ਭੋਲੇਨਾਥ ਦੇ ਜੈਕਾਰਿਆਂ ਨਾਲ ਮਣੀਮਹੇਸ਼ ਯਾਤਰਾ ਲਈ ਨਿਕਲੇ ਸ਼ਰਧਾਲੂ, ਲੱਗਿਆ ਲੰਬਾ ਜਾਮ

Sunday, Aug 25, 2024 - 03:09 PM (IST)

ਭੋਲੇਨਾਥ ਦੇ ਜੈਕਾਰਿਆਂ ਨਾਲ ਮਣੀਮਹੇਸ਼ ਯਾਤਰਾ ਲਈ ਨਿਕਲੇ ਸ਼ਰਧਾਲੂ, ਲੱਗਿਆ ਲੰਬਾ ਜਾਮ

ਭਰਮੌਰ- ਉੱਤਰ ਭਾਰਤ ਦੀ ਪ੍ਰਸਿੱਧ ਮਣੀਮਹੇਸ਼ ਯਾਤਰਾ 26 ਅਗਸਤ ਤੋਂ ਸ਼ੁਰੂ ਹੋਵੇਗੀ ਪਰ ਇਸ ਤੋਂ ਪਹਿਲਾਂ ਹੀ ਹਜ਼ਾਰਾਂ ਸ਼ਿਵ ਭਗਤ ਭਰਮੌਰ ਪਹੁੰਚਣਾ ਸ਼ੁਰੂ ਹੋ ਗਏ ਹਨ। ਮਣੀਮਹੇਸ਼ ਯਾਤਰੀਆਂ ਨਾਲ ਭਰੇ ਵਾਹਨਾਂ ਦਾ ਮੰਨੋ ਹੜ੍ਹ ਆ ਗਿਆ ਹੋਵੇ। ਇਸ ਦਾ ਅੰਦਾਜ਼ਾ ਇਸ ਤੋਂ ਲਾਇਆ ਜਾ ਸਕਦਾ ਹੈ ਕਿ ਸ਼ਨੀਵਾਰ ਨੂੰ ਚੰਬਾ-ਭਰਮੌਰ ਨੈਸ਼ਨਲ ਹਾਈਵੇਅ 'ਤੇ ਥਾਂ-ਥਾਂ ਲੰਬਾ ਜਾਮ ਲੱਗਾ ਰਿਹਾ। ਸ਼ਰਧਾਲੂਆਂ ਨੂੰ ਪਰੇਸ਼ਾਨੀ ਵੀ ਹੋਈ।

ਚੰਬਾ-ਭਰਮੌਰ ਹਾਈਵੇਅ 'ਤੇ ਲੱਗਾ ਲੰਬਾ ਜਾਮ

ਸ਼ਨੀਵਾਰ ਨੂੰ ਵੀ ਚੰਬਾ-ਭਰਮੌਰ ਨੈਸ਼ਨਲ ਹਾਈਵੇਅ 'ਤੇ ਕਰੀਬ ਤਿੰਨ ਕਿਲੋਮੀਟਰ ਤੱਕ ਜਾਮ ਲੱਗ ਗਿਆ। ਇਕ ਘੰਟੇ ਤੱਕ ਲੱਗੇ ਇਸ ਜਾਮ 'ਚ ਫਸੇ ਸ਼ਰਧਾਲੂਆਂ ਤੋਂ ਇਲਾਵਾ ਜ਼ਰੂਰੀ ਕੰਮਾਂ ਲਈ ਨਿਕਲੇ ਲੋਕਾਂ ਨੂੰ ਵੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਬੱਸਾਂ ਜਾਮ 'ਚ ਫਸੀਆਂ ਰਹੀਆਂ। ਸ਼੍ਰੀਕ੍ਰਿਸ਼ਨ ਜਨਮਅਸ਼ਟੀ ਤੋਂ ਪਹਿਲਾਂ ਭਰਮੌਰ ਵਿਚ ਜਿਸ ਤਰ੍ਹਾਂ ਨਾਲ ਸ਼ਰਧਾਲੂਆਂ ਦੀ ਭੀੜ ਜੁਟੀ ਹੈ, ਇਸ ਤੋਂ ਉਮੀਦ ਜਤਾਈ ਜਾ ਰਹੀ ਹੈ ਕਿ ਜੇਕਰ ਮੌਸਮ ਸਾਫ਼ ਰਿਹਾ ਤਾਂ ਇਸ ਵਾਰ ਵੱਡੀ ਗਿਣਤੀ ਵਿਚ ਸ਼ਰਧਾਲੂ ਮਣੀਮਹੇਸ਼ ਦੀ ਪਵਿੱਤਰ ਡਲ ਝੀਲ 'ਚ ਇਸ਼ਨਾਨ ਕਰਨਗੇ।

ਰਜਿਸਟ੍ਰੇਸ਼ਨ ਦਾ ਅੰਕੜਾ 30 ਹਜ਼ਾਰ ਦੇ ਪਾਰ

ਮਣੀਮਹੇਸ਼ ਯਾਤਰਾ 'ਤੇ ਜਾਣ ਵਾਲੇ ਸ਼ਰਧਾਲੂਆਂ ਦੀ ਗਿਣਤੀ ਰੋਜ਼ਾਨਾ ਵੱਧਦੀ ਜਾ ਰਹੀ ਹੈ। ਸ਼ਨੀਵਾਰ ਤੱਕ ਰਜਿਸਟ੍ਰੇਸ਼ਨ ਕਰਾਉਣ ਵਾਲੇ ਸ਼ਰਧਾਲੂਆਂ ਦਾ ਅੰਕੜਾ 30 ਹਜ਼ਾਰ ਤੋਂ ਪਾਰ ਪਹੁੰਚ ਗਿਆ ਹੈ। ਹੁਣ ਤੱਕ ਕੁੱਲ 30,167 ਸ਼ਰਧਾਲੂ ਰਜਿਸਟ੍ਰੇਸ਼ਨ ਕਰਵਾ ਚੁੱਕੇ ਹਨ। ਜਦਕਿ ਸ਼ਨੀਵਾਰ ਨੂੰ ਇਕ ਦਿਨ ਵਿਚ 1912 ਸ਼ਰਧਾਲੂਆਂ ਨੇ ਰਜਿਸਟ੍ਰੇਸ਼ਨ ਕਰਵਾਈ। ਇਹ ਗਿਣਤੀ ਲਗਾਤਾਰ ਵੱਧਦੀ ਜਾ ਰਹੀ ਹੈ। 

ਹੈਲੀਕਾਪਟਰ ਨੇ 17 ਉਡਾਣਾਂ ਭਰੀਆਂ

ਸ਼ਨੀਵਾਰ ਨੂੰ ਥੰਬੀ ਹਵਾਬਾਜ਼ੀ ਕੰਪਨੀ ਦੇ ਹੈਲੀਕਾਪਟਰ ਨੇ ਭਰਮੌਰ ਤੋਂ ਕੁੱਲ 17 ਉਡਾਣਾਂ ਭਰੀਆਂ। ਇਸ ਵਿਚ ਕੁੱਲ 170 ਸ਼ਰਧਾਲੂਆਂ ਨੇ ਭਰਮੌਰ ਤੋਂ ਗੌਰੀਕੁੰਡ ਅਤੇ ਗੌਰੀਕੁੰਡ ਤੋਂ ਭਰਮੌਰ ਤੱਕ ਦਾ ਸਫ਼ਰ ਤੈਅ ਕੀਤਾ। ਇਨ੍ਹਾਂ ਵਿਚ ਭਰਮੌਰ ਤੋਂ 96 ਸ਼ਰਧਾਲੂ ਗੌਰੀਕੁੰਡ ਪਹੁੰਚੇ, ਉੱਥੇ ਹੀ 74 ਸ਼ਰਧਾਲੂਆਂ ਨੇ ਗੌਰੀਕੁੰਡ ਤੋਂ ਭਰਮੌਰ ਤੱਕ ਦਾ ਸਫ਼ਰ ਤੈਅ ਕੀਤਾ।


author

Tanu

Content Editor

Related News