ਚੋਣ ਕਮਿਸ਼ਨ ਵਲੋਂ 5 ਸੂਬਿਆਂ ਦੀਆਂ ਵਿਧਾਨ ਸਭਾ ਚੋਣਾਂ ਦੀਆਂ ਤਾਰੀਖ਼ਾਂ ਦਾ ਐਲਾਨ

Saturday, Jan 08, 2022 - 08:31 PM (IST)

ਨਵੀਂ ਦਿੱਲੀ- ਚੋਣ ਕਮਿਸ਼ਨ ਨੇ ਸ਼ਨੀਵਾਰ ਨੂੰ ਪੰਜਾਬ ਸਮੇਤ 5 ਸੂਬਿਆਂ ’ਚ ਵਿਧਾਨ ਸਭਾ ਚੋਣਾਂ ਦੀਆਂ ਤਾਰੀਖ਼ਾਂ ਦਾ ਐਲਾਨ ਕਰ ਦਿੱਤਾ ਹੈ। ਸਾਰੇ ਸੂਬਿਆਂ ’ਚ 7 ਗੇੜਾਂ ’ਚ ਵੋਟਿੰਗ ਦੀ ਪ੍ਰਕਿਰਿਆ ਸੰਪੰਨ ਹੋ ਜਾਵੇਗੀ। ਉੱਤਰ ਪ੍ਰਦੇਸ਼ ’ਚ ਵਿਧਾਨ ਸਭਾ ਚੋਣਾਂ ਦੇ ਅਧੀਨ 10 ਫਰਵਰੀ ਤੋਂ ਲੈ ਕੇ 7 ਮਾਰਚ ਤੱਕ 7 ਗੇੜਾਂ ’ਚ ਵੋਟਿੰਗ ਹੋਵੇਗੀ। ਉੱਥੇ ਹੀ ਪੰਜਾਬ, ਉਤਰਾਖੰਡ ਅਤੇ ਗੋਆ ’ਚ 14 ਫਰਵਰੀ ਨੂੰ ਇਕ ਗੇੜ ’ਚ ਵੋਟਾਂ ਪਾਈਆਂ ਜਾਣਗੀਆਂ। ਮਣੀਪੁਰ ’ਚ 2 ਗੇੜਾਂ 27 ਫਰਵਰੀ ਅਤੇ ਤਿੰਨ ਮਾਰਚ ਨੂੰ ਵੋਟਿੰਗ ਹੋਵੇਗੀ। ਸਾਰੇ ਸੂਬਿਆਂ ਦੀਆਂ ਵਿਧਾਨ ਸਭਾ ਚੋਣਾਂ ਦੀ ਵੋਟਾਂ ਦੀ ਗਿਣਤੀ 10 ਮਾਰਚ ਨੂੰ ਹੋਵੇਗੀ। 

ਇਹ ਵੀ ਪੜ੍ਹੋ : ਵਿਧਾਨ ਸਭਾ ਚੋਣਾਂ ’ਤੇ ਚੋਣ ਕਮਿਸ਼ਨ ਦੀ ਪ੍ਰੈੱਸ ਕਾਨਫਰੰਸ, ਲਏ ਅਹਿਮ ਫ਼ੈਸਲੇ

ਮੁੱਖ ਚੋਣ ਕਮਿਸ਼ਨਰ ਸੁਸ਼ੀਲ ਚੰਦਰਾ ਨੇ ਇਕ ਪੱਤਰਕਾਰ ਸੰਮੇਲਨ ’ਚ ਚੋਣਾਂ ਸੰਬੰਧੀ ਤਾਰੀਖ਼ਾਂ ਦਾ ਐਲਾਨ ਕੀਤਾ। ਉਨ੍ਹਾਂ ਕਿਹਾ ਕਿ ਸਾਰੇ ਵੋਟਿੰਗ ਕੇਂਦਰਾਂ ’ਤੇ ਸੈਨੇਟਾਈਜ਼ਰ ਅਤੇ ਮਾਸਕ ਵਰਗੀਆਂ ਕੋਰੋਨਾ ਤੋਂ ਬਚਾਅ ਦੀਆਂ ਸਹੂਲਤਾਂ ਉਪਲੱਬਧ ਹੋਣਗੀਆਂ ਅਤੇ ਵੋਟਿੰਗ ਕੇਂਦਰਾਂ ਦੀ ਗਿਣਤੀ ਵੀ ਵਧਾਈ ਜਾਵੇਗੀ। ਉੱਤਰ ਪ੍ਰਦੇਸ਼ ’ਚ ਵਿਧਾਨ ਸਭਾ ਦਾ ਕਾਰਜਕਾਲ 14 ਮਈ ਨੂੰ ਪੂਰਾ ਹੋ ਰਿਹਾ ਹੈ, ਜਦੋਂ ਕਿ ਉਤਰਾਖੰਡ ਅਤੇ ਪੰਜਾਬ ’ਚ ਵਿਧਾਨ ਸਭਾ ਦਾ ਕਾਰਜਕਾਲ 23 ਮਾਰਚ ਨੂੰ ਖ਼ਤਮ ਹੋ ਰਿਹਾ ਹੈ। ਗੋਆ ਵਿਧਾਨ ਸਭਾ ਦਾ ਕਾਰਜਕਾਲ 15 ਮਾਰਚ ਅਤੇ ਮਣੀਪੁਰ ’ਚ ਕਾਰਜਕਾਲ 19 ਮਾਰਚ ਨੂੰ ਖ਼ਤਮ ਹੋ ਰਿਹਾ ਹੈ। ਚੋਣਾਂ ਦੇ ਐਲਾਨ ਦੇ ਨਾਲ ਹੀ ਸਾਰੇ 5 ਸੂਬਿਆਂ ’ਚ ਚੋਣ ਜ਼ਾਬਤਾ ਲਾਗੂ ਹੋ ਗਈ ਹੈ। ਦੱਸਣਯੋਗ ਹੈ ਕਿ ਗੋਆ ’ਚ ਵਿਧਾਨ ਸਭਾ ਦੀਆਂ 40 ਸੀਟਾਂ ਹਨ, ਜਦੋਂ ਕਿ ਪੰਜਾਬ ’ਚ 117, ਮਣੀਪੁਰ ’ਚ 60 ਅਤੇ ਉਤਰਾਖੰਡ ’ਚ ਵਿਧਾਨ ਸਭਾ ਦੇ 71 ਚੋਣ ਖੇਤਰ ਹਨ। ਦੇਸ਼ ਦੇ ਸਭ ਤੋਂ ਵੱਡੇ ਸੂਬੇ ਉੱਤਰ ਪ੍ਰਦੇਸ਼ ’ਚ ਵਿਧਾਨ ਸਭਾ ਦੀਆਂ 403 ਸੀਟਾਂ ਹਨ। ਚੋਣ ਕਮਿਸ਼ਨ ਇਨ੍ਹਾਂ ਸੂਬਿਆਂ ’ਚ ਚੋਣਾਂ ਦੀ ਤਿਆਰੀ ਦੇ ਸਿਲਸਿਲੇ ’ਚ ਪਿਛਲੇ ਕਈ ਦਿਨਾਂ ਤੋਂ ਕੇਂਦਰ ਅਤੇ ਸੂਬਾ ਸਰਕਾਰ ਦੇ ਅਧਿਕਾਰੀਆਂ ਅਤੇ ਸਿਆਸੀ ਦਲਾਂ ਦੇ ਪ੍ਰਤੀਨਿਧੀਆਂ ਨਾਲ ਵਿਚਾਰ ਵਟਾਂਦਰੇ ਦੀ ਪ੍ਰਕਿਰਿਆ ਪੂਰੀ ਕਰ ਚੁਕਿਆ ਹੈ। ਇਨ੍ਹਾਂ ਸੂਬਿਆਂ ਦੀ ਵੋਟਰ ਸੂਚੀ ਦੀ ਸਮੀਖਿਆ ਵੀ ਹੋ ਚੁਕੀ ਹੈ। ਕਮਿਸ਼ਨ ਨੇ ਸੂਬਿਆਂ ਤੋਂ ਚੋਣ ਡਿਊਟੀ ’ਤੇ ਲਗਾਏ ਜਾਣ ਵਾਲੇ ਕਰਮੀਆਂ ਦੇ ਪੂਰਨ ਟੀਕਾਕਰਨ ’ਤੇ ਜ਼ੋਰ ਦਿੱਤਾ ਹੈ।

ਨੋਟ-ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰ ਕੇ ਦੱਸੋ


DIsha

Content Editor

Related News