124 ਸਾਲਾਂ ਤੋਂ ਬਿਨਾਂ Signal ਚੱਲ ਰਹੀ ਇਹ ਟਰੇਨ ! ਯਾਤਰੀਆਂ ਨੂੰ ਦੇਖ ਕੇ...
Wednesday, Feb 11, 2026 - 12:04 PM (IST)
ਜਾਲੌਨ- ਅੱਜ ਦੇ ਡਿਜੀਟਲ ਯੁੱਗ 'ਚ ਜਿੱਥੇ ਬੁਲੇਟ ਟਰੇਨ ਅਤੇ ਵੰਦੇ ਭਾਰਤ ਵਰਗੀਆਂ ਹਾਈ-ਸਪੀਡ ਟਰੇਨਾਂ ਦੀ ਚਰਚਾ ਹੁੰਦੀ ਹੈ, ਉੱਥੇ ਹੀ ਉੱਤਰ ਪ੍ਰਦੇਸ਼ ਦੇ ਬੁੰਦੇਲਖੰਡ 'ਚ ਇਕ ਅਜਿਹੀ ਟਰੇਨ ਚੱਲ ਰਹੀ ਹੈ ਜੋ ਘੜੀ ਦੀਆਂ ਸੂਈਆਂ ਨਾਲ ਨਹੀਂ, ਸਗੋਂ ਮੁਸਾਫ਼ਰਾਂ ਦੀ ਸਹੂਲਤ ਅਨੁਸਾਰ ਚੱਲਦੀ ਹੈ। ਜਾਲੌਨ ਜ਼ਿਲ੍ਹੇ 'ਚ ਚੱਲਣ ਵਾਲੀ ਇਸ ਟਰੇਨ ਨੂੰ ਸਥਾਨਕ ਲੋਕ ਪਿਆਰ ਨਾਲ 'ਅਦਦਾ' ਕਹਿੰਦੇ ਹਨ।
ਸਟੇਸ਼ਨ ਭੱਜਣ ਦੀ ਲੋੜ ਨਹੀਂ, ਸਿਰਫ਼ ਹੱਥ ਹਿਲਾਉਣਾ ਹੀ ਕਾਫ਼ੀ
ਇਹ ਦੇਸ਼ ਦੀ ਸ਼ਾਇਦ ਇਕਲੌਤੀ ਅਜਿਹੀ ਟਰੇਨ ਹੈ ਜਿਸ ਨੂੰ ਫੜਨ ਲਈ ਸਟੇਸ਼ਨ ਵੱਲ ਭੱਜਣ ਦੀ ਲੋੜ ਨਹੀਂ ਹੈ। ਜੇਕਰ ਕੋਈ ਮੁਸਾਫ਼ਰ ਪਟੜੀ ਦੇ ਕਿਨਾਰੇ ਖੜ੍ਹਾ ਹੋ ਕੇ ਹੱਥ ਹਿਲਾ ਦਿੰਦਾ ਹੈ, ਤਾਂ ਟਰੇਨ ਉੱਥੇ ਹੀ ਰੁਕ ਜਾਂਦੀ ਹੈ। ਇੰਨਾ ਹੀ ਨਹੀਂ, ਜੇਕਰ ਟਰੇਨ ਪਲੇਟਫਾਰਮ ਛੱਡ ਚੁੱਕੀ ਹੋਵੇ ਅਤੇ ਕੋਈ ਮੁਸਾਫ਼ਰ ਦੂਰੋਂ ਦੌੜਦਾ ਆ ਰਿਹਾ ਹੋਵੇ, ਤਾਂ ਗਾਰਡ ਤੁਰੰਤ ਲੋਕੋ ਪਾਇਲਟ ਨੂੰ ਇਸ਼ਾਰਾ ਕਰ ਦਿੰਦਾ ਹੈ ਅਤੇ ਡਰਾਈਵਰ ਟਰੇਨ ਦੀ ਸਪੀਡ ਇੰਨੀ ਘੱਟ ਕਰ ਦਿੰਦਾ ਹੈ ਕਿ ਮੁਸਾਫ਼ਰ ਸੁਰੱਖਿਅਤ ਤਰੀਕੇ ਨਾਲ ਡੱਬੇ 'ਚ ਸਵਾਰ ਹੋ ਸਕੇ। ਇੱਥੇ ਟਰੇਨ ਰੋਕਣ ਲਈ ਚੇਨ ਖਿੱਚਣ ਦੀ ਲੋੜ ਨਹੀਂ ਪੈਂਦੀ, ਸਗੋਂ ਹੱਥ ਦਾ ਇਸ਼ਾਰਾ ਹੀ 'ਐਮਰਜੈਂਸੀ ਬ੍ਰੇਕ' ਬਣ ਜਾਂਦਾ ਹੈ।
124 ਸਾਲ ਪੁਰਾਣਾ ਇਤਿਹਾਸ
ਐਟ-ਕੋਂਚ ਸ਼ਟਲ ਦਾ ਇਤਿਹਾਸ 124 ਸਾਲ ਪੁਰਾਣਾ ਹੈ। ਸਾਲ 1902 'ਚ ਅੰਗਰੇਜ਼ਾਂ ਨੇ ਇਸ 13 ਕਿਲੋਮੀਟਰ ਲੰਬੇ ਛੋਟੇ ਜਿਹੇ ਰੂਟ ਦੀ ਸ਼ੁਰੂਆਤ ਕੀਤੀ ਸੀ। ਹੈਰਾਨੀ ਦੀ ਗੱਲ ਇਹ ਹੈ ਕਿ ਇਕ ਸਦੀ ਬੀਤ ਜਾਣ ਤੋਂ ਬਾਅਦ ਵੀ ਇਸ ਟਰੇਨ ਦਾ ਮਿਜ਼ਾਜ ਨਹੀਂ ਬਦਲਿਆ। ਪਹਿਲਾਂ ਵੀ ਇਸ 'ਚ ਤਿੰਨ ਡੱਬੇ ਸਨ ਅਤੇ ਅੱਜ ਵੀ ਇਹ ਉਨ੍ਹਾਂ ਹੀ ਤਿੰਨ ਡੱਬਿਆਂ ਨਾਲ ਆਪਣਾ ਸਫ਼ਰ ਤੈਅ ਕਰਦੀ ਹੈ। ਇਸ ਟਰੇਨ ਦੇ ਸਫ਼ਰ 'ਚ ਨਾ ਤਾਂ ਸਿਗਨਲ ਦੀ ਕੋਈ ਹੜਬੜੀ ਹੈ ਅਤੇ ਨਾ ਹੀ ਟਰੇਨ ਛੁੱਟ ਜਾਣ ਦਾ ਕੋਈ ਤਣਾਅ।
ਕਿਸਾਨਾਂ ਅਤੇ ਵਿਦਿਆਰਥੀਆਂ ਲਈ 'ਲਾਈਫਲਾਈਨ'
ਇਹ ਟਰੇਨ ਲਗਭਗ 30 ਕਿਲੋਮੀਟਰ ਪ੍ਰਤੀ ਘੰਟਾ ਦੀ ਹੌਲੀ ਰਫ਼ਤਾਰ ਨਾਲ ਚੱਲਦੀ ਹੈ ਅਤੇ 13 ਕਿਲੋਮੀਟਰ ਦੀ ਦੂਰੀ ਤੈਅ ਕਰਨ ਵਿੱਚ ਕਰੀਬ 40 ਮਿੰਟ ਦਾ ਸਮਾਂ ਲੈਂਦੀ ਹੈ। ਕੋਂਚ ਤੋਂ ਐਟ ਜੰਕਸ਼ਨ ਤੱਕ ਦਾ ਇਹ ਛੋਟਾ ਜਿਹਾ ਸਫ਼ਰ ਇੱਥੋਂ ਦੇ ਕਿਸਾਨਾਂ, ਵਿਦਿਆਰਥੀਆਂ ਅਤੇ ਛੋਟੇ ਵਪਾਰੀਆਂ ਲਈ ਕਿਸੇ ਲਾਈਫਲਾਈਨ ਤੋਂ ਘੱਟ ਨਹੀਂ ਹੈ। ਐਟ ਜੰਕਸ਼ਨ ਝਾਂਸੀ-ਕਾਨਪੁਰ ਰੇਲ ਮਾਰਗ 'ਤੇ ਸਥਿਤ ਹੈ, ਜਿੱਥੋਂ ਦੇਸ਼ ਦੇ ਵੱਡੇ ਸ਼ਹਿਰਾਂ ਲਈ ਗੱਡੀਆਂ ਮਿਲਦੀਆਂ ਹਨ।
ਤਕਨੀਕ ਦੇ ਦੌਰ 'ਚ ਇਨਸਾਨੀਅਤ ਦੀ ਮਿਸਾਲ
ਜਿੱਥੇ ਦੁਨੀਆ ਰਫ਼ਤਾਰ ਪਿੱਛੇ ਭੱਜ ਰਹੀ ਹੈ, ਉੱਥੇ ਇਹ ਸ਼ਟਲ ਸਿਖਾਉਂਦੀ ਹੈ ਕਿ ਸਫ਼ਰ 'ਚ ਆਪਣਿਆਂ ਦਾ ਸਾਥ ਦੇਣਾ ਕਿੰਨਾ ਜ਼ਰੂਰੀ ਹੈ। ਇਸ ਟਰੇਨ ਦੇ ਚਾਲਕ ਅਤੇ ਗਾਰਡ ਆਪਣੇ ਮੁਸਾਫ਼ਰਾਂ ਨੂੰ ਸਿਰਫ਼ ਯਾਤਰੀ ਨਹੀਂ, ਬਲਕਿ ਆਪਣੇ ਪਰਿਵਾਰ ਦਾ ਹਿੱਸਾ ਮੰਨਦੇ ਹਨ। ਇਹੀ ਕਾਰਨ ਹੈ ਕਿ ਤਕਨੀਕ ਅਤੇ ਆਧੁਨਿਕਤਾ ਦੇ ਇਸ ਦੌਰ ਵਿੱਚ ਵੀ ਇਹ ਟਰੇਨ ਆਪਣੀ ਪੁਰਾਣੀ ਸਾਦਗੀ ਅਤੇ ਖੇਤਰੀ ਪਛਾਣ ਕਾਰਨ ਬੁੰਦੇਲਖੰਡ ਦੇ ਮਾਣ ਦਾ ਹਿੱਸਾ ਬਣੀ ਹੋਈ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
