ਗਲਵਾਨ ਦੀ ਖੂਨੀ ਝੜਪ ਤੋਂ ਬਾਅਦ ਚੀਨ ਨੇ 40 ਹਜ਼ਾਰ 500 ਵਾਰ ਕੀਤੇ ਸਾਈਬਰ ਅਟੈਕ

Saturday, Mar 20, 2021 - 12:14 PM (IST)

ਨੈਸ਼ਨਲ ਡੈਸਕ– ਲੱਦਾਖ ਦੀ ਗਲਵਾਨ ਘਾਟੀ ’ਚ ਬੀਤੇ ਸਾਲ ਜੂਨ ਮਹੀਨੇ ’ਚ ਹੋਈ ਖੂਨੀ ਝੜਪ ਤੋਂ ਬਾਅਦ ਚੀਨ ’ਤੇ ਭਾਰਤ ਦਾ ਬਾਹੂਬਲ ਭਾਰੀ ਪੈਣ ਲੱਗਾ, ਤਾਂ ਉਸ ਨੇ ਮਾਇੰਡ ਪਾਵਰ ਦੀ ਵਰਤੋਂ ਕਰ ਕੇ ਭਾਰਤ ’ਤੇ ਸਾਈਬਰ ਅਟੈਕ ਕਰਨੇ ਸ਼ੁਰੂ ਕਰ ਦਿੱਤੇ। ਗਲਵਾਨ ਘਾਟੀ ਦੀ ਘਟਨਾ ਤੋਂ ਚਾਰ ਮਹੀਨੇ ਬਾਅਦ ਅਕਤੂਬਰ ’ਚ ਮੁੰਬਈ ਦੇ ਪਾਵਰ ਗ੍ਰਿਡ ਫੇਲ ਹੋ ਗਏ ਸਨ ਅਤੇ ਵੱਡੇ ਇਲਾਕੇ ’ਚ ਲੋਕਾਂ ਨੂੰ ਬਲੈਕ ਆਊਟ ਦਾ ਸਾਹਮਣਾ ਕਰਨਾ ਪਿਆ ਸੀ। ਜਿਸ ਤੋਂ ਬਾਅਦ 28 ਫਰਵਰੀ ਨੂੰ ਅਮਰੀਕਾ ਸਥਿਤ ਸਾਈਬਰ ਸਿਕਓਰਿਟੀ ਫਰਮ ‘ਰਿਕਾਰਡੇਡ ਫਿਊਚਰ’ ਨੇ ਇਕ ਰਿਪੋਰਟ ਪ੍ਰਕਾਸ਼ਿਤ ਕੀਤੀ, ਜਿਸ ’ਚ ਇਸ ਗੱਲ ਦਾ ਖੁਲਾਸਾ ਹੋਇਆ ਸੀ ਕਿ ਇਹ ਬਲੈਕ ਆਊਟ ਚੀਨ ਦੇ ਸਾਈਬਰ ਵਾਰ ਦਾ ਨਤੀਜਾ ਸੀ। ਭਾਰਤੀ ਊਰਜਾ ਮੰਤਰਾਲਾ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ। ਅਮਰੀਕਾ ਦੀ ਰਿਪੋਰਟ ਮੁਤਾਬਕ ਚੀਨੀ ਹੈਕਰਸ ਦੀ ਫੌਜ ਨੇ ਅਕਤੂਬਰ ’ਚ ਸਿਰਫ ਪੰਜ ਦਿਨਾਂ ਦੇ ਅੰਦਰ ਭਾਰਤ ਦੇ ਪਾਵਰ ਗ੍ਰਿਡ, ਆਈ. ਟੀ. ਕੰਪਨੀਆਂ ਅਤੇ ਬੈਂਕਿੰਗ ਖੇਤਰ ’ਤੇ 40 ਹਜ਼ਾਰ 500 ਵਾਰ ਸਾਈਬਰ ਅਟੈਕ ਕੀਤੇ ਸਨ। ਭਾਰਤੀ ਊਰਜਾ ਮੰਤਰਾਲਾ ਦਾ ਕਹਿਣਾ ਹੈ ਕਿ ਇੰਨੇ ਅਟੈਕ ਕਰਨ ਤੋਂ ਬਾਅਦ ਵੀ ਪਾਵਰ ਸੈਕਟਰ ’ਚ ਚੀਨੀ ਹੈਕਰਸ ਅੰਦਰੂਨੀ ਸਿਸਟਮ ’ਚ ਦਾਖਲ ਨਹੀਂ ਹੋ ਸਕੇ।

ਕੋਈ ਵੀ ਡਾਟਾ ਲਾਸ ਨਹੀਂ ਹੋਇਆ
ਰੈੱਡ ਇਕੋ ਨੇ ਸ਼ੈਡੋਪੈਡ ਨਾਮੀ ਮਾਲਵੇਅਰ ਤੋਂ ਸਰਵਰ ਤੱਕ ਪਹੁੰਚਣ ਲਈ ਪਿਛਲੇ ਦਰਵਾਜ਼ੇ ਦੀ ਵਰਤੋਂ ਕੀਤੀ ਸੀ। ਊਰਜਾ ਮੰਤਰਾਲਾ ਨੇ ਹੈਕਰਸ ਦੇ ਯਤਨਾਂ ਦੀ ਪੁਸ਼ਟੀ ਕਰਦੇ ਹੋਏ ਦੱਸਿਆ ਹੈ ਕਿ ਨਵੰਬਰ 2020 ’ਚ ਸ਼ੈਡੋਪੇਡ ਮਾਲਵੇਅਰ ਨੇ ਪੋਸਕੋ ਦੇ ਕੁਝ ਕੰਟਰੋਲ ਕੇਂਦਰਾਂ ’ਤੇ ਸਾਈਬਰ ਹਮਲਾ ਕੀਤਾ ਸੀ। ਇਸ ਸਾਈਬਰ ਹਮਲੇ ’ਚ ਕੋਈ ਡਾਟਾ ਬ੍ਰੀਚ ਜਾਂ ਡਾਟਾ ਲਾਸ ਨਹੀਂ ਪਾਇਆ ਗਿਆ ਸੀ ਅਤੇ ਪੋਸਕੋ ਦੇ ਕਿਸੇ ਵੀ ਕੰਮ ਨੂੰ ਪ੍ਰਭਾਵਿਤ ਨਹੀਂ ਕੀਤਾ ਜਾ ਸਕਿਆ।

ਸਟਾਕ ਐਕਸਚੇਂਜ ’ਤੇ ਹਮਲਾ
ਹਾਲ ਹੀ ਦੀ ਸਾਈਬਰ ਘੁਸਪੈਠ ਨੇ ਬੈਂਕਾਂ ’ਚ ਸਿਸਟਮ ਨੂੰ ਅਪਾਹਿਜ਼ ਕਰ ਦਿੱਤਾ ਅਤੇ ਦੇਸ਼ ਦੇ ਪ੍ਰਮੁੱਖ ਨੈਸ਼ਨਲ ਸਟਾਕ ਐਕਸਚੇਂਜ ’ਚ ਗੜਬੜੀ ਪੈਦਾ ਕਰ ਦਿੱਤੀ ਸੀ। ਪਿਛਲੇ ਸਾਲ ਸਤੰਬਰ ’ਚ ਹਜ਼ਾਰਾਂ ਭਾਰਤੀ ਨਾਗਰਿਕਾਂ ਦੇ ਡਿਜੀਟਲ ਕਦਮਾਂ ਦੀ ਨਿਗਰਾਨੀ ਕਰਨ ਲਈ ਇਕ ਚੀਨੀ ਸਰਕਾਰ ਨਾਲ ਜੁੜੀ ਕੰਪਨੀ ਦੇ ਯਤਨ ਦੇ ਸਬੂਤ ਸਾਹਮਣੇ ਆਏ ਹਨ। ਸਾਈਬਰ ਮਾਹਰਾਂ ਨੇ ਸਰਕਾਰ ਨੂੰ ਬਿਜਲੀ ਦੇ ਬੁਨਿਆਦੀ ਢਾਂਚੇ ਦੇ ਖੇਤਰਾਂ ’ਚ ਇਕ ਮਾਲੇਅਰ ਦੇ ਖਤਰੇ ਤੋਂ ਜਾਣੂ ਕਰਵਾਇਆ ਗਿਆ ਸੀ।
  
ਹੈਕਰਸ ਦੇ ਨਿਸ਼ਾਨੇ ’ਤੇ ਕੋਵਿਡ ਵੈਕਸੀਨ
ਇਕ ਸਾਈਬਰ ਖੂਫੀਆ ਫਰਮ ਦਾ ਦਾਅਵਾ ਹੈ ਕਿ ਇਕ ਹੋਰ ਚੀਨੀ ਸਰਕਾਰ ਨਾਲ ਸਬੰਧਤ ਹੈਕਰਸ ਦੇ ਗਰੁੱਪ ਸਟੋਨ ਪਾਂਡਾ ਨੇ ਭਾਰਤ ਦੇ ਕੋਵਿਡ ਟੀਕਾਕਰਣ ’ਚ ਵਰਤੇ ਜਾਣ ਵਾਲੇ ਦੋ ਟੀਕਿਆਂ ਦੇ ਨਿਰਮਾਤਾਵਾਂ ਨੂੰ ਵੀ ਟਾਰਗੈੱਟ ਕੀਤਾ ਹੈ। ਸਟੋਨ ਪਾਂਡਾ ਨੇ ਭਾਰਤ ਬਾਇਓਟੈੱਕ ਅਤੇ ਸੀਰਮ ਇੰਸਟੀਚਿਊਟ ਦੀ ਆਈ. ਟੀ. ਸਿਕਓਰਿਟੀ ’ਚ ਸੰਨ੍ਹ ਲਗਾਉਣ ਦੀ ਕੋਸ਼ਿਸ਼ ਕੀਤੀ। ਦੱਸਿਆ ਜਾਂਦਾ ਹੈ ਕਿ ਚੀਨੀ ਹੈਕਰਾਂ ਵਲੋਂ ਕੀਤੇ ਗਏ ਇਨ੍ਹਾਂ ਸਾਈਬਰ ਅਟੈਕ ਦਾ ਮਕਸਦ ਇਨ੍ਹਾਂ ਦੋਹਾਂ ਕੰਪਨੀਆਂ ਦੀ ਸਪਲਾਈ ਚੇਨ ਨੂੰ ਬ੍ਰੇਕ ਕਰਨਾ ਸੀ।

ਆਸਟ੍ਰੇਲੀਆ ’ਚ ਸਭ ਤੋਂ ਵੱਡਾ ਗਲੋਬਲ ਸਾਈਬਰ ਅਟੈਕ, ਮੇਲ ਸਰਵਰ ਹੈਕ
ਚੀਨ ਦੇ ਸਾਈਬਰ ਹਮਲਿਆਂ ਤੋਂ ਭਾਰਤ ਹੀ ਨਹੀਂ, ਵਿਸ਼ਵ ਦੇ ਕਈ ਹੋਰ ਦੇਸ਼ ਵੀ ਪ੍ਰੇਸ਼ਾਨ ਹਨ। ਮਾਰਚ ਮਹੀਨੇ ਦੇ ਸ਼ੁਰੂ ’ਚ ਚੀਨੀ ਹੈਕਰਸ ਨੇ ਕਥਿਤ ਤੌਰ ’ਤੇ ਆਸਟ੍ਰੇਲੀਆ ਦੇ ਪੱਛਮੀ ਸੰਸਦੀ ਈਮੇਲ ਨੈੱਟਵਰਕ ’ਤੇ ਹਮਲਾ ਕੀਤਾ ਸੀ। ਇਸ ਹਮਲੇ ਨੂੰ ਸਭ ਤੋਂ ਵੱਡਾ ਗਲੋਬਲ ਸਾਈਬਰ ਅਟੈਕ ਦੱਸਿਆ ਜਾ ਰਿਹਾ ਹੈ ਅਤੇ ਇਹ ਸਾਫਟਵੇਅਰ ਨਾਲ ਜੁੜਿਆ ਸੀ। ਇਸ ਹਮਲੇ ਦਾ ਪਤਾ 4 ਮਾਰਚ ਇਕ ਸਾਈਬਰ ਸੁਰੱਖਿਆ ਅਧਿਕਾਰੀ ਨੂੰ ਲੱਗਾ ਸੀ। ਆਸਟ੍ਰੇਲੀਅਨ ਬ੍ਰਾਡ ਕਾਸਟਿੰਗ ਕਾਰਪੋਰੇਸ਼ਨ (ਏ. ਬੀ. ਸੀ.) ਮੁਤਾਬਕ ਉਸ ਸਮੇਂ ਰਾਜਨੇਤਾਵਾਂ ਨੂੰ ਚਿਤਾਵਨੀ ਦਿੱਤੀ ਗਈ ਸੀ। ਸੰਸਦੀ ਵਿਭਾਗ ਵਲੋਂ ਸੂਚਨਾ ਦੇਣ ਤੋਂ ਬਾਅਦ ਨੇਤਾਵਾਂ ਨੂੰ ਇਕ ਮੈਸੇਜ ਕੀਤਾ ਗਿਆ ਸੀ ਕਿ ਮੇਲ ਦਾ ਸਰਵਰ ਅਗਲੀ ਸੂਚਨਾ ਤੱਕ ਡਾਊਨ ਰਹੇਗਾ। ਆਸਟ੍ਰੇਲੀਆ ਦੇ ਸੰਸਦੀ ਸੇਵਾ ਵਿਭਾਗ ਨੇ ਜਾਂਚ ਤੋਂ ਬਾਅਦ ਨਤੀਜਾ ਕੱਢਿਆ ਕਿ ਹਮਲੇ ’ਚ ਕੋਈ ਸੰਵੇਦਨਸ਼ੀਲ ਡਾਟਾ ਚੋਰੀ ਨਹੀਂ ਹੋਇਆ ਸੀ। ਸੰਸਦੀ ਸੇਵਾ ਦੇ ਕਾਰਜਕਾਰੀ ਪ੍ਰਬੰਧਕ ਰਾਬ ਹੰਟਰ ਨੇ ਏ. ਬੀ. ਸੀ. ਨੂੰ ਦੱਸਿਆ ਕਿ ਜਿਵੇਂ ਹੀ ਸਾਨੂੰ ਹਮਲੇ ਬਾਰੇ ਪਤਾ ਲੱਗਾ, ਅਸੀਂ ਤੁਰੰਤ ਈਮੇਲ ਸਰਵਰ ਨੂੰ ਕੱਟ ਦਿੱਤਾ ਸੀ।

ਸਾਈਬਰ ਸੁਰੱਖਿਆ ਲਈ ਨਵੀਂ ਰਾਸ਼ਟਰੀ ਰਣਨੀਤੀ
ਰਾਸ਼ਟਰੀ ਸਾਈਬਰ ਸੁਰੱਖਿਆ ਤਾਲਮੇਲ ਲੈਫਟੀਨੈਂਟ ਜਨਰਲ ਰਾਜੇਸ਼ ਪੰਤ ਨੇ ਕਿਹਾ ਕਿ ਚੀਨ ਦੇ ਸਾਈਬਰ ਹਮਲੇ ਦੇ ਸਾਹਮਣੇ ਦੇਸ਼ ਦੀ ਸਾਈਬਰ ਸੁਰੱਖਿਆ ਨੂੰ ਮਜ਼ਬੂਤ ਕਰਨ ਲਈ ਭਾਰਤ ਇਕ ਨਵੀਂ ਰਾਸ਼ਟਰੀ ਰਣਨੀਤੀ ’ਤੇ ਕੰਮ ਕਰ ਰਿਹਾ ਹੈ। ਨਵੀਂ ਰਣਨੀਤੀ ਸਰਕਾਰ ਦੀ ਡਿਜੀਟਲ ਰੂਪ ਨਾਲ ਜੁੜੇ ਪਾਣੀ, ਸਿਹਤ ਅਤੇ ਸਿੱਖਿਆ ਪ੍ਰਣਾਲੀਆਂ ਨੂੰ ਸੁਰੱਖਿਅਤ ਰੱਖਣ ਲਈ ਹੋਵੇਗੀ। ਇਸ ’ਚ ਪ੍ਰਮਾਣੂ, ਬਿਜਲੀ ਅਤੇ ਹਵਾਬਾਜ਼ੀ ਸਹੂਲਤਾਂ ਨੂੰ ਸੰਵੇਦਨਸ਼ੀਲ ਮੰਨਿਆ ਜਾਵੇਗਾ।
   
ਇਲੈਕਟ੍ਰੀਕਲ ਪ੍ਰਾਪਰਟੀ ’ਤੇ ਹੋਇਆ ਸੀ ਅਟੈਕ
ਊਰਜਾ ਮੰਤਰਾਲਾ ਨੇ ਦੱਸਿਆ ਕਿ ਭਾਰਤ ਕੋਲ ਇਸ ਤਰ੍ਹਾਂ ਦੇ ਹਮਲੇ ਨਾਲ ਨਜਿੱਠਣ ਲਈ ਅਤਿਆਧੁਨਿਕ ਤਕਨੀਕ ਅਤੇ ਉਪਕਰਣ ਮੌਜੂਦ ਹਨ। ਰਿਕਾਰਡਿਡ ਫਿਊਚਰ ਦੀ ਰਿਪੋਰਟ ’ਚ ਕਿਹਾ ਗਿਆ ਸੀ ਕਿ ਰੈੱਡ ਇਕੋ ਨਾਂ ਦਾ ਇਕ ਗਰੁੱਪ ਸਾਈਬਰ ਅਟੈਕ ’ਚ ਮਾਲਵੇਅਰ ਵਰਗੇ ਸੋਮਿਆਂ ਦੀ ਵਰਤੋਂ ਤੇਜ਼ੀ ਨਾਲ ਕਰ ਰਿਹਾ ਹੈ। ਰਿਪੋਰਟ ’ਚ ਨੈਸ਼ਨਲ ਥਰਮਲ ਪਾਵਰ ਕਾਰਪੋਰੇਸ਼ਨ ਲਿਮਟਿਡ (ਐੱਨ. ਟੀ. ਪੀ. ਸੀ.) ਅਤੇ ਪਾਵਰ ਸਿਸਟਮ ਆਪ੍ਰੇਸ਼ਨ ਕਾਰਪੋਰੇਸ਼ਨ ਲਿਮਟਿਡ (ਪੋਸਕੋ) ਦੀ ਮਲਕੀਅਤ ਵਾਲੀਆਂ ਘੱਟ ਤੋਂ ਘੱਟ 10 ਇਲੈਕਟ੍ਰਿਕ ਪ੍ਰਾਪਰਟੀਜ਼ ’ਚ ਚੀਨੀ ਰਾਜ ਸਮਰਥਿਤ ਹੈਕਰਸ ਨੂੰ ਘੁਸਪੈਠ ਲਈ ਜ਼ਿੰਮੇਵਾਰ ਠਹਿਰਾਇਆ ਗਿਆ ਸੀ।


Rakesh

Content Editor

Related News