ਗੁਰਨਾਮ ਸਿੰਘ ਚੜੂਨੀ ਦਾ ਵੱਡਾ ਐਲਾਨ, ਕੰਨ ਫੜ ਕੇ ਕਿਹਾ- ‘ਹੁਣ ਕਦੇ ਨਹੀਂ ਲੜਾਂਗਾ ਚੋਣ’
Thursday, Jan 29, 2026 - 11:45 AM (IST)
ਕੁਰੂਕਸ਼ੇਤਰ: ਪ੍ਰਸਿੱਧ ਕਿਸਾਨ ਆਗੂ ਅਤੇ ਭਾਰਤੀ ਕਿਸਾਨ ਯੂਨੀਅਨ ਦੇ ਸੂਬਾ ਪ੍ਰਧਾਨ ਗੁਰਨਾਮ ਸਿੰਘ ਚੜੂਨੀ ਨੇ ਚੋਣ ਰਾਜਨੀਤੀ ਨੂੰ ਲੈ ਕੇ ਇੱਕ ਵੱਡਾ ਅਤੇ ਹੈਰਾਨੀਜਨਕ ਬਿਆਨ ਦਿੱਤਾ ਹੈ। ਕੁਰੂਕਸ਼ੇਤਰ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਗੁਰਨਾਮ ਚੜੂਨੀ ਨੇ ਸਪੱਸ਼ਟ ਕੀਤਾ ਕਿ ਉਹ ਭਵਿੱਖ ਵਿੱਚ ਕਦੇ ਵੀ ਚੋਣ ਨਹੀਂ ਲੜਨਗੇ। ਆਪਣੇ ਇਸ ਫੈਸਲੇ ਨੂੰ ਦੁਹਰਾਉਂਦੇ ਹੋਏ ਉਨ੍ਹਾਂ ਨੇ ਆਪਣੇ ਕੰਨ ਫੜੇ ਅਤੇ ਕਿਹਾ ਕਿ ਹੁਣ ਉਨ੍ਹਾਂ ਦੀ ਚੋਣ ਰਾਜਨੀਤੀ ਵਿੱਚ ਉਤਰਨ ਦੀ ਕੋਈ ਇੱਛਾ ਨਹੀਂ ਬਚੀ ਹੈ।
ਹਾਲੀਆ ਵਿਧਾਨ ਸਭਾ ਚੋਣਾਂ ਦੇ ਆਪਣੇ ਤਜ਼ਰਬਿਆਂ ਦਾ ਜ਼ਿਕਰ ਕਰਦਿਆਂ ਚੜੂਨੀ ਨੇ ਮੌਜੂਦਾ ਚੋਣ ਪ੍ਰਣਾਲੀ ਅਤੇ ਜਨਤਾ 'ਤੇ ਤਿੱਖੇ ਨਿਸ਼ਾਨੇ ਸਾਧੇ। ਉਨ੍ਹਾਂ ਦੋਸ਼ ਲਾਇਆ ਕਿ ਅੱਜ ਦੀ ਚੋਣ ਵਿਵਸਥਾ ਵਿੱਚ ਇਮਾਨਦਾਰੀ ਨਾਲ ਕੰਮ ਕਰਨ ਵਾਲੇ ਵਿਅਕਤੀ ਲਈ ਕੋਈ ਥਾਂ ਨਹੀਂ ਹੈ। ਉਨ੍ਹਾਂ ਦੇ ਅਨੁਸਾਰ, “ਜਿੰਨੇ ਭ੍ਰਿਸ਼ਟ ਨੇਤਾ ਹਨ, ਉਨੀ ਹੀ ਭ੍ਰਿਸ਼ਟ ਜਨਤਾ ਵੀ ਹੁੰਦੀ ਜਾ ਰਹੀ ਹੈ”। ਉਨ੍ਹਾਂ ਕੜੇ ਸ਼ਬਦਾਂ ਵਿੱਚ ਕਿਹਾ ਕਿ ਲੋਕ ਸ਼ਰਾਬ, ਪੈਸੇ ਅਤੇ ਨਿੱਜੀ ਸਵਾਰਥਾਂ ਲਈ ਵੋਟ ਪਾਉਂਦੇ ਹਨ, ਜਿਸ ਕਾਰਨ ਸੱਤਾ ਵਿੱਚ ਸਿਰਫ਼ ਭ੍ਰਿਸ਼ਟ ਅਤੇ ਧਨਬਲੀ ਲੋਕਾਂ ਦਾ ਹੀ ਬੋਲਬਾਲਾ ਰਹਿੰਦਾ ਹੈ।
ਆਪਣੇ ਦਾਅਵਿਆਂ ਨੂੰ ਪੁਖਤਾ ਕਰਨ ਲਈ ਉਨ੍ਹਾਂ ਮਿਸਾਲ ਦਿੰਦਿਆਂ ਦੱਸਿਆ ਕਿ ਉਨ੍ਹਾਂ ਨੇ 12 ਪਿੰਡਾਂ ਦੀ ਲਗਭਗ 6000 ਏਕੜ ਜ਼ਮੀਨ, ਜੋ ਪਿਛਲੇ 60 ਸਾਲਾਂ ਤੋਂ ਸਰਕਾਰ ਦੇ ਕਬਜ਼ੇ ਵਿੱਚ ਸੀ, ਉਸ ਨੂੰ ਛੁਡਵਾਉਣ ਦਾ ਕੰਮ ਕੀਤਾ। ਪਰ ਇਸ ਦੇ ਬਾਵਜੂਦ ਉਨ੍ਹਾਂ ਖੇਤਰਾਂ ਤੋਂ ਵੀ ਉਨ੍ਹਾਂ ਨੂੰ ਲੋੜੀਂਦਾ ਜਨ ਸਮਰਥਨ ਅਤੇ ਵੋਟਾਂ ਨਹੀਂ ਮਿਲੀਆਂ। ਉਨ੍ਹਾਂ ਕਿਹਾ ਕਿ ਜਨਤਾ ਕੰਮ ਕਰਨ ਵਾਲੇ ਵਿਅਕਤੀ ਨੂੰ ਚੁਣਨ ਦੀ ਬਜਾਏ ਉਨ੍ਹਾਂ ਲੋਕਾਂ ਨੂੰ ਚੁਣਦੀ ਹੈ, ਜੋ ਸੱਤਾ ਦੀ ਦੁਰਵਰਤੋਂ ਕਰਕੇ ਪੈਸਾ ਬਣਾਉਂਦੇ ਹਨ। ਚੜੂਨੀ ਨੇ ਵੱਖ-ਵੱਖ ਸਿਆਸੀ ਪਾਰਟੀਆਂ ਜਿਵੇਂ ਕਿ ਕਾਂਗਰਸ ਜਾਂ ਭਾਜਪਾ ਨਾਲ ਜੁੜਨ ਦੀਆਂ ਚਰਚਾਵਾਂ ਨੂੰ ਸਿਰੇ ਤੋਂ ਖਾਰਜ ਕਰ ਦਿੱਤਾ ਹੈ।
ਉਨ੍ਹਾਂ ਕਿਹਾ ਕਿ ਚੋਣਾਂ ਸਮੇਂ ਅਜਿਹੀਆਂ ਅਫਵਾਹਾਂ ਸਿਰਫ਼ ਮਨੋਰੰਜਨ ਲਈ ਫੈਲਾਈਆਂ ਜਾਂਦੀਆਂ ਹਨ, ਜਦਕਿ ਹਕੀਕਤ ਵਿੱਚ ਉਨ੍ਹਾਂ ਦਾ ਅਜਿਹਾ ਕੋਈ ਇਰਾਦਾ ਨਹੀਂ ਹੈ। ਹਾਲਾਂਕਿ ਉਨ੍ਹਾਂ ਨੇ ਇਹ ਸਪੱਸ਼ਟ ਨਹੀਂ ਕੀਤਾ ਕਿ ਉਹ ਸੰਗਠਨ ਵਿੱਚ ਕਿਸ ਭੂਮਿਕਾ ਵਿੱਚ ਰਹਿਣਗੇ ਪਰ ਚੋਣ ਮੈਦਾਨ ਵਿੱਚ ਉਤਰਨ ਦੀ ਸੰਭਾਵਨਾ ਨੂੰ ਪੂਰੀ ਤਰ੍ਹਾਂ ਨਕਾਰ ਦਿੱਤਾ ਹੈ। ਕਿਸਾਨ ਆਗੂ ਦੇ ਇਸ ਸਟੈਂਡ ਨੇ ਹਰਿਆਣਾ ਦੀ ਰਾਜਨੀਤੀ ਅਤੇ ਕਿਸਾਨ ਅੰਦੋਲਨਾਂ ਦੇ ਭਵਿੱਖ ਨੂੰ ਲੈ ਕੇ ਨਵੀਂ ਚਰਚਾ ਛੇੜ ਦਿੱਤੀ ਹੈ।
