ਵਧ ਰਿਹੈ ਸ਼ੂਗਰ ਰੋਗ, ਆਉਣ ਵਾਲੀ ਪੀੜ੍ਹੀ ਨੂੰ ਸਿਹਤਮੰਦ ਰੱਖਣ ਲਈ ਬਦਲੋ ਆਪਣੀਆਂ ਆਦਤਾਂ

11/14/2019 12:19:59 AM

ਨਵੀਂ ਦਿੱਲੀ — ਡਾਇਬਟੀਜ਼ ਦੇਸ਼ ’ਚ ਤੇਜ਼ੀ ਨਾਲ ਵਧਣ ਵਾਲੀਆਂ ਬੀਮਾਰੀਆਂ ਵਿਚੋਂ ਇਕ ਹੈ। ਇਕ ਖੋਜ ਦੀ ਮੰਨੀਏ ਤਾਂ ਪਿਛਲੇ 25 ਸਾਲਾਂ ’ਚ ਇਸ ਬੀਮਾਰੀ ਦੇ ਮਾਮਲਿਆਂ ’ਚ 64 ਫੀਸਦੀ ਇਜ਼ਾਫਾ ਹੋਇਆ ਹੈ ਅਤੇ ਮਾਹਿਰ ਇਸ ਵਾਧੇ ਨੂੰ ਦੇਸ਼ ਦੀ ਆਰਥਿਕ ਤਰੱਕੀ ਦੇ ਨਾਲ ਜੋੜ ਕੇ ਦੇਖ ਰਹੇ ਹਨ। ਇਸ ਤੋਂ ਵੀ ਜ਼ਿਆਦਾ ਪ੍ਰੇਸ਼ਾਨ ਕਰਨ ਵਾਲੀ ਗੱਲ ਇਹ ਹੈ ਕਿ ਆਉਣ ਵਾਲੇ 6 ਸਾਲਾਂ ’ਚ ਦੇਸ਼ ’ਚ ਇਸ ਬੀਮਾਰੀ ਦੇ ਮਰੀਜ਼ਾਂ ਦੀ ਗਿਣਤੀ 13.5 ਕਰੋੜ ਤੋਂ ਜ਼ਿਆਦਾ ਹੋ ਸਕਦੀ ਹੈ, ਜੋ ਸਾਲ 2017 ’ਚ 7.2 ਕਰੋੜ ਸੀ। ਇੰਡੀਅਨ ਕੌਂਸਲ ਆਫ ਮੈਡੀਕਲ ਰਿਸਰਚ, ਇੰਸਟੀਚਿਊਟ ਫਾਰ ਹੈਲਥ ਮੈਟ੍ਰਿਕਸ ਐਂਡ ਅਵੈਲਿਊਏਸ਼ਨ ਅਤੇ ਪਬਲਿਕ ਹੈਲਥ ਫਾਊਂਡੇਸ਼ਨ ਆਫ ਇੰਡੀਆ ਦੀ ਨਵੰਬਰ 2017 ਦੀ ਇਕ ਰਿਪੋਰਟ ਮੁਤਾਬਕ ਪਿਛਲੇ 25 ਸਾਲਾਂ ’ਚ ਭਾਰਤ ’ਚ ਡਾਇਬਟੀਜ਼ ਦੇ ਮਾਮਲਿਆਂ ’ਚ 64 ਫੀਸਦੀ ਦਾ ਵਾਧਾ ਹੋਇਆ। ਹੁਣ ਵਿਸ਼ਵ ਬੈਂਕ ਦੀ ਇਕ ਰਿਪੋਰਟ ’ਤੇ ਨਜ਼ਰ ਮਾਰੀਏ ਤਾਂ 1990 ’ਚ ਭਾਰਤ ਦੀ ਪ੍ਰਤੀ ਵਿਅਕਤੀ ਆਮਦਨ 24, 867 ਰੁਪਏ ਸੀ, ਜੋ 2016 ’ਚ ਵਧ ਕੇ 1,09,000 ਹੋ ਗਈ। ਇਸ ਦਾ ਸਿੱਧਾ ਅਰਥ ਹੈ ਕਿ ਖੁਸ਼ਹਾਲੀ ਵਧਣ ਦੇ ਨਾਲ-ਨਾਲ ਸ਼ੂਗਰ ਦੇ ਰੋਗੀ ਵੀ ਵਧਦੇ ਜਾ ਰਹੇ ਹਨ।

ਖੋਜ ਮੁਤਾਬਕ ਸਾਲ 2017 ’ਚ ਦੁਨੀਆ ਦੇ ਕੁਲ ਡਾਇਬਟੀਜ਼ ਰੋਗੀਆਂ ਦਾ 49 ਫੀਸਦੀ ਹਿੱਸਾ ਭਾਰਤ ’ਚ ਸੀ ਅਤੇ 2015 ’ਚ ਜਦੋਂ ਇਹ ਅੰਕੜਾ 13.5 ਕਰੋੜ ’ਤੇ ਪਹੁੰਚੇਗਾ ਤਾਂ ਦੇਸ਼ ਦੀਆਂ ਜਨਤਕ ਸਿਹਤ ਸੇਵਾਵਾਂ ’ਤੇ ਇਕ ਵੱਡਾ ਬੋਝ ਹੋਣ ਦੇ ਨਾਲ ਹੀ ਆਰਥਿਕ ਰੂਪ ਨਾਲ ਵੀ ਇਕ ਵੱਡੀ ਚੁਣੌਤੀ ਪੇਸ਼ ਕਰੇਗਾ, ਕਿਉਂਕਿ ਸਰਕਾਰ ਦੇਸ਼ ਦੀ ਇਕ ਵੱਡੀ ਆਬਾਦੀ ਨੂੰ ਮੁਫਤ ਸਿਹਤ ਬੀਮਾ ਦੀ ਸਹੂਲਤ ਪ੍ਰਦਾਨ ਕਰ ਰਹੀ ਹੈ।

ਧਰਮਸ਼ਿਲਾ ਨਾਰਾਇਣਾ ਸੁਪਰ ਸਪੈਸ਼ਲਿਸਟ ਹਸਪਤਾਲ ਦੇ ਸੀਨੀਅਰ ਡਾਕਟਰ ਮੁਤਾਬਕ ਡਾਇਬਟੀਜ਼ ’ਚ ਸਰੀਰ ’ਚ ਇੰਸੁਲਿਨ ਬਣਾਉਣ ਦੀ ਪ੍ਰਕਿਰਿਆ ਰੁਕ ਜਾਂ ਘੱਟ ਜਾਂਦੀ ਹੈ। ਇੰਸੁਲਿਨ ਨਾਲ ਸਰੀਰ ਨੂੰ ਊਰਜਾ ਮਿਲਦੀ ਹੈ ਅਤੇ ਇਸ ਪ੍ਰਕਿਰਿਆ ਦੇ ਪ੍ਰਭਾਵਿਤ ਹੋਣ ਨਾਲ ਸਰੀਰ ਦੇ ਮੁੱਖ ਅੰਗਾਂ ਦੇ ਸੰਚਾਲਨ ’ਚ ਰੁਕਾਵਟ ਪੈਦਾ ਹੁੰਦੀ ਹੈ। ਇਸ ਦੌਰਾਨ ਦਵਾਈ ਖਾ ਕੇ ਬੀਮਾਰੀ ਨੂੰ ਕੰਟਰੋਲ ’ਚ ਰੱਖਿਆ ਜਾ ਸਕਦਾ ਹੈ।

Inder Prajapati

This news is Content Editor Inder Prajapati