ਸ਼ਰਾਬ ਦੇ ਨਸ਼ੇ ’ਚ ਤੀਜੀ ਮੰਜ਼ਿਲ ਤੋਂ ਸੁੱਟਿਆ ਸਿਲੰਡਰ, ਹੇਠਾਂ ਖੜ੍ਹੇ ਗੁਆਂਢੀ ਦੀ ਮੌਤ
Saturday, Nov 28, 2026 - 06:18 PM (IST)
ਨਵੀਂ ਦਿੱਲੀ, (ਏਜੰਸੀ)-ਦੱਖਣ-ਪੱਛਮੀ ਦਿੱਲੀ ਦੇ ਬਿੰਦਾਪੁਰ ਇਲਾਕੇ ਵਿਚ 24 ਸਾਲਾ ਵਿਅਕਤੀ ਨੇ ਇਮਾਰਤ ਦੇ ਵਸਨੀਕਾਂ ਨਾਲ ਝਗੜੇ ਤੋਂ ਬਾਅਦ ਕਥਿਤ ਤੌਰ ’ਤੇ ਸ਼ਰਾਬ ਦੇ ਨਸ਼ੇ ਵਿਚ ਤੀਜੀ ਮੰਜ਼ਿਲ ਤੋਂ ਇਕ ਐੱਲ. ਪੀ. ਜੀ. ਸਿਲੰਡਰ ਹੇਠਾਂ ਸੁੱਟ ਦਿੱਤਾ, ਜਿਸ ਦੀ ਲਪੇਟ ਵਿਚ ਆਉਣ ਨਾਲ ਹੇਠਾਂ ਖੜ੍ਹੇ ਇਕ ਗੁਆਂਢੀ ਦੀ ਮੌਤ ਹੋ ਗਈ। ਪੁਲਸ ਸੂਤਰਾਂ ਨੇ ਦੱਸਿਆ ਕਿ ਸਿਲੰਡਰ 28 ਸਾਲਾ ਸਾਹਿਲ ਦੇ ਸਿਰ ਉੱਤੇ ਵੱਜਿਆ। ਉਹ ਇਮਾਰਤ ਦੇ ਬਾਹਰ ਖੜ੍ਹਾ ਸੀ।
ਇਹ ਘਟਨਾ ਤਾਲਾਬ ਵਾਲਾ ਪਾਰਕ ਦੇ ਨੇੜੇ ਰਾਧਿਕਾ ਅਪਾਰਟਮੈਂਟ, ਬਿੰਦਾਪੁਰ ਐਕਸਟੈਂਸ਼ਨ ਵਿਚ ਵਾਪਰੀ। ਪੁਲਸ ਅਨੁਸਾਰ, ਮੁਲਜ਼ਮ ਦੀ ਪਛਾਣ ਸ਼ਿਵਮ ਸ਼ਰਮਾ ਉਰਫ਼ ਸ਼ਿਵ ਵਜੋਂ ਹੋਈ ਹੈ। ਉਹ ਪੇਸ਼ੇ ਤੋਂ ਦਰਜ਼ੀ ਹੈ ਅਤੇ ਕਥਿਤ ਤੌਰ ’ਤੇ ਸਵੇਰ ਤੋਂ ਹੀ ਸ਼ਰਾਬ ਪੀ ਰਿਹਾ ਸੀ ਅਤੇ ਕੰਮ ’ਤੇ ਨਹੀਂ ਗਿਆ ਸੀ। ਪੁਲਸ ਨੇ ਦੱਸਿਆ ਕਿ ਸ਼ਿਵਮ ਸ਼ਰਮਾ ਦਾ ਇਮਾਰਤ ਵਿਚ ਰਹਿਣ ਵਾਲੇ ਲੋਕਾਂ ਨਾਲ ਸਭ ਤੋਂ ਪਹਿਲਾਂ ਪਾਰਕਿੰਗ ਖੇਤਰ ਵਿਚ ਵਿਵਾਦ ਹੋਇਆ ਸੀ। ਸ਼ਾਮ ਲਗਭਗ 7 ਵਜੇ ਇਹ ਵਿਵਾਦ ਵੱਧ ਗਿਆ, ਜਿਸ ਤੋਂ ਬਾਅਦ ਉਹ ਗੁੱਸੇ ਵਿਚ ਉੱਪਰ ਗਿਆ ਅਤੇ ਤੀਜੀ ਮੰਜ਼ਿਲ ਦੀ ਬਾਲਕਨੀ ਤੋਂ ਇਕ ਐੱਲ. ਪੀ. ਜੀ. ਸਿਲੰਡਰ ਕਥਿਤ ਤੌਰ ’ਤੇ ਹੇਠਾਂ ਸੁੱਟ ਦਿੱਤਾ। ਪੁਲਸ ਨੇ ਸ਼ਿਵਮ ਨੂੰ ਹਿਰਾਸਤ ਵਿਚ ਲੈ ਲਿਆ ਹੈ ਅਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
