ਰਾਜਸਥਾਨ ਦੇ ਕਈ ਪਿੰਡਾਂ ’ਚ ਫਲੋਰਾਈਡ ਕਾਰਨ ਬੱਚਿਆਂ ਅਤੇ ਬਜ਼ੁਰਗਾਂ ਦੇ ਪੈਰ ਟੇਢੇ ਹੋਏ

Monday, Jan 16, 2023 - 01:39 PM (IST)

ਰਾਜਸਥਾਨ ਦੇ ਕਈ ਪਿੰਡਾਂ ’ਚ ਫਲੋਰਾਈਡ ਕਾਰਨ ਬੱਚਿਆਂ ਅਤੇ ਬਜ਼ੁਰਗਾਂ ਦੇ ਪੈਰ ਟੇਢੇ ਹੋਏ

ਸਾਂਭਰ (ਭਾਸ਼ਾ)- 2 ਚਚੇਰੇ ਭਰਾ, ਜਿਨ੍ਹਾਂ ਦੀ ਉਮਰ ਕ੍ਰਮਵਾਰ 18 ਅਤੇ 6 ਸਾਲ ਹੈ, ਨੂੰ ਪੈਰਾਂ ਦੇ ਟੇਢਾ ਹੋਣ ਅਤੇ ਵਿਕਾਸ ਰੁਕਣ ਦੀ ਸਮੱਸਿਆ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਹ ਦੋਵੇਂ ਹੀ ਇਕੱਲੇ ਇਸ ਸਮੱਸਿਆ ਤੋਂ ਪੀੜਤ ਨਹੀਂ ਹਨ ਕਿਉਂਕਿ ਉਨ੍ਹਾਂ ਦੇ ਸਾਂਝੇ ਪਰਿਵਾਰ ਦੇ ਕਈ ਬੱਚੇ ਅਤੇ ਬਜ਼ੁਰਗ ਵੀ ਜੋੜਾਂ ਦੇ ਦਰਦ ਤੋਂ ਪੀੜਤ ਹਨ। ਉਹ ਜਾਣਦੇ ਹਨ ਕਿ ਇਨ੍ਹਾਂ ਸਮੱਸਿਆਵਾਂ ਦੀ ਜੜ੍ਹ ਉਹ ਪਾਣੀ ਹੈ, ਜੋ ਉਹ ਪੀ ਰਹੇ ਹਨ ਪਰ ਕੁਝ ਨਹੀਂ ਕਰ ਸਕਦੇ ਕਿਉਂਕਿ ਹੋਰ ਕੋਈ ਬਦਲ ਨਹੀਂ ਹੈ। ਇਹ ਕਹਾਣੀ ਇਨ੍ਹਾਂ ਦੇ ਹੀ ਪਰਿਵਾਰ ਦੀ ਨਹੀਂ ਹੈ, ਸਗੋਂ ਰਾਜਸਥਾਨ ’ਚ ਸਥਿਤ ਭਾਰਤ ਦੀ ਸਭ ਤੋਂ ਵੱਡੀ ਖਾਰੇ ਪਾਣੀ ਦੀ ਝੀਲ ਸਾਂਭਰ ਤੋਂ ਕਰੀਬ 80 ਕਿਲੋਮੀਟਰ ਦੂਰ ਸਾਂਭਰ ਬਲਾਕ ਦੇ ਦੇਵਪੁਰਾ ਅਤੇ ਮੁੰਡਵਾੜਾ ਪਿੰਡਾਂ ਦੇ ਹੋਰ ਪਰਿਵਾਰਾਂ ਦੀ ਵੀ ਹੈ। ਦਿੱਲੀ ਸਥਿਤ ਫੋਰਟਿਸ ਐਸਕਾਰਟ ਹਸਪਤਾਲ 'ਚ ਜੁਆਇੰਟ ਟਰਾਂਸਪਲਾਂਟ ਅਤੇ ਆਰਥੋਪੈਡਿਕਸ ਵਿਭਾਗ ਦੇ ਡਾਇਰੈਕਟਰ ਡਾ. ਅਮਨ ਦੁਆ ਦੱਸਦੇ ਹਨ ਕਿ ਜੇਕਰ ਪਾਣੀ 'ਚ ਫਲੋਰਾਈਡ ਦੀ ਮਾਤਰਾ ਇਕ ਮਿਲੀਗ੍ਰਾਮ ਪ੍ਰਤੀ ਲੀਟਰ ਤੋਂ ਵੱਧ ਹੋਵੇ ਤਾਂ ਹੱਡੀਆਂ ਕਮਜ਼ੋਰ ਹੋਣ ਲੱਗਦੀਆਂ ਹਨ। ਉਨ੍ਹਾਂ ਨੇ ਦੱਸਿਆ,"ਇਸ ਨਾਲ ਹੱਡੀਆਂ ਵਿਚ ਅੰਤਰ ਆਉਣ ਲੱਗਦਾ ਹੈ, ਜੋੜਾਂ ਵਿਚ ਵਿਗਾੜ ਪੈਦਾ ਹੁੰਦਾ ਹੈ ਅਤੇ ਇਸ ਦੇ ਲੱਛਣ ਖਾਸ ਤੌਰ 'ਤੇ ਰੀੜ੍ਹ ਦੀ ਹੱਡੀ ਵਿਚ ਦੇਖਣ ਨੂੰ ਮਿਲਦੇ ਹਨ। ਜਿਸ ਨਾਲ ਨਸਾਂ 'ਤੇ ਦਬਾਅ ਵਧ ਸਕਦਾ ਹੈ ਅਤੇ ਲੰਬੇ ਸਮੇਂ ਤੱਕ ਫਲੋਰਾਈਡ ਯੁਕਤ ਪਾਣੀ ਦਾ ਇਸਤੇਮਾਲ ਕਰਨ ਨਾਲ ਪੈਰ ਕਮਜ਼ੋਰ ਹੋ ਜਾਂਦੇ ਹਨ।'' 

ਸੈਂਟਰਲ ਗਰਾਊਂਡ ਵਾਟਰ ਬੋਰਡ (ਸੀ.ਜੀ.ਡਬਲਿਊ.ਬੀ.) ਦੀ ਰਿਪੋਰਟ ਅਨੁਸਾਰ ਜੈਪੁਰ ਜ਼ਿਲ੍ਹੇ ਦੇ ਇਨ੍ਹਾਂ ਪਿੰਡਾਂ ਦੇ ਧਰਤੀ ਹੇਠਲੇ ਪਾਣੀ 'ਚ ਫਲੋਰਾਈਡ ਦੀ ਮਾਤਰਾ ਚਿੰਤਾ ਦਾ ਵਿਸ਼ਾ ਹੈ, ਕਿਉਂਕਿ ਸਾਂਭਰ ਬਲਾਕ ਦੇ ਕੁਝ ਸਥਾਨਾਂ 'ਚ ਪਾਣੀ 'ਚ ਫਲੋਰਾਈਡ ਦੀ ਮਾਤਰਾ 16.4 ਮਿਲੀਗ੍ਰਾਮ ਪ੍ਰਤੀ ਤੱਕ ਮਿਲਦੀ ਹੈ, ਜਦੋਂ ਕਿ ਮਨਜ਼ੂਰਸ਼ੁਦਾ ਦਰ ਇਕ ਮਿਲੀਗ੍ਰਾਮ ਪ੍ਰਤੀ ਲੀਟਰ ਹੈ। ਉੱਥੇ ਹੀ ਸਾਂਭਰ ਝੀਲ ਦੇ ਪਾਣੀ 'ਚ ਇਹ ਦਰ 2.41 ਮਿਲੀਗ੍ਰਾਮ ਪ੍ਰਤੀ ਲੀਟਰ ਹੈ। ਦੇਵਪੁਰਾ ਦੇ ਪ੍ਰਾਇਮਰੀ ਸਕੂਲ ਦੀ ਪ੍ਰਿੰਸੀਪਲ ਸਾਕਸ਼ੀ ਸਿੰਘ ਨੇ ਦੱਸਿਆ ਕਿ ਸਕੂਲ 'ਚ 30 ਬੱਚੇ ਪੜ੍ਹਦੇ ਹਨ, ਜਿਨ੍ਹਾਂ 'ਚੋਂ 5 ਤੋਂ 6 ਸਰੀਰਕ ਤੌਰ ’ਤੇ ਅਪਾਹਜ ਹਨ। 20 ਸਾਲ ਦਾ ਸੋਨੂੰ ਵ੍ਹੀਲਚੇਅਰ 'ਤੇ ਰਹਿੰਦਾ ਹੈ। ਉਸ ਦਾ ਸਾਰਾ ਸਰੀਰ ਵਿਗਾੜ ਦਾ ਸ਼ਿਕਾਰ ਹੈ ਅਤੇ ਉਸ ਦੇ ਹੱਥ-ਪੈਰ ਟੇਢੇ ਹਨ। ਉਨ੍ਹਾਂ ਦੇ ਕਿਸਾਨ ਪਿਤਾ ਰਮੇਸ਼ ਸਿੰਘ ਨੇ ਕਿਹਾ,“ਸਾਨੂੰ ਸਮਝ ਨਹੀਂ ਆ ਰਿਹਾ ਕਿ ਕੀ ਗੜਬੜ ਹੋਈ ਹੈ। ਇਹ ਵਿਗਾੜ ਹੌਲੀ-ਹੌਲੀ ਸ਼ੁਰੂ ਹੋਇਆ ਅਤੇ ਸਾਰੇ ਸਰੀਰ ਵਿਚ ਫੈਲ ਗਿਆ, ਅਸੀਂ ਸ਼ਹਿਰਾਂ ਵਿਚ ਡਾਕਟਰਾਂ ਨੂੰ ਦਿਖਾਇਆ ਅਤੇ ਉਨ੍ਹਾਂ ਨੇ ਇਸ ਦਾ ਕਾਰਨ ਖਾਰਾ ਪਾਣੀ ਦੱਸਿਆ।'' ਇਕ ਫੋਟੋਗ੍ਰਾਫਰ ਹਰੀਸ਼ ਸਿੰਘ ਨੇ ਕਿਹਾ ਕਿ ਪਿਛਲੇ ਦੋ ਦਹਾਕਿਆਂ 'ਚ ਸਥਿਤੀ ਬਦਤਰ ਹੋਈ ਹੈ। ਉਸ ਦੇ ਦੋ ਬੱਚੇ ਅਪਾਹਜ ਹਨ।


author

DIsha

Content Editor

Related News