ਮਿਰਚ ਖਾਣ ਨਾਲ 40 ਫੀਸਦੀ ਤੱਕ ਘੱਟ ਸਕਦੈ ਹਾਰਟ ਅਟੈਕ ਨਾਲ ਮੌਤ ਦਾ ਖਤਰਾ

12/23/2019 6:05:02 PM

ਨਵੀਂ ਦਿੱਲੀ - ਜੇਕਰ ਤੁਸੀਂ ਮਿਰਚ ਖਾਣਾ ਪਸੰਦ ਨਹੀਂ ਕਰਦੇ ਹੋ ਤਾਂ ਆਪਣੀ ਇਹ ਆਦਤ ਬਦਲ ਦਿਓ। ਲਾਈਫ ਦੇ ਨਾਲ-ਨਾਲ ਡਾਈਟ ’ਚ ਵੀ ਕੁਝ ਸਪਾਈਸੀ ਯਾਨੀ ਤਿੱਖਾਪਣ ਅਤੇ ਮਿਰਚ ਐਡ ਕਰਨਾ ਤੁਹਾਡੇ ਲਈ ਫਾਇਦੇਮੰਦ ਸਾਬਿਤ ਹੋ ਸਕਦਾ ਹੈ। ਇਕ ਨਵੀਂ ਖੋਜ ਮੁਤਾਬਕ ਮਿਰਚ ਦਾ ਤਿੱਖਾ ਅਤੇ ਕਸੈਲਾ ਸਵਾਦ ਹਾਰਟ ਅਟੈਕ, ਸਟ੍ਰੋਕ ਅਤੇ ਹੋਰ ਕਈ ਦੂਸਰੀਆਂ ਦਿਲ ਨਾਲ ਜੁੜੀਆਂ ਬੀਮਾਰੀਆਂ ਤੋਂ ਹੋਣ ਵਾਲੀ ਮੌਤ ਦੇ ਖਤਰੇ ਨੂੰ ਕਾਫੀ ਹੱਦ ਤੱਕ ਘਟਾ ਸਕਦਾ ਹੈ। ਜਰਨਲ ਆਫ ਅਮਰੀਕਨ ਕਾਲਜ ਆਫ ਕਾਰਡੀਓਲੋਜੀ ’ਚ ਇਹ ਸਟੱਡੀ ਪ੍ਰਕਾਸ਼ਿਤ ਹੋਈ ਹੈ।

ਸਟ੍ਰੋਕ ਦਾ ਖਤਰਾ 61 ਫੀਸਦੀ, ਹਾਰਟ ਅਟੈਕ ਦਾ ਖਤਰਾ 40 ਫੀਸਦੀ ਤੱਕ ਘੱਟ

23 ਹਜ਼ਾਰ ਲੋਕਾਂ ’ਤੇ ਕੀਤੀ ਗਈ ਇਸ ਸਟੱਡੀ ’ਚ ਖੋਜਕਾਰਾਂ ਨੇ ਪਾਇਆ ਕਿ ਨਿਯਮਤ ਤੌਰ ’ਤੇ ਜੇਕਰ ਮਿਰਚ ਦਾ ਸੇਵਨ ਕੀਤਾ ਜਾਵੇ ਤਾਂ ਸਟ੍ਰੋਕ ਦਾ ਖਤਰਾ 61 ਫੀਸਦੀ, ਹਾਰਟ ਅਟੈਕ ਦਾ ਖਤਰਾ 40 ਫੀਸਦੀ ਅਤੇ ਆਈਸੈਮਿਕ ਹਾਰਟ ਡਿਜ਼ੀਜ਼ ਨਾਲ ਮੌਤ ਦਾ ਖਤਰਾ 44 ਫੀਸਦੀ ਤੱਕ ਘੱਟ ਹੋ ਜਾਂਦਾ ਹੈ। ਆਖਿਰ ਮਿਰਚ ਇੰਨੀ ਸ਼ਕਤੀਸ਼ਾਲੀ ਕਿਉਂ ਹੈ? ਚਿੱਲੀ ਪੇਪਰਸ ਯਾਨੀ ਮਿਰਚ ’ਚ ਕੈਪਸੇਸਿਨ ਪਾਇਆ ਜਾਂਦਾ ਹੈ ਜੋ ਸਰੀਰ ’ਚ ਇੰਫਲੇਮੇਸ਼ਨ ਯਾਨੀ ਸੋਜ਼ਿਸ਼ ਅਤੇ ਜਲਨ ਨੂੰ ਘੱਟ ਕਰਨ ’ਚ ਮਦਦ ਕਰਦਾ ਹੈ।

ਤੁਹਾਡੀ ਡਾਇਟ ਕਿਹੋ ਜਿਹੀ ਹੈ ਇਸ ਗੱਲ ਨਾਲ ਕੋਈ ਫਰਕ ਨਹੀਂ ਪੈਂਦਾ

ਇਸ ਸਟੱਡੀ ਦੇ ਆਥਰ ਡਾ. ਮਾਰਿਆਲਾਰਾ ਬੋਨਾਸੀਓ ਦੀ ਮੰਨੀਏ ਤਾਂ ‘ਲੋਕਾਂ ਦੀ ਡਾਇਟ ਕਿਹੋ ਜਿਹੀ ਹੈ, ਹੈਲਦੀ ਹੈ ਜਾਂ ਨਹੀਂ, ਇਸ ਗੱਲ ਨਾਲ ਕੋਈ ਫਰਕ ਨਹੀਂ ਪੈਂਦਾ। ਸਿਰਫ ਮਿਰਚ ਨੂੰ ਡਾਈਟ ’ਚ ਸ਼ਾਮਲ ਕਰਨ ਨਾਲ ਮੌਤ ਦਾ ਖਤਰਾ ਆਪਣੇ-ਆਪ ਘੱਟ ਹੋ ਜਾਂਦਾ ਹੈ। ਦੂਸਰੇ ਸ਼ਬਦਾਂ ’ਚ ਕਹੀਏ ਤਾਂ ਕੋਈ ਵਿਅਕਤੀ ਹੈਲਦੀ ਮੈਡੀਟੇਰੀਅਨ ਡਾਈਟ ਫਾਲੋ ਕਰਦਾ ਹੈ ਅਤੇ ਕੋਈ ਵਿਅਕਤੀ ਘੱਟ ਹੈਲਦੀ ਡਾਈਟ ਦਾ ਸੇਵਨ ਕਰਦਾ ਹੈ। ਦੋਵੇਂ ਹੀ ਤਰ੍ਹਾਂ ਦੇ ਲੋਕ ਜੇਕਰ ਮਿਰਚ ਦਾ ਸੇਵਨ ਕਰਨ ਤਾਂ ਉਨ੍ਹਾਂ ਵਿਚ ਦਿਲ ਦੀਆਂ ਬੀਮਾਰੀਆਂ ਨਾਲ ਮੌਤ ਦਾ ਖਤਰਾ ਬਹੁਤ ਘੱਟ ਹੋ ਜਾਏਗਾ।

ਮਿਰਚ ਦੇ ਸੇਵਨ ਨਾਲ ਕੈਂਸਰ, ਡਾਇਬਿਟੀਜ਼ ਦਾ ਖਤਰਾ ਵੀ ਹੁੰਦੈ ਘੱਟ

ਸਟੱਡੀ ਦੇ ਨਤੀਜੇ ’ਚ ਇਹ ਗੱਲ ਸਾਹਮਣੀ ਆਈ ਹੈ ਕਿ ਜਿਨ੍ਹਾਂ ਲੋਕਾਂ ਨੇ ਹਫਤੇ ’ਚ 4 ਵਾਰ ਮਿਰਚ ਦਾ ਸੇਵਨ ਕੀਤਾ, ਉਨ੍ਹਾਂ ਵਿਚ ਹਾਰਟ ਡਿਜ਼ੀਜ਼ ਨਾਲ ਮੌਤ ਦਾ ਖਤਰਾ ਉਨ੍ਹਾਂ ਦੇ ਮੁਕਾਬਲੇ ਬਹੁਤ ਘੱਟ ਹੋ ਗਿਆ ਜਿਨ੍ਹਾਂ ਨੇ ਮਿਰਚ ਦਾ ਸੇਵਨ ਬਿਲਕੁਲ ਨਹੀਂ ਕੀਤਾ। ਕੁਝ ਸਟੱਡੀਜ਼ ’ਚ ਇਹ ਗੱਲ ਵੀ ਸਾਹਮਣੇ ਆ ਚੁੱਕੀ ਹੈ ਕਿ ਚਿੱਲੀ ਪੇਪਰ ਦਾ ਸੇਵਨ ਕਰਨ ਨਾਲ ਕੈਂਸਰ ਅਤੇ ਡਾਇਬਿਟੀਜ਼ ਦਾ ਖਤਰਾ ਵੀ ਬਹੁਤ ਘੱਟ ਜਾਂਦਾ ਹੈ। ਅਜਿਹਾ ਇਸ ਲਈ ਹੁੰਦਾ ਹੈ ਕਿਉਂਕਿ ਮਿਰਚ ਅੰਤੜੀ ’ਚ ਮੌਜੂਦ ਬੈਕਟੀਰੀਆ ਨੂੰ ਬੜ੍ਹਾਵਾ ਦਿੰਦੀ ਹੈ ਅਤੇ ਮੋਟਾਪੇ ਨੂੰ ਕੰਟਰੋਲ ਕਰਨ ’ਚ ਵੀ ਮਦਦ ਕਰਦੀ ਹੈ।

Inder Prajapati

This news is Content Editor Inder Prajapati