Electric Rod ਨਾਲ ਪਾਣੀ ਗਰਮ ਕਰਦੇ ਸਮੇਂ ਕਰੰਟ ਲੱਗਣ ਨਾਲ ਇਕ ਵਿਅਕਤੀ ਦੀ ਮੌਤ
Sunday, Nov 16, 2025 - 03:34 PM (IST)
ਨੈਸ਼ਨਲ ਡੈਸਕ- ਉੱਤਰ ਪ੍ਰਦੇਸ਼ ਦੇ ਕੋਤਵਾਲੀ ਥਾਣਾ ਖੇਤਰ ਦੇ ਕੋਦਾਰੋਟੀ ਪਿੰਡ 'ਚ ਸ਼ਨੀਵਾਰ ਸਵੇਰੇ ਪਾਣੀ ਗਰਮ ਕਰਦੇ ਸਮੇਂ ਕਰੰਟ ਲੱਗਣ ਨਾਲ ਇਕ ਵਿਅਕਤੀ ਦੀ ਮੌਤ ਹੋ ਗਈ। ਚੌਕੀ ਇੰਚਾਰਜ ਨਰਿੰਦਰ ਉਈਕੇ ਨੇ ਦੱਸਿਆ ਕਿ ਕੋਦਾਰੋਟੀ ਵਾਸੀ ਪ੍ਰੇਮਨਾਰਾਇਣ ਨੰਦਾ (52) ਨਹਾਉਣ ਲਈ ਬਾਲਟੀ 'ਚ ਪਾਣੀ ਗਰਮ ਕਰਨ ਲਈ ਇਲੈਕਟ੍ਰਿਕ ਰਾਡ ਲਗਾ ਰਹੇ ਸਨ। ਇਸ ਦੌਰਾਨ ਰਾਡ 'ਚ ਅਚਾਨਕ ਕਰੰਟ ਆ ਗਿਆ, ਜਿਸ ਨਾਲ ਉਨ੍ਹਾਂ ਨੂੰ ਤੇਜ਼ ਝਟਕਾ ਲੱਗਾ ਅਤੇ ਉਨ੍ਹਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ। ਸੂਚਨਾ ਮਿਲਦੇ ਹੀ ਸੋਨਾਘਾਟੀ ਚੌਕੀ ਪੁਲਸ ਮੌਕੇ 'ਤੇ ਪਹੁੰਚੀ ਅਤੇ ਲਾਸ਼ ਨੂੰ ਪੋਸਟਮਾਰਟਮ ਲਈ ਜ਼ਿਲ੍ਹਾ ਹਸਪਤਾਲ ਭੇਜਿਆ।
ਪੁਲਸ ਨੇ ਮਾਮਲਾ ਦਰਜ ਕਰ ਕੇ ਘਟਨਾ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਸਰਦੀਆਂ 'ਚ ਘੱਟ ਕੀਮਤ 'ਤੇ ਆਸਾਨੀ ਨਾਲ ਮਿਲਣ ਵਾਲੀ ਇਲੈਕਟ੍ਰਿਕ ਰਾਡ ਨਾਲ ਪਾਣੀ ਗਰਮ ਕਰਦੇ ਹੋਏ ਅਜਿਹੇ ਹਾਦਸੇ ਹਰ ਸਾਲ ਸਾਹਮਣੇ ਆਉਂਦੇ ਹਨ। ਮਾਹਿਰਾਂ ਦਾ ਕਹਿਣਾ ਹੈ ਕਿ ਬਿਨਾਂ ਸੁਰੱਖਿਆ ਮਾਨਕਾਂ ਵਾਲੇ ਉਪਕਰਣ ਗੰਭੀਰ ਖ਼ਤਰਾ ਪੈਦਾ ਕਰਦੇ ਹਨ। ਉਨ੍ਹਾਂ ਸਲਾਹ ਦਿੱਤੀ ਕਿ ਪਾਣੀ ਗਰਮ ਕਰਦੇ ਸਮੇਂ ਤਾਰ ਸੁੱਕੇ ਰੱਖੋ, ਖ਼ਰਾਬ ਜਾਂ ਜੰਗ ਲੱਗੀ ਰਾਡ ਦੀ ਵਰਤੋਂ ਨਾ ਕਰੋ ਅਤੇ ਅਜਿਹੇ ਉਪਕਰਣ ਬੱਚਿਆਂ ਦੀ ਪਹੁੰਚ ਤੋਂ ਦੂਰ ਰੱਖੋ। ਨਾਲ ਹੀ ਬਾਜ਼ਾਰ 'ਚ ਉਪਲੱਬਧ ਬਿਨਾਂ ਪ੍ਰਮਾਣਿਤ ਰਾਡ ਤੋਂ ਬਚਣ ਦੀ ਵੀ ਹਿਦਾਇਤ ਦਿੱਤੀ ਗਈ।
