1 ਰੁਪਏ ਕਿੱਲੋ ਹੋਇਆ ਪਿਆਜ਼ ! ਡਿੱਗੀਆਂ ਕੀਮਤਾਂ ਕਾਰਨ MP ਦੇ ਕਿਸਾਨਾਂ 'ਚ ਹਾਹਾਕਾਰ

Thursday, Nov 13, 2025 - 11:51 AM (IST)

1 ਰੁਪਏ ਕਿੱਲੋ ਹੋਇਆ ਪਿਆਜ਼ ! ਡਿੱਗੀਆਂ ਕੀਮਤਾਂ ਕਾਰਨ MP ਦੇ ਕਿਸਾਨਾਂ 'ਚ ਹਾਹਾਕਾਰ

ਨੈਸ਼ਨਲ ਡੈਸਕ : ਮੱਧ ਪ੍ਰਦੇਸ਼ (MP) 'ਚ ਇਸ ਸਮੇਂ ਪਿਆਜ਼ ਉਤਪਾਦਕ ਕਿਸਾਨਾਂ 'ਚ ਹਾਹਾਕਾਰ ਮਚੀ ਹੋਈ ਹੈ, ਕਿਉਂਕਿ ਪਿਆਜ਼ ਦੀਆਂ ਕੀਮਤਾਂ 'ਚ ਭਾਰੀ ਗਿਰਾਵਟ ਆ ਗਈ ਹੈ। ਕਈ ਮੰਡੀਆਂ 'ਚ ਪਿਆਜ਼ ਦੀਆਂ ਕੀਮਤਾਂ ਡਿੱਗ ਕੇ ₹1 ਤੋਂ ₹2 ਪ੍ਰਤੀ ਕਿਲੋ ਤੱਕ ਪਹੁੰਚ ਗਈਆਂ ਹਨ। ਕਿਸਾਨਾਂ ਦਾ ਕਹਿਣਾ ਹੈ ਕਿ ਇਨ੍ਹਾਂ ਕੀਮਤਾਂ ਕਾਰਨ ਉਨ੍ਹਾਂ ਦੀ ਲਾਗਤ (ਕਾਸ਼ਤ ਦਾ ਖਰਚਾ) ਵੀ ਪੂਰੀ ਨਹੀਂ ਹੋ ਰਹੀ ਹੈ, ਜਿਸ ਨਾਲ ਉਨ੍ਹਾਂ ਨੂੰ ਭਾਰੀ ਨੁਕਸਾਨ ਝੱਲਣਾ ਪੈ ਰਿਹਾ ਹੈ ਅਤੇ ਉਹ ਡੂੰਘੇ ਸੰਕਟ ਵਿੱਚ ਹਨ।
ਮੰਡੀ ਪਹੁੰਚਣ ਦਾ ਖਰਚਾ ਵੀ ਨਹੀਂ ਨਿਕਲਿਆ:
ਮੰਦਸੌਰ ਜ਼ਿਲ੍ਹੇ ਦੇ ਪੰਥ ਪਿਪਲੋਦਾ ਦੇ ਕਿਸਾਨ ਬੱਬੂ ਮਾਲਵੀ ਨੇ ਦੱਸਿਆ ਕਿ ਉਨ੍ਹਾਂ ਨੇ ਇੱਕ ਬੀਘੇ ਜ਼ਮੀਨ 'ਚ ਪਿਆਜ਼ ਬੀਜਿਆ ਸੀ ਅਤੇ ਲਗਭਗ 6-7 ਕੁਇੰਟਲ ਪਿਆਜ਼ ਨਿਕਲਿਆ। ਉਨ੍ਹਾਂ ਨੂੰ ਪਿਆਜ਼ ਦਾ ਭਾਅ ₹1.99 ਪ੍ਰਤੀ ਕਿਲੋ ਮਿਲਿਆ। ਕਿਸਾਨ ਦਾ ਕਹਿਣਾ ਹੈ ਕਿ ਇਸ ਕੀਮਤ ਨਾਲ ਤਾਂ ਉਨ੍ਹਾਂ ਦੇ ਮੰਡੀ ਆਉਣ-ਜਾਣ ਦਾ ਖਰਚਾ ਵੀ ਪੂਰਾ ਨਹੀਂ ਹੋ ਪਾਉਂਦਾ, ਜਿਸ 'ਤੇ 100 ਤੋਂ ਵੱਧ ਖਰਚ ਹੋ ਗਿਆ ਹੈ, ਫਸਲ ਦੀ ਲਾਗਤ ਤਾਂ ਦੂਰ ਦੀ ਗੱਲ ਹੈ।
ਇਸੇ ਤਰ੍ਹਾਂ, ਬਰਖੇੜਾ ਦੇ ਭੋਪਾਲ ਸਿੰਘ ਸਿਸੋਦੀਆ, ਜੋ ਮੰਦਸੌਰ ਮੰਡੀ ਵਿੱਚ 7 ਕੁਇੰਟਲ ਪਿਆਜ਼ ਵੇਚਣ ਲਈ ਲਿਆਏ ਸਨ, ਨੂੰ 170 ਪ੍ਰਤੀ ਕੁਇੰਟਲ ਦਾ ਰੇਟ ਮਿਲਿਆ, ਜੋ ਕਿ 1.70 ਪ੍ਰਤੀ ਕਿਲੋ ਬਣਦਾ ਹੈ। ਉਨ੍ਹਾਂ ਕਿਹਾ ਕਿ ਵਿਕਰੀ ਤੋਂ ਬਾਅਦ ਉਨ੍ਹਾਂ ਦਾ ਕਿਰਾਇਆ-ਭਾੜਾ ਅਤੇ ਲਾਗਤ ਵੀ ਨਹੀਂ ਨਿਕਲੀ।
ਕਿਸਾਨਾਂ 'ਚ ਨਾਰਾਜ਼ਗੀ, ਸਰਕਾਰੀ ਮਦਦ ਦੀ ਮੰਗ
ਪਿਆਜ਼ ਦੀਆਂ ਇਨ੍ਹਾਂ ਘੱਟ ਕੀਮਤਾਂ ਨੂੰ ਲੈ ਕੇ ਕਿਸਾਨਾਂ ਵਿੱਚ ਗਹਿਰੀ ਨਾਰਾਜ਼ਗੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਇੰਨੇ ਘੱਟ ਭਾਅ 'ਤੇ ਵੇਚਣ ਨਾਲੋਂ ਚੰਗਾ ਹੈ ਕਿ ਉਹ ਪਿਆਜ਼ ਨੂੰ ਡੰਗਰਾਂ ਨੂੰ ਖਿਲਾ ਦੇਣ। ਕਿਸਾਨ ਸਰਕਾਰ ਤੋਂ ਤੁਰੰਤ ਮਦਦ ਦੀ ਗੁਹਾਰ ਲਗਾ ਰਹੇ ਹਨ ਤਾਂ ਜੋ ਉਨ੍ਹਾਂ ਦਾ ਨੁਕਸਾਨ ਘੱਟ ਹੋ ਸਕੇ।
ਕਾਂਗਰਸ ਨੇ ਕੇਂਦਰ ਤੇ ਸੂਬਾ ਸਰਕਾਰ ਨੂੰ ਘੇਰਿਆ:
ਮੱਧ ਪ੍ਰਦੇਸ਼ 'ਚ ਪਿਆਜ਼ ਦੀਆਂ ਕੀਮਤਾਂ 'ਚ ਆਈ ਗਿਰਾਵਟ ਨੂੰ ਲੈ ਕੇ ਕਾਂਗਰਸ ਪਾਰਟੀ ਨੇ ਵੀ ਚਿੰਤਾ ਪ੍ਰਗਟਾਈ ਹੈ। ਕਾਂਗਰਸ ਨੇ ਸੋਸ਼ਲ ਮੀਡੀਆ ਪਲੇਟਫਾਰਮ 'X' ਰਾਹੀਂ ਕੇਂਦਰ ਅਤੇ ਸੂਬਾ ਸਰਕਾਰ 'ਤੇ ਨਿਸ਼ਾਨਾ ਸਾਧਿਆ ਹੈ, ਜਿੱਥੇ ਲਿਖਿਆ ਗਿਆ ਹੈ ਕਿ MP 'ਚ ਪਿਆਜ਼ ਕਿਸਾਨ "ਖੂਨ ਦੇ ਹੰਝੂ ਰੋ ਰਹੇ ਹਨ"। ਕਾਂਗਰਸ ਨੇ ਕਿਹਾ ਕਿ ਕਿਸਾਨ ਆਪਣੀ ਫ਼ਸਲ "ਔਣੇ-ਪੌਣੇ ਭਾਅ" 'ਤੇ ਵੇਚਣ ਲਈ ਮਜਬੂਰ ਹਨ। ਉਨ੍ਹਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ‘ਕਿਸਾਨ ਦੀ ਆਮਦਨ ਦੁੱਗਣੀ ਕਰਨ’ ਦੇ ਵਾਅਦੇ 'ਤੇ ਸਵਾਲ ਉਠਾਉਂਦੇ ਹੋਏ ਕਿਹਾ ਕਿ ਕਿਸਾਨ ਬਰਬਾਦ ਹੋ ਗਏ ਹਨ।


author

Shubam Kumar

Content Editor

Related News