ਟਿਕਟ ਦੇ ਜੁਗਾੜ ’ਚ ਪਾਲਾ ਬਦਲਣ ਲੱਗੇ ਆਗੂ, ਅਮਿਤ ਸ਼ਾਹ ਨੂੰ ਮਿਲੇ ਚੌਧਰੀ ਜ਼ੁਲਫਿਕਾਰ, 2 ਪਾਰਟੀਆਂ ਨੂੰ ਲੱਗਾ ਝਟਕਾ

Sunday, Aug 18, 2024 - 04:44 AM (IST)

ਟਿਕਟ ਦੇ ਜੁਗਾੜ ’ਚ ਪਾਲਾ ਬਦਲਣ ਲੱਗੇ ਆਗੂ, ਅਮਿਤ ਸ਼ਾਹ ਨੂੰ ਮਿਲੇ ਚੌਧਰੀ ਜ਼ੁਲਫਿਕਾਰ, 2 ਪਾਰਟੀਆਂ ਨੂੰ ਲੱਗਾ ਝਟਕਾ

ਜੰਮੂ (ਉਦੈ) : ਜੰਮੂ-ਕਸ਼ਮੀਰ ’ਚ ਕਰੀਬ 10 ਸਾਲਾਂ ਬਾਅਦ ਹੋਣ ਜਾ ਰਹੀਆਂ ਵਿਧਾਨ ਸਭਾ ਚੋਣਾਂ ਦੇ ਐਲਾਨ ਤੋਂ ਤੁਰੰਤ ਬਾਅਦ ਹੀ ਸਿਆਸੀ ਪਾਰਟੀਆਂ ਨਾਲ ਜੁੜੇ ਆਗੂਆਂ ਨੇ ਆਪਣੀਆਂ ਟਿਕਟਾਂ ਪੱਕੀਆਂ ਕਰਨ ਲਈ ਪਾਲਾ ਬਦਲਣਾ ਸ਼ੁਰੂ ਕਰ ਦਿੱਤਾ ਹੈ। ਵਿਧਾਨ ਸਭਾ ਹਲਕਿਆਂ ਦੀ ਹੱਦਬੰਦੀ ਤੋਂ ਬਾਅਦ ਬਦਲੇ ਸਮੀਕਰਨ ਨੂੰ ਦੇਖਦੇ ਹੋਏ ਵਿਧਾਨ ਸਭਾ ਚੋਣਾਂ ਲੜਨ ਦੇ ਇੱਛੁਕ ਆਗੂਆਂ ਨੇ ਉਨ੍ਹਾਂ ਪਾਰਟੀਆਂ ’ਚ ਸ਼ਾਮਲ ਹੋਣ ਦਾ ਫੈਸਲਾ ਕੀਤਾ ਹੈ, ਜਿਥੋਂ ਉਹ ਆਸਾਨੀ ਨਾਲ ਜਿੱਤ ਯਕੀਨੀ ਬਣਾ ਸਕਦੇ ਹਨ।

ਸ਼ਨੀਵਾਰ ਨੂੰ ਸਾਬਕਾ ਮੁੱਖ ਮੰਤਰੀ ਗੁਲਾਮ ਨਬੀ ਆਜ਼ਾਦ ਦੀ ਪਾਰਟੀ ਡੀ.ਪੀ.ਏ.ਪੀ. ਨੂੰ ਉਸ ਸਮੇਂ ਵੱਡਾ ਝਟਕਾ ਲੱਗਾ ਜਦੋਂ ਸੀਨੀਅਰ ਨੇਤਾ ਅਤੇ ਸਾਬਕਾ ਮੰਤਰੀ ਤਾਜ ਮੋਹੀਉਦੀਨ ਨੇ ਪਾਰਟੀ ਨੂੰ ਅਲਵਿਦਾ ਕਹਿ ਦਿੱਤਾ। ਦੱਸਿਆ ਜਾ ਰਿਹਾ ਹੈ ਕਿ ਉਹ ਕਾਂਗਰਸ ’ਚ ਸ਼ਾਮਲ ਹੋਣਗੇ।

ਉਨ੍ਹਾਂ ਪ੍ਰੈੱਸ ਕਾਨਫਰੰਸ ’ਚ ਦੱਸਿਆ ਕਿ 4 ਦਹਾਕਿਆਂ ਤੱਕ ਕਾਂਗਰਸ ’ਚ ਰਹਿਣ ਤੋਂ ਬਾਅਦ ਉਹ ਡੀ.ਪੀ.ਏ.ਪੀ. ਨਾਲ ਜੁੜੇ। ਹੁਣ ਆਪਣੇ ਹਮਾਇਤੀਆਂ ਅਤੇ ਜਨਤਾ ਦੀਆਂ ਇੱਛਾਵਾਂ ਅਨੁਸਾਰ ਜਲਦੀ ਹੀ ਮੁੜ ਕਾਂਗਰਸ ’ਚ ਸ਼ਾਮਲ ਹੋਣਗੇ। ਉਹ ਉੱਤਰੀ ਕਸ਼ਮੀਰ ’ਚ ਉੜੀ ਦੇ ਪੂਰਬ ਤੋਂ ਜੰਮੂ ਅਤੇ ਕਸ਼ਮੀਰ ਦੇ ਵਿਧਾਨ ਸਭਾ ਹਲਕੇ ਤੋਂ ਕਾਂਗਰਸ ਦੀ ਟਿਕਟ ’ਤੇ ਚੋਣ ਲੜੇ ਅਤੇ ਇਕ ਵਿਧਾਇਕ ਤੋਂ ਬਾਅਦ ਮੰਤਰੀ ਬਣੇ ਸਨ।

ਇਹ ਵੀ ਪੜ੍ਹੋ- ਕੀ ਸੱਤਾ ਵਿਰੋਧੀ ਲਹਿਰ ਤੇ ਕਿਸਾਨਾਂ ਦੀ ਨਾਰਾਜ਼ਗੀ ਤੋਂ ਪਾਰ ਪਾ ਸਕੇਗੀ ਭਾਜਪਾ ?

ਇਸੇ ਤਰ੍ਹਾਂ ਕਸ਼ਮੀਰ ’ਚ ਆਪਣਾ ਆਧਾਰ ਬਣਾ ਰਹੀ ਆਪਣੀ ਪਾਰਟੀ ਦੇ ਸੀਨੀਅਰ ਆਗੂ ਚੌਧਰੀ ਜ਼ੁਲਫ਼ਿਕਾਰ ਵੀ ਪਾਰਟੀ ਛੱਡ ਕੇ ਭਾਰਤੀ ਜਨਤਾ ਪਾਰਟੀ ’ਚ ਸ਼ਾਮਲ ਹੋਣ ਜਾ ਰਹੇ ਹਨ। ਸੂਤਰਾਂ ਮੁਤਾਬਕ ਚੌਧਰੀ ਜ਼ੁਲਫਿਕਾਰ ਐਤਵਾਰ ਨੂੰ ਜੰਮੂ ਸਥਿਤ ਭਾਜਪਾ ਹੈੱਡਕੁਆਰਟਰ ਤੋਂ ਪਾਰਟੀ ’ਚ ਸ਼ਾਮਲ ਹੋਣਗੇ। ਹਾਲਾਂਕਿ, ਸ਼ਨੀਵਾਰ ਨੂੰ ਉਨ੍ਹਾਂ ਨੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਮੁਲਾਕਾਤ ਕੀਤੀ ਅਤੇ ਜੰਮੂ-ਕਸ਼ਮੀਰ ਦੇ ਸਿਆਸੀ ਹਾਲਾਤ ਅਤੇ ਹੋਰ ਮੁੱਦਿਆਂ ’ਤੇ ਚਰਚਾ ਕੀਤੀ।

ਜ਼ੁਲਫ਼ਿਕਾਰ ਦੇ ਪਿਤਾ ਨੈਕਾਂ ’ਚ ਮੰਤਰੀ ਰਹਿ ਚੁੱਕੇ ਹਨ ਅਤੇ ਉਨ੍ਹਾਂ ਨੇ ਵੀ ਆਪਣਾ ਸਿਆਸੀ ਕਰੀਅਰ ਪੀਪਲਜ਼ ਡੈਮੋਕ੍ਰੇਟਿਕ ਪਾਰਟੀ ਨਾਲ ਸ਼ੁਰੂ ਕੀਤਾ ਅਤੇ ਦਰਹਾਲ ਤੋਂ ਵਿਧਾਇਕ ਬਣੇ। ਬਾਅਦ ’ਚ ਪੀ.ਡੀ.ਪੀ. ’ਚ ਮੰਤਰੀ ਵੀ ਬਣਾਇਆ। ਪੀ.ਡੀ.ਪੀ.-ਭਾਜਪਾ ਗੱਠਜੋੜ ਟੁੱਟਣ ਅਤੇ ਧਾਰਾ 370 ਨੂੰ ਖ਼ਤਮ ਕਰਨ ਤੋਂ ਬਾਅਦ ਉਹ ਸਈਅਦ ਮੁਹੰਮਦ ਅਲਤਾਫ ਬੁਖਾਰੀ ਦੀ ਆਪਣੀ ਪਾਰਟੀ ’ਚ ਸ਼ਾਮਲ ਹੋ ਗਏ।

ਇਹ ਵੀ ਪੜ੍ਹੋ- ਕੋਲਕਾਤਾ 'ਚ ਹੋਏ ਜਬਰ-ਜਨਾਹ ਤੇ ਕਤਲ ਦੇ ਮਾਮਲੇ 'ਚ ਡਾਕਟਰਾਂ ਨੇ ਸੜਕਾਂ ਕੀਤੀਆਂ ਜਾਮ, OPDs ਵੀ ਰਹੇ ਬੰਦ

ਕੇਂਦਰ ਸਰਕਾਰ ਵੱਲੋਂ ਪਹਾੜੀ ਭਾਈਚਾਰੇ ਨੂੰ ਵੀ ਰਾਖਵਾਂਕਰਨ ਦਿੱਤੇ ਜਾਣ ਤੋਂ ਬਾਅਦ ਉਨ੍ਹਾਂ ਨੇ ਭਾਜਪਾ ’ਚ ਸ਼ਾਮਲ ਹੋਣਾ ਉਚਿਤ ਸਮਝਿਆ। ਰਾਜੌਰੀ ਦੇ ਦਰਹਾਲ ਇਲਾਕੇ ’ਚ ਪਹਾੜੀਆਂ ਦੀ ਵੱਡੀ ਗਿਣਤੀ ਹੈ ਅਤੇ ਉਹ ਗੁੱਜਰ ਆਗੂ ਹੋਣ ਦਾ ਲਾਹਾ ਲੈ ਸਕਦੇ ਹਨ। ਰਾਜੌਰੀ ਜ਼ਿਲੇ ’ਚ ਦੂਜੇ ਪੜਾਅ ਤਹਿਤ 25 ਸਤੰਬਰ ਨੂੰ ਚੋਣਾਂ ਹੋਣੀਆਂ ਹਨ। ਆਉਣ ਵਾਲੇ ਦਿਨਾਂ ’ਚ ਹੋਰ ਆਗੂ ਵੀ ਟਿਕਟਾਂ ਲੈ ਕੇ ਪਾਰਟੀਆਂ ਨੂੰ ਅਲਵਿਦਾ ਕਹਿ ਸਕਦੇ ਹਨ।

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e


author

Harpreet SIngh

Content Editor

Related News