ਕਿਡਨੀ ਦੇ ਮਰੀਜ਼ਾਂ ਨੂੰ ਵੱਡੀ ਰਾਹਤ, ਕੈਥਲ ਦੇ ਸਿਵਲ ਹਸਪਤਾਲ ''ਚ ਹੁਣ ਬਿਲਕੁਲ ਮੁਫਤ ਹੋਵੇਗਾ ਡਾਇਲਸਿਸ
Sunday, Oct 20, 2024 - 06:57 PM (IST)
ਨੈਸ਼ਨਲ ਡੈਸਕ - ਕੈਥਲ ਜ਼ਿਲ੍ਹੇ ਦੇ ਗੁਰਦਿਆਂ ਦੇ ਮਰੀਜ਼ਾਂ ਲਈ ਵੱਡੀ ਰਾਹਤ ਦੀ ਖ਼ਬਰ ਹੈ। ਹੁਣ ਸਿਵਲ ਹਸਪਤਾਲ ’ਚ ਲੋਕਾਂ ਨੂੰ ਬਿਲਕੁਲ ਮੁਫ਼ਤ ਡਾਇਲਸਿਸ ਮਿਲੇਗਾ। ਕੈਥਲ ਦੇ ਸੀ.ਐੱਮ.ਓ. ਡਾ. ਰੇਣੂ ਚਾਵਲਾ ਨੇ ਦੱਸਿਆ ਕਿ ਜ਼ਿਲ੍ਹਾ ਸਿਵਲ ਹਸਪਤਾਲ ’ਚ ਰੋਜ਼ਾਨਾ 10 ਤੋਂ 12 ਮਰੀਜ਼ ਡਾਇਲਸਿਸ ਲਈ ਆਉਂਦੇ ਹਨ। ਉਨ੍ਹਾਂ ਦੱਸਿਆ ਕਿ ਪਹਿਲਾਂ ਬੀ.ਪੀ.ਐੱਲ. ਕਾਰਡ ਧਾਰਕਾਂ, ਆਯੂਸ਼ਮਾਨ ਕਾਰਡ ਅਤੇ ਈ.ਡਬਲਿਊ.ਐੱਸ. ਨੂੰ ਮੁਫਤ ਸੇਵਾਵਾਂ ਪ੍ਰਦਾਨ ਕੀਤੀਆਂ ਜਾਂਦੀਆਂ ਸਨ ਪਰ ਹੁਣ ਜ਼ਿਲ੍ਹੇ ਦਾ ਕੋਈ ਵੀ ਨਾਗਰਿਕ ਇਸ ਸਕੀਮ ਦਾ ਲਾਭ ਲੈ ਸਕਦਾ ਹੈ।
ਤੁਹਾਨੂੰ ਦੱਸ ਦੇਈਏ ਕਿ ਆਪਣੀ ਕੈਬਨਿਟ ਦੀ ਪਹਿਲੀ ਮੀਟਿੰਗ ਦੀ ਪ੍ਰਧਾਨਗੀ ਕਰਨ ਤੋਂ ਬਾਅਦ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਮੈਂ ਚਾਰਜ ਸੰਭਾਲਣ ਤੋਂ ਬਾਅਦ ਪਹਿਲੀ ਫਾਈਲ 'ਤੇ ਦਸਤਖਤ ਕੀਤੇ ਉਹ ਕਿਡਨੀ ਦੇ ਮਰੀਜ਼ਾਂ ਨਾਲ ਸਬੰਧਤ ਫੈਸਲੇ ਬਾਰੇ ਸੀ। ਇਹ ਵਾਅਦਾ ਅਸੀਂ ਚੋਣਾਂ ’ਚ ਵੀ ਕੀਤਾ ਸੀ। ਡਾਇਲਸਿਸ 'ਤੇ ਲਗਭਗ 20,000 ਤੋਂ 25,000 ਰੁਪਏ ਪ੍ਰਤੀ ਮਹੀਨਾ ਖਰਚ ਆਉਂਦਾ ਹੈ। ਹੁਣ ਇਸ ਦਾ ਖਰਚਾ ਹਰਿਆਣਾ ਸਰਕਾਰ ਚੁੱਕੇਗੀ। ਸਰਕਾਰ ਦੇ ਇਸ ਫੈਸਲੇ ਨਾਲ ਸੂਬੇ ’ਚ ਗੁਰਦਿਆਂ ਦੇ ਮਰੀਜ਼ਾਂ ਨੂੰ ਵੱਡੀ ਰਾਹਤ ਮਿਲਣ ਦੀ ਉਮੀਦ ਹੈ।
ਕੈਥਲ ਦੇ ਸੀ.ਐੱਮ.ਓ. ਡਾ. ਰੇਣੂ ਚਾਵਲਾ ਨੇ ਦੱਸਿਆ ਕਿ ਡਾਇਲਸਿਸ ਗੁਰਦੇ ਦੀ ਗੰਭੀਰ ਬਿਮਾਰੀ ਦਾ ਇਲਾਜ ਹੈ। ਇਸ ਦੀ ਲੋੜ ਉਨ੍ਹਾਂ ਲੋਕਾਂ ਨੂੰ ਹੁੰਦੀ ਹੈ ਜਿਨ੍ਹਾਂ ਦੇ ਗੁਰਦੇ ਕੰਮ ਕਰਨਾ ਬੰਦ ਕਰ ਦਿੰਦੇ ਹਨ ਜਾਂ ਫੇਲ ਹੋ ਜਾਂਦੇ ਹਨ। ਜੋ ਲੋਕ ਕਿਡਨੀ ਫੇਲ ਹੋਣ ਤੋਂ ਪੀੜਤ ਹਨ, ਉਨ੍ਹਾਂ ਦੇ ਗੁਰਦੇ ਖੂਨ ਨੂੰ ਫਿਲਟਰ ਕਰਨ ਦੇ ਯੋਗ ਨਹੀਂ ਹੁੰਦੇ। ਖੂਨ ਨੂੰ ਫਿਲਟਰ ਕਰਨ ’ਚ ਅਸਮਰੱਥਾ ਕਾਰਨ, ਖੂਨ ’ਚ ਕੂੜੇ ਅਤੇ ਜ਼ਹਿਰੀਲੇ ਪਦਾਰਥਾਂ ਦੀ ਮਾਤਰਾ ਵੱਧ ਜਾਂਦੀ ਹੈ, ਜਿਸ ਦੇ ਕਈ ਮਾੜੇ ਪ੍ਰਭਾਵ ਹੋ ਸਕਦੇ ਹਨ। ਅਜਿਹੇ ਲੋਕਾਂ ਨੂੰ ਡਾਇਲਸਿਸ ਦੀ ਲੋੜ ਹੁੰਦੀ ਹੈ।
ਦਿਨ ਰਾਤ ਰਹੇਗੀ ਸੇਵਾ ਮੁਹੱਈਆ
ਕੈਥਲ ਦੇ ਸੀ.ਐਮ.ਓ ਡਾ.ਰੇਣੂ ਚਾਵਲਾ ਨੇ ਦੱਸਿਆ ਕਿ ਮਰੀਜ਼ਾਂ ਨੂੰ ਸੇਵਾਵਾਂ ਦਾ ਵੱਧ ਤੋਂ ਵੱਧ ਲਾਭ ਮਿਲਣ ਨੂੰ ਯਕੀਨੀ ਬਣਾਉਣ ਲਈ ਉਨ੍ਹਾਂ ਵਾਧੂ ਸਟਾਫ਼ ਦਾ ਵੀ ਪ੍ਰਬੰਧ ਕੀਤਾ ਹੈ ਜੋ ਦਿਨ-ਰਾਤ ਮੌਜੂਦ ਰਹੇਗਾ। ਜੇਕਰ ਕਿਸੇ ਮਰੀਜ਼ ਨੂੰ ਰਾਤ ਨੂੰ ਵੀ ਡਾਇਲਸਿਸ ਦੀ ਲੋੜ ਹੁੰਦੀ ਹੈ ਤਾਂ ਉਹ ਵੀ ਮੁਹੱਈਆ ਕਰਵਾਈ ਜਾਵੇਗੀ।
ਜਾਣੋ ਕੀ ਹੁੰਦੈ ਡਾਇਲਸਿਸ?
ਜਦੋਂ ਗੁਰਦੇ ਸਹੀ ਢੰਗ ਨਾਲ ਕੰਮ ਨਹੀਂ ਕਰਦੇ ਹਨ ਤਾਂ ਤੁਹਾਡੇ ਸਰੀਰ ਵਿੱਚ ਰਸਾਇਣਾਂ ਨੂੰ ਸੰਤੁਲਿਤ ਕਰਨ ਲਈ ਡਾਇਲਸਿਸ ਕੀਤਾ ਜਾਂਦਾ ਹੈ। ਡਾਇਲਸਿਸ ਤੁਹਾਡੇ ਸਰੀਰ ਵਿੱਚੋਂ ਕੂੜੇ ਅਤੇ ਵਾਧੂ ਤਰਲ ਪਦਾਰਥਾਂ ਨੂੰ ਹਟਾਉਣ ਵਿੱਚ ਮਦਦਗਾਰ ਹੁੰਦਾ ਹੈ ਤਾਂ ਜੋ ਉਹ ਸਰੀਰ ਵਿੱਚ ਇਕੱਠੇ ਨਾ ਹੋਣ। ਇਹ ਖੂਨ ’ਚ ਪੋਟਾਸ਼ੀਅਮ, ਸੋਡੀਅਮ, ਕੈਲਸ਼ੀਅਮ ਅਤੇ ਬਾਈਕਾਰਬੋਨੇਟ ਵਰਗੇ ਖਣਿਜਾਂ ਦੇ ਸਹੀ ਪੱਧਰ ਨੂੰ ਬਣਾਈ ਰੱਖਣ ’ਚ ਵੀ ਮਦਦ ਕਰਦਾ ਹੈ।
ਡਾਇਲਸਿਸ ਰਾਹੀਂ ਗੁਰਦੇ ਫੇਲ੍ਹ ਹੋਣ ਵਾਲੇ ਮਰੀਜ਼ਾਂ ’ਚ ਬਲੱਡ ਪ੍ਰੈਸ਼ਰ ਨੂੰ ਕੰਟਰੋਲ ਕਰਨ ਦੇ ਵੀ ਯਤਨ ਕੀਤੇ ਜਾਂਦੇ ਹਨ।