ਉਮੀਦ ਹੈ ਕਿ ਸ਼ਾਂਤੀ ਅਤੇ ਤਰੱਕੀ ਲਈ ਪ੍ਰਾਰਥਨਾਵਾਂ ਮਨਜ਼ੂਰ ਹੋਣਗੀਆਂ: ਫਾਰੂਕ ਅਬਦੁੱਲਾ

Wednesday, Jun 11, 2025 - 01:35 PM (IST)

ਉਮੀਦ ਹੈ ਕਿ ਸ਼ਾਂਤੀ ਅਤੇ ਤਰੱਕੀ ਲਈ ਪ੍ਰਾਰਥਨਾਵਾਂ ਮਨਜ਼ੂਰ ਹੋਣਗੀਆਂ: ਫਾਰੂਕ ਅਬਦੁੱਲਾ

ਕਟੜਾ/ਜੰਮੂ- ਨੈਸ਼ਨਲ ਕਾਨਫਰੰਸ (ਨੇਕਾਂ) ਦੇ ਪ੍ਰਧਾਨ ਫਾਰੂਕ ਅਬਦੁੱਲਾ ਕਟੜਾ ਸਥਿਤ ਵੈਸ਼ਣੋ ਦੇਵੀ ਮੰਦਰ ਵਿਚ ਰਾਤ ਵਿਸ਼ਰਾਮ ਮਗਰੋਂ ਹਾਲ ਹੀ ਵਿਚ ਸ਼ੁਰੂ ਕੀਤੀ ਗਈ ਵੰਦੇ ਭਾਰਤ ਐਕਸਪ੍ਰੈੱਸ ਤੋਂ ਬੁੱਧਵਾਰ ਯਾਨੀ ਕਿ ਅੱਜ ਸ਼੍ਰੀਨਗਰ ਪਰਤ ਆਏ ਹਨ। ਸਾਬਕਾ ਮੁੱਖ ਮੰਤਰੀ ਨੇ ਅਬਦੁੱਲਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਮਾਤਾ ਰਾਣੀ ਦੇ ਬਹੁਤ ਚੰਗੇ ਦਰਸ਼ਨ ਕੀਤੇ ਅਤੇ ਮੈਨੂੰ ਉਮੀਦ ਹੈ ਕਿ ਮੰਦਰ ਵਿਚ ਸ਼ਾਂਤੀ, ਤਰੱਕੀ ਅਤੇ ਭਾਈਚਾਰੇ ਲਈ ਕੀਤੀਆਂ ਗਈਆਂ ਸਾਰੀਆਂ ਪ੍ਰਾਰਥਨਾਵਾਂ ਮਨਜ਼ੂਰ ਹੋਣਗੀਆਂ, ਤਾਂ ਕਿ ਅਸੀਂ ਅੱਗੇ ਵਧ ਸਕੀਏ ਅਤੇ ਸਾਡਾ ਦੇਸ਼ ਵੀ ਅੱਗੇ ਵਧੇ। ਅਸੀਂ ਇਸ ਦੇ ਵਿਕਾਸ ਦੇ ਰਾਹ ਦਾ ਹਿੱਸਾ ਬਣ ਸਕੀਏ।

ਅਬਦੁੱਲਾ ਨੇ ਕਸ਼ਮੀਰ ਨੂੰ ਦੇਸ਼ ਦੇ ਬਾਕੀ ਹਿੱਸਿਆਂ ਨਾਲ ਜੋੜਨ ਵਾਲੀ ਵੰਦੇ ਭਾਰਤ ਐਕਸਪ੍ਰੈੱਸ ਵਿਚ ਮੰਗਲਵਾਰ ਨੂੰ ਪਹਿਲੀ ਵਾਰ ਯਾਤਰਾ ਕੀਤੀ ਅਤੇ ਕਟੜਾ ਪਹੁੰਚੇ। ਉਹ ਰਾਤ ਭਰ ਮੰਦਰ ਦੇ ਗਰਭ ਗ੍ਰਹਿ ਵਿਚ ਠਹਿਰੇ ਅਤੇ ਮੰਦਰ ਵਿਚ ਵਿਸ਼ੇਸ਼ ਪ੍ਰਾਰਥਨਾ ਵਿਚ ਹਿੱਸਾ ਲਿਆ। ਉਨ੍ਹਾਂ ਨਾਲ ਉਨ੍ਹਾਂ ਦੇ ਪੋਤੇ ਜ਼ਮੀਰ ਅਤੇ ਜਾਹਿਦ, ਜੰਮੂ-ਕਸ਼ਮੀਰ ਦੇ ਮੰਤਰੀ ਸਤੀਸ਼ ਸ਼ਰਮਾ, ਮੁੱਖ ਮੰਤਰੀ ਉਮਰ ਅਬਦੁੱਲਾ ਦੇ ਸਲਾਹਕਾਰ ਨਾਸਿਰ ਅਸਲਮ ਵਾਨੀ ਅਤੇ ਮੁੱਖ ਬੁਲਾਰੇ ਤਨਵੀਰ ਸਾਦਿਕ ਸਮੇਤ ਨੈਸ਼ਨਲ ਕਾਨਫਰੰਸ ਦੇ ਕਈ ਵਿਧਾਇਕ ਵੀ ਮੌਜੂਦ ਸਨ। 

ਮੰਦਰ ਵਿਚ ਰਾਤ ਵਿਸ਼ਰਾਮ ਬਾਰੇ ਪੁੱਛੇ ਜਾਣ 'ਤੇ ਅਬਦੁੱਲਾ ਨੇ ਕਿਹਾ ਕਿ ਮੈਨੂੰ ਬਹੁਤ ਖੁਸ਼ੀ ਹੋਈ। ਮੈਂ ਇੱਥੇ ਟਰੇਨ ਤੋਂ ਆਇਆ ਹਾਂ ਅਤੇ ਇਹ ਸੇਵਾ ਸਾਡੇ ਲਈ ਇਕ ਨਵੀਂ ਸ਼ੁਰੂਆਤ ਹੈ। ਇਸ ਨਾਲ ਨਾ ਸਿਰਫ਼ ਮਾਤਾ ਦੇ ਦਰਸ਼ਨ ਲਈ ਆਉਣ ਵਾਲੇ ਯਾਤਰੀਆਂ ਨੂੰ ਲਾਭ ਹੋਵੇਗਾ, ਸਗੋਂ ਅਮਰਨਾਥ ਗੁਫਾ ਮੰਦਰ ਜਾਣ ਦੇ ਇੱਛੁਕ ਸ਼ਰਧਾਲੂਆਂ ਲਈ ਵੀ ਇਹ ਫਾਇਦੇਮੰਦ ਸਾਬਤ ਹੋਵੇਗਾ ਅਤੇ ਉਹ ਵੀ ਵੱਡੀ ਗਿਣਤੀ ਵਿਚ ਆਉਣਗੇ। ਇਸ ਨਾਲ ਜੰਮੂ-ਕਸ਼ਮੀਰ ਵਿਚ ਸੈਰ-ਸਪਾਟੇ ਨੂੰ ਲਾਭ ਹੋਵੇਗਾ। ਅਬਦੁੱਲਾ ਨੇ ਕਿਹਾ ਕਿ ਸਾਨੂੰ ਉਮੀਦ ਹੈ ਕਿ ਸੈਰ-ਸਪਾਟਾ ਉਦਯੋਗ ਜਲਦ ਹੀ ਪਟੜੀ 'ਤੇ ਪਰਤ ਆਵੇਗਾ, ਜਿਸ ਨਾਲ ਪਹਿਲਗਾਮ ਅੱਤਵਾਦੀ ਹਮਲੇ ਮਗਰੋਂ ਵੱਡਾ ਝਟਕਾ ਲੱਗਾ ਹੈ।


author

Tanu

Content Editor

Related News