ਦਿੱਲੀ ਦੀ ਹਵਾ 'ਬੇਹੱਦ ਖਰਾਬ', ਮੌਸਮ 'ਚ ਮਾਮੂਲੀ ਸੁਧਾਰ

Wednesday, Dec 26, 2018 - 05:49 PM (IST)

ਦਿੱਲੀ ਦੀ ਹਵਾ 'ਬੇਹੱਦ ਖਰਾਬ', ਮੌਸਮ 'ਚ ਮਾਮੂਲੀ ਸੁਧਾਰ

ਨਵੀਂ ਦਿੱਲੀ (ਭਾਸ਼ਾ)— ਦਿੱਲੀ ਵਿਚ ਹਵਾ ਦੀ ਗੁਣਵੱਤਾ ਬੇਹੱਦ ਖਰਾਬ ਸ਼੍ਰੇਣੀ ਵਿਚ ਦਰਜ ਕੀਤੀ ਗਈ ਹੈ। ਹਾਲਾਂਕਿ ਮੌਸਮ ਵਿਚ ਮਾਮੂਲੀ ਸੁਧਾਰ ਆਇਆ ਹੈ। ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ (ਸੀ. ਪੀ. ਸੀ. ਬੀ.) ਦੇ ਅੰਕੜਿਆਂ ਮੁਤਾਬਕ ਕੁੱਲ ਏਅਰ ਕੁਆਲਿਟੀ ਲੈਵਲ 396 ਦਰਜ ਕੀਤਾ ਗਿਆ, ਜੋ ਕਿ ਬੇਹੱਦ ਖਰਾਬ ਪੱਧਰ ਦਾ ਹੈ। ਸੀ. ਪੀ. ਸੀ. ਬੀ. ਦੇ ਅੰਕੜਿਆਂ ਮੁਤਾਬਕ 21 ਇਲਾਕਿਆਂ ਵਿਚ ਪ੍ਰਦੂਸ਼ਣ ਦਾ ਪੱਧਰ ਗੰਭੀਰ ਦਰਜ ਕੀਤਾ ਗਿਆ, ਜਦਕਿ 13 ਇਲਾਕਿਆਂ 'ਚ ਹਵਾ ਦੀ ਗੁਣਵੱਤਾ ਬੇਹੱਦ ਖਰਾਬ ਦਰਜ ਕੀਤੀ ਗਈ। ਐਨ. ਸੀ. ਆਰ. ਦੇ ਗਾਜ਼ੀਆਬਾਦ ਵਿਚ ਹਵਾ ਪ੍ਰਦੂਸ਼ਣ ਗੰਭੀਰ ਪੱਧਰ ਦਾ, ਜਦਕਿ ਫਰੀਦਾਬਾਦ ਅਤੇ ਨੋਇਡਾ ਵਿਚ ਹਵਾ ਦੀ ਗੁਣਵੱਤਾ ਬਹੁਤ ਖਰਾਬ ਸ਼੍ਰੇਣੀ ਦੀ ਦਰਜ ਕੀਤੀ ਗਈ। 

ਐਤਵਾਰ ਨੂੰ ਪ੍ਰਦੂਸ਼ਣ ਸਾਲ ਦੇ ਦੂਜੇ ਸਭ ਤੋਂ ਖਰਾਬ ਪੱਧਰ 'ਤੇ ਦਰਜ ਕੀਤਾ ਗਿਆ। ਐਤਵਾਰ ਨੂੰ ਏਅਰ ਕੁਆਲਿਟੀ ਲੈਵਲ 450 ਦਰਜ ਕੀਤਾ ਗਿਆ ਸੀ। ਮੌਸਮ ਵਿਗਿਆਨ ਮੁਤਾਬਕ ਹਵਾ ਗੁਣਵੱਤਾ ਵਿਚ ਸੁਧਾਰ ਦੀ ਸੰਭਾਵਨਾ ਹੈ। ਸ਼ਹਿਰ ਵਿਚ ਗੰਭੀਰ ਪ੍ਰਦੂਸ਼ਣ ਦੇ ਮੱਦੇਨਜ਼ਰ ਵਜ਼ੀਰਪੁਰ, ਮੁੰਡਕਾ, ਨਰੇਲਾ, ਬਵਾਨਾ, ਸਾਹਿਬਾਬਾਦ ਅਤੇ ਫਰੀਦਾਬਾਦ 'ਚ ਉਦਯੋਗਿਕ ਗਤੀਵਿਧੀਆਂ ਅਤੇ ਦਿੱਲੀ-ਐੱਨ. ਸੀ. ਆਰ. ਵਿਚ ਨਿਰਮਾਣ ਕੰਮ ਬੁੱਧਵਾਰ ਤਕ ਬੰਦ ਰੱਖਣ ਦੇ ਹੁਕਮ ਦਿੱਤੇ ਗਏ ਹਨ। ਟ੍ਰੈਫਿਕ ਪੁਲਸ ਨੂੰ ਵਿਸ਼ੇਸ਼ ਟੀਮਾਂ ਤਾਇਨਾਤ ਕਰਨ ਅਤੇ ਭੀੜਭਾੜ ਤੋਂ ਮੁਕਤ ਆਵਾਜਾਈ ਯਕੀਨੀ ਕਰਨ ਦੇ ਨਿਰਦੇਸ਼ ਦਿੱਤੇ ਹਨ। ਸਬੰਧਤ ਏਜੰਸੀਆਂ ਨੂੰ ਗੈਰ-ਕਾਨੂੰਨੀ ਉਦਯੋਗਾਂ ਵਿਰੁੱਧ ਸਖਤ ਕਾਰਵਾਈ ਕਰਨ, ਜ਼ਮੀਨੀ ਪੱਧਰ 'ਤੇ ਕਾਰਵਾਈ ਤੇਜ਼ ਕਰਨ ਅਤੇ ਕੂੜੇ ਨੂੰ ਅੱਗ ਲਾਉਣ ਵਰਗੀ ਪ੍ਰਦੂਸ਼ਣ ਫੈਲਾਉਣ ਵਾਲੀਆਂ ਗਤੀਵਿਧੀਆਂ ਨੂੰ ਕੰਟਰੋਲ ਕਰਨ ਦੀ ਹਰ ਕੋਸ਼ਿਸ਼ ਕਰਨ ਲਈ ਵੀ ਕਿਹਾ ਗਿਆ ਹੈ।  


Related News