Fact Check: ਰਾਸ਼ਨ ਕਾਰਡ ''ਚ ਸਰਨੇਮ ਦੱਤਾ ਦੀ ਥਾਂ ਲਿਖ ''ਤਾ ‘ਕੁੱਤਾ'', ਜਾਣੋ ਸੱਚਾਈ
Saturday, Jan 11, 2025 - 02:38 PM (IST)
Fact Check By Vishvas News
ਨਵੀਂ ਦਿੱਲੀ- ਸੋਸ਼ਲ ਮੀਡੀਆ ‘ਤੇ ਇਕ ਵੀਡੀਓ ਵਾਇਰਲ ਹੋ ਰਿਹਾ ਹੈ, ਜਿਸ ‘ਚ ਇਕ ਵਿਅਕਤੀ ਨੂੰ ਕਾਗਜ਼ ਲੈ ਕੇ ਇੱਕ ਗੱਡੀ ਨੂੰ ਰੋਕਦੇ ਹੋਏ ਦੇਖਿਆ ਜਾ ਸਕਦਾ ਹੈ। ਹੁਣ ਕੁਝ ਯੂਜ਼ਰਸ ਇਸ ਵੀਡੀਓ ਨੂੰ ਸ਼ੇਅਰ ਕਰ ਦਾਅਵਾ ਕਰ ਰਹੇ ਹਨ ਕਿ ਇਹ ਵੀਡੀਓ ਹਾਲ ਹੀ ਦਾ ਹੈ, ਜਿੱਥੇ ਰਾਸ਼ਨ ਕਾਰਡ ਵਿੱਚ ਦੱਤਾ ਦੀ ਥਾਂ ‘ਕੁੱਤਾ’ ਸਰਨੇਮ ਲਿਖੇ ਜਾਣ ‘ਤੇ ਵਿਅਕਤੀ ਨੇ ਵਿਰੋਧ ਦਾ ਇਹ ਤਰੀਕਾ ਅਪਣਾਇਆ ਹੈ।
ਵਿਸ਼ਵਾਸ ਨਿਊਜ਼ ਨੇ ਆਪਣੀ ਜਾਂਚ ਵਿਚ ਵਾਇਰਲ ਦਾਅਵੇ ਨੂੰ ਗੁੰਮਰਾਹਕੁੰਨ ਪਾਇਆ। ਦਰਅਸ, ਇਹ ਘਟਨਾ ਸਾਲ 2022 ਦੀ ਹੈ, ਜਿੱਥੇ ਸ਼੍ਰੀਕਾਂਤ ਦੱਤਾ ਦਾ ਰਾਸ਼ਨ ਕਾਰਡ ਵਿਚ ਉਪਨਾਮ ‘ਦੱਤਾ’ ਦੀ ਥਾਂ ‘ਕੁੱਤਾ’ ਛਪ ਗਿਆ ਸੀ। ਕਈ ਵਾਰ ਕੋਸ਼ਿਸ਼ਾਂ ਕਰਨ ਤੋਂ ਬਾਅਦ ਵੀ ਉਸ 'ਚ ਕੋਈ ਸੁਧਾਰ ਨਾ ਹੋਣੇ 'ਤੇ ਵਿਅਕਤੀ ਨੇ ਬਲਾਕ ਵਿਕਾਸ ਅਧਿਕਾਰੀ (ਬੀ. ਡੀ. ਓ ) ਦੇ ਸਾਹਮਣੇ ਕੁੱਤੇ ਦੀ ਤਰ੍ਹਾਂ ਭੌਂਕਦੇ ਹੋਏ ਅਪਣਾ ਵਿਰੋਧ ਜਤਾਇਆ ਸੀ। ਉਸੇ ਵੀਡੀਓ ਨੂੰ ਹੁਣ ਹਾਲੀਆ ਦੱਸਦੇ ਹੋਏ ਸ਼ੇਅਰ ਕੀਤਾ ਜਾ ਰਿਹਾ ਹੈ।
ਕੀ ਹੈ ਵਾਇਰਲ ਪੋਸਟ ਵਿਚ ?
ਫੇਸਬੁੱਕ ਯੂਜ਼ਰ Ishwinder Singh Kaal ਨੇ 8 ਜਨਵਰੀ 2025 ਨੂੰ ਵਾਇਰਲ ਵੀਡੀਓ ਨੂੰ ਸ਼ੇਅਰ ਕੀਤਾ ਹੈ। ਵੀਡੀਓ 'ਤੇ ਲਿਖਿਆ ਹੋਇਆ ਹੈ, ''ਰਾਸ਼ਨ ਕਾਰਡ 'ਤੇ ਸਰਨੇਮ ਗਲਤੀ ਨਾਲ Dutta ਦੀ ਥਾਂ Ku-tta ਲਿਖ ਦਿੱਤਾ ਤੇ Dutta ਸਾਬ ਅਧਿਕਾਰੀ ਨੂੰ ਕੁੱਤੇ ਦੀ ਆਵਾਜ਼ ਕੱਢ ਕੇ ਘੇਰਦੇ ਹੋਏ। System ਰਾਸ਼ਨ ਕਾਰਡ 'ਤੇ ਗਲਤੀ ਨਾਲ Dutta ਦੀ ਥਾਂ Ku-tta ਲਿਖ ਦਿੱਤਾ।
ਪੜਤਾਲ
ਵਿਸ਼ਵਾਸ ਨਿਊਜ਼ ਨੇ ਵਾਇਰਲ ਪੋਸਟ ਦੀ ਸੱਚਾਈ ਜਾਣਨ ਲਈ ਗੂਗਲ ਓਪਨ ਸਰਚ ਟੂਲ ਦੀ ਵਰਤੋਂ ਕੀਤੀ। ਸਾਨੂੰ ਕਈ ਨਿਊਜ਼ ਵੈੱਬਸਾਈਟਾਂ 'ਤੇ ਵਾਇਰਲ ਵੀਡੀਓ ਨਾਲ ਜੁੜੀ ਖ਼ਬਰ ਮਿਲੀ। ਦੈਨਿਕ ਜਾਗਰਣ ਦੀ ਵੈੱਬਸਾਈਟ 'ਤੇ ਵਾਇਰਲ ਵੀਡੀਓ ਨਾਲ ਜੁੜੀ ਖਬਰ ਮਿਲੀ। 20 ਨਵੰਬਰ 2022 ਨੂੰ ਪ੍ਰਕਾਸ਼ਿਤ ਖ਼ਬਰ ਵਿਚ ਦੱਸਿਆ ਗਿਆ, “ਬੰਗਾਲ ਦੇ ਬਾਂਕੁੜਾ-2 ਬਲਾਕ ਦੇ ਬਿਕਨਾ ਗ੍ਰਾਮ ਪੰਚਾਇਤ ਦੇ ਕੇਸ਼ੀਆਕੋਲੇ ਪਿੰਡ ਦੇ ਸ਼੍ਰੀਕਾਂਤ ਦੱਤਾ ਦਾ ਰਾਸ਼ਨ ਕਾਰਡ ਵਿਚ ਉਪਨਾਮ ਦੱਤਾ ਦੀ ਥਾਂ ‘ਕੁੱਤਾ’ ਲਿਖ ਦਿੱਤਾ ਗਿਆ ਸੀ। ਸ੍ਰੀਕਾਂਤ ਦੱਤਾ ਇਸ ਨੂੰ ਠੀਕ ਕਰਵਾਉਣ ਲਈ ਕਈ ਵਾਰ ਸਰਕਾਰੀ ਦਫ਼ਤਰ ਗਿਆ ਪਰ ਕੋਈ ਸੁਧਾਰ ਨਹੀਂ ਹੋਇਆ। ਜਿਸ ਤੋਂ ਬਾਅਦ ਸ਼੍ਰੀਕਾਂਤ ਨੇ ਵਿਰੋਧ ਦਾ ਇਹ ਤਰੀਕਾ ਅਪਣਾਇਆ।''
ਸਰਚ ਦੌਰਾਨ ਸਾਨੂੰ ਏਬੀਪੀ ਲਾਈਵ ਦੀ ਵੈੱਬਸਾਈਟ 'ਤੇ ਵਾਇਰਲ ਵੀਡੀਓ ਨਾਲ ਜੁੜੀ ਖਬਰ ਮਿਲੀ। ਰਿਪੋਰਟ ਨੂੰ 20 ਨਵੰਬਰ 2022 ਨੂੰ ਪ੍ਰਕਾਸ਼ਿਤ ਕੀਤਾ ਗਿਆ ਹੈ। ਦਿੱਤੀ ਗਈ ਜਾਣਕਾਰੀ ਮੁਤਾਬਕ, “ਪੱਛਮੀ ਬੰਗਾਲ ਦੇ ਸ਼੍ਰੀਕਾਂਤ ਦੱਤਾ ਦਾ ਨਾਂ ਰਾਸ਼ਨ ਕਾਰਡ ‘ਚ ਗਲਤ ਲਿਖਿਆ ਗਿਆ ਸੀ। ਜਿਸ ਵਿਚ ਸੁਧਾਰ ਲਈ ਉਹ ਕਈ ਵਾਰ ਸਰਕਾਰੀ ਦਫ਼ਤਰ ਗਏ। ਪਰ ਇਸ ਵਿਚ ਕੋਈ ਸੁਧਾਰ ਨਹੀਂ ਹੋਇਆ। ਜਿਸ ਤੋਂ ਬਾਅਦ ਉਨ੍ਹਾਂ ਨੇ ਇਹ ਤਰੀਕਾ ਅਪਣਾਇਆ। ਸ੍ਰੀਕਾਂਤ ਨੇ ਸੜਕ ਦੇ ਵਿਚਕਾਰ ਸਰਕਾਰੀ ਅਧਿਕਾਰੀ ਦੀ ਕਾਰ ਰੋਕੀ ਅਤੇ ਕੁੱਤੇ ਦੀ ਤਰ੍ਹਾਂ ਭੌਂਕਣ ਲੱਗਾ। ਪਹਿਲਾਂ ਤਾਂ ਅਧਿਕਾਰੀ ਨੂੰ ਕੁਝ ਸਮਝ ਨਹੀਂ ਆਇਆ ਅਤੇ ਬਾਅਦ ਵਿਚ ਜਦੋਂ ਉਨ੍ਹਾਂ ਨੂੰ ਸਾਰਾ ਮਾਮਲਾ ਸਮਝ ਆਇਆ, ਤਾਂ ਉਨ੍ਹਾਂ ਨੇ ਇਸ ਵਿਚ ਸੁਧਾਰ ਦਾ ਭਰੋਸਾ ਦਿੱਤਾ।”
ਸਾਨੂੰ TV9 Bharatvarsh ਦੇ ਅਧਿਕਾਰਤ ਯੂਟਿਊਬ ਚੈਨਲ 'ਤੇ ਵੀਡੀਓ ਨਾਲ ਸਬੰਧਤ ਖਬਰ ਮਿਲੀ। 20 ਨਵੰਬਰ 2022 ਨੂੰ ਅਪਲੋਡ ਕੀਤੀ ਗਈ ਵੀਡੀਓ ਵਿਚ ਦੱਸਿਆ ਗਿਆ, “ਰਾਸ਼ਨ ਕਾਰਡ ‘ਤੇ ਦੱਤਾ ਦੀ ਥਾਂ ‘ਕੁੱਤਾ’ ਲਿਖੇ ਜਾਣ 'ਤੇ ਵਿਅਕਤੀ ਨੇ ਭੌਂਕ ਕੇ ਵਿਰੋਧ ਜਤਾਇਆ। ਵਿਅਕਤੀ ਦੀ ਇਸ ਅਜੀਬ ਹਰਕਤ 'ਤੇ ਅਧਿਕਾਰੀ ਵੀ ਹੈਰਾਨ ਰਹਿ ਗਏ ਅਤੇ ਉਨ੍ਹਾਂ ਨੇ ਸ਼੍ਰੀਕਾਂਤ ਨੂੰ ਗਲਤੀ ਸੁਧਾਰਨ ਦਾ ਭਰੋਸਾ ਦਿੱਤਾ।”
ਵਾਇਰਲ ਵੀਡੀਓ ਨਾਲ ਜੁੜੀਆਂ ਹੋਰ ਖ਼ਬਰਾਂ ਇੱਥੇ ਪੜ੍ਹੀਆਂ ਜਾ ਸਕਦੀਆਂ ਹਨ।
ਇਸ ਵੀਡੀਓ ਸਬੰਧੀ ਅਸੀਂ ਦੈਨਿਕ ਜਾਗਰਣ ਕੋਲਕਾਤਾ ਦੇ ਡਿਪਟੀ ਚੀਫ ਰਿਪੋਰਟਰ ਇੰਦਰਜੀਤ ਸਿੰਘ ਨਾਲ ਸੰਪਰਕ ਕੀਤਾ। ਉਨ੍ਹਾਂ ਨੇ ਦੱਸਿਆ ਕਿ ਇਹ ਵੀਡੀਓ ਪੁਰਾਣੀ ਹੈ। ਇਸ ਦਾ ਹਾਲ-ਫਿਲਹਾਲ ਨਾਲ ਕੋਈ ਲੈਣਾ-ਦੇਣਾ ਨਹੀਂ ਹੈ।
ਅੰਤ ਵਿਚ ਅਸੀਂ ਪੋਸਟ ਨੂੰ ਸ਼ੇਅਰ ਕਰਨ ਵਾਲੇ ਯੂਜ਼ਰ ਦੀ ਪ੍ਰੋਫਾਈਲ ਨੂੰ ਸਕੈਨ ਕੀਤਾ। ਪਤਾ ਲੱਗਾ ਕਿ ਫੇਸਬੁੱਕ 'ਤੇ ਯੂਜ਼ਰ ਨੂੰ 47 ਹਜ਼ਾਰ ਲੋਕ ਫੋਲੋ ਕਰਦੇ ਹਨ।
ਨਤੀਜਾ: ਰਾਸ਼ਨ ਕਾਰਡ ਵਿਚ ਸਰਨੇਮ ਗਲਤ ਲਿਖੇ ਜਾਣ ਨੂੰ ਲੈ ਕੇ ਵਿਰੋਧ ਕਰਦੇ ਵਿਅਕਤੀ ਦਾ ਵੀਡੀਓ ਹਾਲੀਆ ਨਹੀਂ, ਬਲਕਿ ਪੁਰਾਣਾ ਹੈ। ਦਰਅਸਲ ਇਹ ਘਟਨਾ ਸਾਲ 2022 ਦੀ ਹੈ, ਜਿੱਥੇ ਇਕ ਵਿਅਕਤੀ ਦੇ ਰਾਸ਼ਨ ਕਾਰਡ ਵਿਚ ਸਰਨੇਮ ‘ਦੱਤਾ’ ਦੀ ਥਾਂ ‘ਕੁੱਤਾ’ ਛਪ ਗਿਆ ਸੀ। ਵਿਅਕਤੀ ਇਸ ਗਲਤੀ ਨੂੰ ਠੀਕ ਕਰਾਉਣ ਲਈ ਕਈ ਵਾਰ ਸਰਕਾਰੀ ਦਫਤਰ ਗਿਆ ਪਰ ਜਦੋਂ ਕੋਈ ਸੁਧਾਰ ਨਾ ਹੋਇਆ ਤਾਂ ਉਸ ਨੇ ਵਿਰੋਧ ਦਾ ਇਹ ਤਰੀਕਾ ਅਪਣਾਇਆ। ਹੁਣ ਉਸੇ ਵੀਡੀਓ ਨੂੰ ਹਾਲੀਆ ਦੱਸ ਕੇ ਸ਼ੇਅਰ ਕੀਤਾ ਜਾ ਰਿਹਾ ਹੈ।
(Disclaimer: ਇਹ ਫੈਕਟ ਮੂਲ ਤੌਰ 'ਤੇ Vishvas News ਵੱਲੋਂ ਕੀਤਾ ਗਿਆ ਹੈ, ਜਿਸ ਨੂੰ Shakti Collective ਦੀ ਮਦਦ ਨਾਲ ‘ਜਗ ਬਾਣੀ’ ਨੇ ਪ੍ਰਕਾਸ਼ਿਤ ਕੀਤਾ ਹੈ)