ਦਿੱਲੀ ''ਚ ਕਿਸ ਦੀ ਬਣੇਗੀ ਸਰਕਾਰ? ਵੋਟਾਂ ਦੀ ਗਿਣਤੀ ਸ਼ੁਰੂ
Saturday, Feb 08, 2025 - 08:07 AM (IST)
ਨਵੀਂ ਦਿੱਲੀ- ਦਿੱਲੀ ਵਿਧਾਨ ਸਭਾ ਦੀਆਂ 70 ਸੀਟਾਂ ਲਈ ਨਤੀਜੇ ਅੱਜ ਯਾਨੀ ਕਿ ਸ਼ਨੀਵਾਰ ਨੂੰ ਐਲਾਨੇ ਜਾਣਗੇ। ਵੋਟਾਂ ਦੀ ਗਿਣਤੀ ਸ਼ੁਰੂ ਹੋ ਗਈ। ਨਤੀਜਿਆਂ ਤੋਂ ਬਾਅਦ ਤਸਵੀਰ ਸਾਫ ਹੋਵੇਗੀ ਕਿ ਆਖ਼ਰਕਾਰ ਦਿੱਲੀ ਵਿਚ ਕਿਸ ਦੀ ਸਰਕਾਰ ਬਣੇਗੀ। ਸਭ ਤੋਂ ਪਹਿਲਾਂ ਬੈਲੇਟ ਪੇਪਰ ਦੀਆਂ ਵੋਟਾਂ ਗਿਣੀਆਂ ਜਾਣਗੀਆਂ। ਇਸ ਤੋਂ ਬਾਅਦ EVM ਮਸ਼ੀਨ ਦੇ ਵੋਟਾਂ ਨੂੰ ਗਿਣਿਆ ਜਾਵੇਗਾ। ਦੁਪਹਿਰ 12 ਵਜੇ ਤੱਕ ਨਤੀਜਿਆਂ ਦੀ ਸਥਿਤੀ ਸਾਫ਼ ਹੋ ਸਕਦੀ ਹੈ। ਚੋਣਾਂ ਦੇ ਲਾਈਵ ਨਤੀਜੇ ਚੋਣ ਕਮਿਸ਼ਨ ਦੀ ਅਧਿਕਾਰਤ ਵੈੱਬਸਾਈਟ eci.gov.in ਅਤੇ ਉਨ੍ਹਾਂ ਦੇ ਵਿਸ਼ੇਸ਼ ਨਤੀਜਾ ਪੋਰਟਲ results.eci.gov.in 'ਤੇ ਦੇਖੇ ਜਾ ਸਕਦੇ ਹਨ।
EVM ਨੂੰ ਦਿੱਤੀ ਗਈ ਸੁਰੱਖਿਆ ਬਾਰੇ ਦਿੱਲੀ ਦੇ ਮੁੱਖ ਚੋਣ ਅਧਿਕਾਰੀ ਨੇ ਕਿਹਾ ਕਿ ਹਰ ਵਿਧਾਨ ਸਭਾ ਹਲਕੇ ਲਈ ਬਣਾਏ ਗਏ ਇਨ੍ਹਾਂ ਸਟਰਾਂਗ ਰੂਮਾਂ ਨੂੰ ਭਾਰਤੀ ਚੋਣ ਕਮਿਸ਼ਨ ਦੇ ਪ੍ਰੋਟੋਕੋਲ ਅਨੁਸਾਰ ਸਖ਼ਤ ਸੁਰੱਖਿਆ ਉਪਾਵਾਂ ਨਾਲ ਸੁਰੱਖਿਅਤ ਕੀਤਾ ਗਿਆ ਹੈ। ਤੀਹਰੀ ਪਰਤ ਸੁਰੱਖਿਆ ਦੇ ਨਾਲ ਇਨ੍ਹਾਂ ਸਟਰਾਂਗ ਰੂਮਾਂ ਦੀ ਸਭ ਤੋਂ ਅੰਦਰਲੀ ਰਿੰਗ ਕੇਂਦਰੀ ਹਥਿਆਰਬੰਦ ਅਰਧ ਸੈਨਿਕ ਬਲਾਂ (CAPF) ਵਲੋਂ ਸਖਤ ਸੁਰੱਖਿਆ ਕੀਤੀ ਜਾ ਰਹੀ ਹੈ, ਜਦੋਂ ਕਿ ਬਾਹਰੀ ਰਿੰਗ ਰਾਜ ਹਥਿਆਰਬੰਦ ਪੁਲਸ ਵਲੋਂ ਤਾਇਨਾਤ ਹੈ।
ਇਸ ਵਾਰ ਵੀ ਆਮ ਆਦਮੀ ਪਾਰਟੀ (ਆਪ), ਭਾਜਪਾ ਅਤੇ ਕਾਂਗਰਸ ਵਿਚਾਲੇ ਮੁਕਾਬਲਾ ਹੈ। ਦੱਸ ਦੇਈਏ ਕਿ ਵੋਟਿੰਗ 5 ਫਰਵਰੀ ਨੂੰ ਇਕੋ ਪੜਾਅ ਵਿਚ ਹੋਈ ਸੀ। ਦਿੱਲੀ ਚੋਣਾਂ 'ਚ 699 ਉਮੀਦਵਾਰਾਂ ਦੀ ਕਿਸਮਤ ਦਾਅ 'ਤੇ ਲੱਗੀ ਹੋਈ ਹੈ, ਜਿਨ੍ਹਾਂ 'ਚ 602 ਪੁਰਸ਼, 96 ਔਰਤਾਂ ਅਤੇ 1 ਹੋਰ ਉਮੀਦਵਾਰ ਸ਼ਾਮਲ ਹੈ। ਅਰਵਿੰਦ ਕੇਜਰੀਵਾਲ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ (ਆਪ) ਲਗਾਤਾਰ ਤੀਜੀ ਵਾਰ ਸੱਤਾ ਵਿਚ ਵਾਪਸੀ ਲਈ ਪੂਰੀ ਕੋਸ਼ਿਸ਼ ਕਰ ਰਹੀ ਹੈ, ਉੱਥੇ ਹੀ ਭਾਜਪਾ ਇਕ ਵਾਰ ਫਿਰ ਸੱਤਾ ਹਾਸਲ ਕਰਨ ਲਈ ਆਪਣੀਆਂ ਸਾਰੀਆਂ ਕੋਸ਼ਿਸ਼ਾਂ ਕਰ ਰਹੀ ਹੈ। ਕਾਂਗਰਸ ਜਿਸ ਨੇ 2024 ਦੀਆਂ ਲੋਕ ਸਭਾ ਚੋਣਾਂ ਵਿਚ 'ਆਪ' ਨਾਲ ਗਠਜੋੜ ਕੀਤਾ ਸੀ, ਇਸ ਵਾਰ ਉਹ ਇਕੱਲੀ ਚੋਣ ਲੜ ਰਹੀ ਹੈ ਅਤੇ ਆਪਣੇ ਸਾਬਕਾ ਸਹਿਯੋਗੀ ਅਤੇ ਭਾਜਪਾ ਦੋਵਾਂ ਨੂੰ ਚੁਣੌਤੀ ਦੇ ਰਹੀ ਹੈ।