਸੇ ਦੇਸ਼ ਨੂੰ ਮਜ਼ਬੂਤ ਕਰਨਾ ਹੈ।’’ ਉਨ੍ਹਾਂ ਨੇ ਇਸ ਗੱਲ ਦਾ ਜ਼ਿਕਰ ਕੀਤਾ ਕਿ ਉੱਤਰ ਪ੍ਰਦੇਸ਼ ’ਚ 1 ਕਰੋੜ ਤੋਂ ਵੱਧ ਹਿੰਦੂਆਂ ਦੇ ਨਾਂ ਵੀ ਵੋਟਰ ਸੂਚੀ ’ਚੋਂ ਹਟਾਏ ਜਾਣ ਦੀ ਗੱਲ ਸਾਹਮਣੇ ਆਈ ਹੈ। ਫਾਰੂਕ ਅਬਦੁੱਲਾ ਨੇ ਸਵਾਲ ਕੀਤਾ ਕਿ ਕੀ ਉਹ ਵੀ ਪਾਕਿਸਤਾਨੀ ਹਨ?
ਅਬਦੁੱਲਾ ਨੇ ਭਾਜਪਾ ’ਤੇ ਨਿਸ਼ਾਨਾ ਵਿੰਨ੍ਹਦਿਆਂ ਕਿਹਾ ਕਿ ਆਖ਼ਿਰ ਕਦੋਂ ਤੱਕ ਆਪਣੀਆਂ ਨਾਕਾਮੀਆਂ ਦਾ ਭਾਂਡਾ ਦੂਜਿਆਂ ਸਿਰ ਭੰਨਿਆ ਜਾਂਦਾ ਰਹੇਗਾ। ਨੈਸ਼ਨਲ ਕਾਨਫਰੰਸ ਦੇ ਆਗੂ ਨੇ ਕਿਹਾ ਕਿ ਇਹ ਯਕੀਨੀ ਬਣਾਉਣਾ ਜ਼ਰੂਰੀ ਹੈ ਕਿ ਕਿਸੇ ਵੀ ਭਾਰਤੀ ਨਾਗਰਿਕ ਦਾ ਵੋਟ ਦਾ ਅਧਿਕਾਰ ਨਾ ਖੋਹਿਆ ਜਾਵੇ। ਉਨ੍ਹਾਂ ਕਿਹਾ ਕਿ ਜੇਕਰ ਕੋਈ ਵੀ ਸੂਬਾ ਤਰੱਕੀ ’ਚ ਪਿੱਛੇ ਰਹਿ ਜਾਂਦਾ ਹੈ ਤਾਂ ਭਾਰਤ ਮਜ਼ਬੂਤ ਨਹੀਂ ਹੋਵੇਗਾ।
