ਸਰੀਰ ਦਾ ਤਾਪਮਾਨ 98.7 ਫੀਸਦੀ ਵੀ ਹੋਇਆ ਤਾਂ ਨਹੀਂ ਕਰ ਸਕੋਗੇ ਹਵਾਈ ਯਾਤਰਾ
Saturday, May 23, 2020 - 03:47 PM (IST)
ਨਵੀਂ ਦਿੱਲੀ (ਵਾਰਤਾ) : ਮਨੁੱਖੀ ਸਰੀਰ ਦਾ ਸਾਧਾਰਨ ਤਾਪਮਾਨ 98.6 ਡਿਗਰੀ ਫਾਰੇਨਹਾਈਟ ਮੰਨਿਆ ਜਾਂਦਾ ਹੈ ਅਤੇ 98.7 ਡਿਗਰੀ ਫਾਰੇਨਹਾਈਟ ਹੋਣ 'ਤੇ ਸ਼ਾਇਦ ਹੀ ਦੁਨੀਆ ਦਾ ਕੋਈ ਡਾਕਟਰ ਕਹੇਗਾ ਕਿ ਤੁਹਾਨੂੰ ਬੁਖਾਰ ਹੈ। ਇਸ ਦੇ ਬਾਵਜੂਦ ਦਿੱਲੀ ਹਵਾਈ ਅੱਡੇ 'ਤੇ ਦਾਖਲੇ ਤੋਂ ਪਹਿਲਾਂ ਜੇਕਰ ਸਰੀਰ ਦਾ ਤਾਪਮਾਨ 98.7 ਡਿਗਰੀ ਪਾਇਆ ਗਿਆ ਤਾਂ ਯਾਤਰੀ ਨੂੰ ਟਰਮੀਨਲ ਦੇ ਅੰਦਰ ਨਹੀਂ ਜਾਣ ਦਿੱਤਾ ਜਾਵੇਗਾ। 2 ਮਹੀਨੇ ਦੇ ਅੰਤਰਾਲ ਦੇ ਬਾਅਦ ਸੋਮਵਾਰ ਤੋਂ ਸ਼ੁਰੂ ਹੋ ਰਹੀਆਂ ਘਰੇਲੂ ਉਡਾਣਾਂ ਦੀਆਂ ਤਿਆਰੀਆਂ ਦੇ ਬਾਰੇ ਦਿੱਲੀ ਹਵਾਈ ਅੱਡੇ ਦਾ ਸੰਚਾਲਨ ਕਰਨ ਵਾਲੀ ਕੰਪਨੀ ਦਿੱਲੀ ਅੰਤਰਰਾਸ਼ਟਰੀ ਹਵਾਈ ਅੱਡਾ ਲਿਮੀਟਡ (ਡਾਇਲ) ਨੇ ਅੱਜ ਮੀਡੀਆ ਨੂੰ ਦੱਸਿਆ ਕਿ ਸਰੀਰ ਦੇ ਤਾਪਮਾਨ ਦੀ ਜਾਂਚ, ਹੱਥਾਂ ਅਤੇ ਜੁੱਤੀਆਂ ਦੇ ਤਲਿਆਂ ਦੇ ਸੈਨੀਟਾਈਜੇਸ਼ਨ, ਆਰੋਗਿਆ ਸੇਤੂ ਐਪ ਵਿਚ ਹਰੇ ਸਿਗਨਲ ਅਤੇ ਬੋਰਡਿੰਗ ਪਾਸ ਦਾ ਪ੍ਰਿੰਟਆਊਟ ਲੈਣ ਦੇ ਬਾਅਦ ਹੀ ਯਾਤਰੀਆਂ ਨੂੰ ਟਰਮੀਨਲ ਬਿਲਡਿੰਗ ਵਿਚ ਦਾਖਲਾ ਦਿੱਤਾ ਜਾਵੇਗਾ।
ਦਾਖਲੇ ਤੋਂ ਪਹਿਲਾਂ ਥਰਮਲ ਸਕੈਨਰ ਨਾਲ ਤਾਪਮਾਨ ਦੀ ਜਾਂਚ ਕਰ ਰਹੇ ਕੇਂਦਰੀ ਉਦਯੋਗਿਕ ਸੁਰੱਖਿਆ ਫੋਰਜ ਦੇ ਜਵਾਨਾਂ ਨੇ ਮੀਡੀਆ ਦੇ ਕੁੱਝ ਲੋਕਾਂ ਨੂੰ 99 ਡਿਗਰੀ ਫਾਰੇਨਹਾਈਟ ਤਾਪਮਾਨ ਹੋਣ ਦੇ ਕਾਰਨ ਦਾਖਲਾ ਕਰਨ ਤੋਂ ਰੋਕ ਦਿੱਤਾ। ਪੁੱਛੇ ਜਾਣ 'ਤੇ ਉਨ੍ਹਾਂ ਦੱਸਿਆ ਕਿ 94.6 ਡਿਗਰੀ ਤੋਂ 98.6 ਡਿਗਰੀ ਫਾਰੇਨਹਾਈਟ ਦੇ ਵਿਚਾਲੇ ਤਾਪਮਾਨ ਹੋਣ 'ਤੇ ਹੀ ਕਿਸੇ ਵਿਅਕਤੀ ਨੂੰ ਟਰਮੀਨਲ ਭਵਨ ਵਿਚ ਜਾਣ ਦੇਣ ਦਾ ਹੁਕਮ ਹੈ। ਡਾਇਲ ਦੇ ਮੁੱਖ ਕਾਰਜਕਾਰੀ ਅਧਿਕਾਰੀ ਵਿਦੇਹ ਕੁਮਾਰ ਜੈਪੁਰਿਆਰ ਨੇ ਦੱਸਿਆ ਕਿ ਘਰੇਲੂ ਉਡਾਣਾਂ 'ਤੇ ਰੋਕ ਖ਼ਤਮ ਹੋਣ ਤੋਂ ਬਾਅਦ 25 ਮਈ ਤੋਂ ਪਹਿਲੀ ਉਡਾਣ ਸਵੇਰੇ 4.30 ਵਜੇ ਰਵਾਨਾ ਹੋਵੇਗੀ। ਸਰਕਾਰ ਨੇ ਇਕ-ਤਿਹਾਈ ਉਡਾਣਾਂ ਦੇ ਸੰਚਾਲਣ ਦੀ ਹੀ ਆਗਿਆ ਦਿੱਤੀ ਹੈ। ਇਸ ਲਈ ਅਜੇ ਦਿੱਲੀ ਹਵਾਈ ਅੱਡੇ ਤੋਂ ਰੋਜ਼ਾਨਾ 190 ਉਡਾਣਾਂ ਰਵਾਨਾ ਹੋਣਗੀਆਂ ਅਤੇ ਇੰਨੀਆਂ ਹੀ ਇੱਥੇ ਉਤਰਨਗੀਆਂ। ਰੋਜ਼ਾਨਾ ਤਕਰੀਬਨ 20-20 ਹਜ਼ਾਰ ਯਾਤਰੀਆਂ ਦੇ ਆਉਣ-ਜਾਣ ਦੀ ਉਮੀਦ ਹੈ। ਸਾਰੀਆਂ ਉਡਾਣਾਂ ਦਾ ਸੰਚਾਲਣ ਕੌਮਾਂਤਰੀ ਟਰਮੀਨਲ ਟੀ-3 ਤੋਂ ਹੀ ਹੋਵੇਗਾ। ਇੰਨੇ ਯਾਤਰੀਆਂ ਲਈ ਇਸ ਟਰਮੀਨਲ 'ਤੇ ਸਮਰੱਥ ਸਹੂਲਤ ਮੌਜੂਦ ਹੈ ਅਤੇ ਸਾਮਾਜਕ ਦੂਰੀ ਦਾ ਚੰਗੀ ਤਰ੍ਹਾਂ ਪਾਲਣ ਕੀਤਾ ਜਾ ਸਕੇਗਾ। ਕੋਰੋਨਾ ਵਾਇਰਸ ਕੋਵਿਡ-19 ਦੇ ਮੱਦੇਨਜ਼ਰ ਦੇਸ਼ ਵਿਚ ਰੈਗੂਲਰ ਯਾਤਰੀ ਉਡਾਣਾਂ ਦਾ ਸੰਚਾਲਣ 25 ਮਾਰਚ ਤੋਂ ਪੂਰੀ ਤਰ੍ਹਾਂ ਬੰਦ ਹੈ। 2 ਮਹੀਨੇ ਬਾਅਦ 25 ਮਈ ਤੋਂ ਕਈ ਸ਼ਰਤਾਂ ਦੇ ਨਾਲ ਇਕ-ਤਿਹਾਈ ਉਡਾਣਾਂ ਦੇ ਸੰਚਾਲਣ ਦੀ ਆਗਿਆ ਦਿੱਤੀ ਗਈ ਹੈ।