ਸੰਜੌਲੀ ਮਸਜਿਦ ਵਿਵਾਦ: ਗੈਰ-ਕਾਨੂੰਨੀ ਹਿੱਸਾ ਢਾਹੁਣ ਦਾ ਕੰਮ ਸ਼ੁਰੂ, ਛੱਤ ਤੋਂ ਉਖਾੜੇ ਗਏ ਸ਼ੈੱਡ
Monday, Oct 21, 2024 - 05:22 PM (IST)
ਸ਼ਿਮਲਾ- ਹਿਮਾਚਲ ਦੀ ਰਾਜਧਾਨੀ ਸ਼ਿਮਲਾ ਦੇ ਸੰਜੌਲੀ 'ਚ ਸਥਿਤ ਗੈਰ-ਕਾਨੂੰਨੀ ਮਸਜਿਦ ਨੂੰ ਲੈ ਕੇ ਕਾਫੀ ਵਿਵਾਦ ਹੋਇਆ ਸੀ। ਹਾਲਾਂਕਿ ਹੁਣ ਮਸਜਿਦ ਕਮੇਟੀ ਨੇ ਮਸਜਿਦ ਦੇ ਨਾਜਾਇਜ਼ ਹਿੱਸੇ ਨੂੰ ਢਾਹੁਣਾ ਸ਼ੁਰੂ ਕਰ ਦਿੱਤਾ ਹੈ। ਮਸਜਿਦ ਦੇ ਨਾਜਾਇਜ਼ ਹਿੱਸੇ ਨੂੰ ਢਾਹੁਣ ਲਈ ਮਜ਼ਦੂਰਾਂ ਨੂੰ ਬੁਲਾਇਆ ਗਿਆ ਹੈ। ਮਜ਼ਦੂਰਾਂ ਨੇ ਛੱਤ ਤੋਂ ਟੀਨ ਦੇ ਸ਼ੈੱਡ ਨੂੰ ਹਟਾਉਣਾ ਸ਼ੁਰੂ ਕਰ ਦਿੱਤਾ ਹੈ। ਮਸਜਿਦ ਕਮੇਟੀ ਦਾ ਕਹਿਣਾ ਹੈ ਕਿ ਮਸਜਿਦ ਨੂੰ ਢਾਹੁਣ ਲਈ ਫੰਡਾਂ ਦੀ ਘਾਟ ਹੈ, ਇਸ ਲਈ ਕੰਮ ਪੂਰਾ ਹੋਣ ਵਿਚ ਸਮਾਂ ਲੱਗ ਸਕਦਾ ਹੈ।
ਹਾਈ ਕੋਰਟ ਦੇ ਹੁਕਮਾਂ ਤੋਂ ਬਾਅਦ ਕੰਮ ਸ਼ੁਰੂ ਹੋਇਆ
ਸ਼ਿਮਲਾ ਦੇ ਸੰਜੌਲੀ 'ਚ ਮਸਜਿਦ ਦੇ ਗੈਰ-ਕਾਨੂੰਨੀ ਹਿੱਸੇ ਨੂੰ ਢਾਹੁਣ ਦਾ ਕੰਮ ਸ਼ੁਰੂ ਹੋ ਗਿਆ ਹੈ। ਹਾਈ ਕੋਰਟ ਨੇ ਮਸਜਿਦ ਦੀਆਂ ਤਿੰਨ ਮੰਜ਼ਿਲਾਂ ਨੂੰ ਢਾਹੁਣ ਦੇ ਹੁਕਮ ਦਿੱਤੇ ਹਨ। ਸੋਮਵਾਰ ਨੂੰ ਅਦਾਲਤ ਦੇ ਹੁਕਮਾਂ ਤੋਂ ਬਾਅਦ ਮਸਜਿਦ ਕਮੇਟੀ ਨੇ ਤਿੰਨ ਮੰਜ਼ਿਲਾਂ ਢਾਹੁਣ ਲਈ ਮਜ਼ਦੂਰਾਂ ਨੂੰ ਲਾਇਆ ਹੈ। ਇਸ ਤੋਂ ਪਹਿਲਾਂ ਅੱਜ ਹਾਈ ਕੋਰਟ ਨੇ ਨਗਰ ਨਿਗਮ ਕਮਿਸ਼ਨਰ ਨੂੰ ਅੱਠ ਹਫ਼ਤਿਆਂ ਵਿਚ ਮਾਮਲੇ ਦਾ ਨਿਪਟਾਰਾ ਕਰਨ ਦੇ ਹੁਕਮ ਦਿੱਤੇ ਹਨ। ਮਸਜਿਦ ਕਮੇਟੀ ਦੇ ਚੇਅਰਮੈਨ ਲਤੀਫ਼ ਮੁਹੰਮਦ ਦੀ ਦੇਖ-ਰੇਖ ਹੇਠ ਮਸਜਿਦ ਦੇ ਨਾਜਾਇਜ਼ ਹਿੱਸੇ ਨੂੰ ਢਾਹੁਣ ਦਾ ਕੰਮ ਸ਼ੁਰੂ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਫੰਡ ਦਾ ਪ੍ਰਬੰਧ ਅਜੇ ਤੱਕ ਨਹੀਂ ਹੋਇਆ ਹੈ ਅਤੇ ਕੰਮ ਲਈ ਬਹੁਤ ਸਾਰੇ ਫੰਡਾਂ ਦੀ ਲੋੜ ਹੈ, ਇਸ ਲਈ ਤਿੰਨ ਤੋਂ ਚਾਰ ਮਹੀਨੇ ਲੱਗ ਸਕਦੇ ਹਨ।
ਸੰਜੌਲੀ ਗੈਰ-ਕਾਨੂੰਨੀ ਮਸਜਿਦ ਨੂੰ ਲੈ ਕੇ ਹੋਇਆ ਸੀ ਕਾਫੀ ਵਿਵਾਦ
ਸੰਜੌਲੀ 'ਚ ਗੈਰ-ਕਾਨੂੰਨੀ ਤੌਰ 'ਤੇ ਬਣੀ ਮਸਜਿਦ ਨੂੰ ਲੈ ਕੇ ਕਾਫੀ ਵਿਵਾਦ ਹੋਇਆ ਸੀ। ਹਿੰਦੂ ਸੰਗਠਨਾਂ ਨੇ ਇਸ ਮਸਜਿਦ ਦਾ ਜ਼ੋਰਦਾਰ ਵਿਰੋਧ ਕੀਤਾ। ਇਹ ਵਿਵਾਦ ਇੰਨਾ ਵੱਧ ਗਿਆ ਕਿ ਇਸ ਦੀ ਗੂੰਜ ਸਦਨ ਤੱਕ ਪਹੁੰਚ ਗਈ। AIMIM ਮੁਖੀ ਅਸਦੁਦੀਨ ਓਵੈਸੀ ਨੇ ਸੰਜੌਲੀ ਮਸਜਿਦ ਵਿਵਾਦ ਨੂੰ ਲੈ ਕੇ ਹਿਮਾਚਲ ਸਰਕਾਰ 'ਤੇ ਹਮਲਾ ਬੋਲਿਆ ਸੀ। ਹਾਲਾਂਕਿ ਸਾਰੇ ਵਿਵਾਦਾਂ ਤੋਂ ਬਾਅਦ ਹੁਣ ਮਸਜਿਦ ਕਮੇਟੀ ਨੇ ਵਕਫ਼ ਬੋਰਡ ਤੋਂ ਮਨਜ਼ੂਰੀ ਲੈ ਕੇ ਨਾਜਾਇਜ਼ ਹਿੱਸੇ ਨੂੰ ਢਾਹੁਣ ਦਾ ਕੰਮ ਸ਼ੁਰੂ ਕਰ ਦਿੱਤਾ ਹੈ।