ਰਾਧਾਕ੍ਰਿਸ਼ਨਨ ਅੱਜ ਚੁੱਕਣਗੇ ਉਪ-ਰਾਸ਼ਟਰਪਤੀ ਅਹੁਦੇ ਦੀ ਸਹੁੰ
Friday, Sep 12, 2025 - 12:21 AM (IST)

ਨਵੀਂ ਦਿੱਲੀ, (ਭਾਸ਼ਾ)- ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨਵੇਂ ਚੁਣੇ ਉਪ-ਰਾਸ਼ਟਰਪਤੀ ਸੀ. ਪੀ. ਰਾਧਾਕ੍ਰਿਸ਼ਨਨ (67) ਨੂੰ ਸ਼ੁੱਕਰਵਾਰ ਨੂੰ ਅਹੁਦੇ ਦੀ ਸਹੁੰ ਚੁਕਾਏਗੀ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ।
ਉਨ੍ਹਾਂ ਦੱਸਿਆ ਕਿ ਮਹਾਰਾਸ਼ਟਰ ਦੇ ਸਾਬਕਾ ਰਾਜਪਾਲ ਰਾਧਾਕ੍ਰਿਸ਼ਨਨ ਸਵੇਰੇ 10 ਵਜੇ ਰਾਸ਼ਟਰਪਤੀ ਭਵਨ ’ਚ ਆਯੋਜਿਤ ਇਕ ਸਮਾਰੋਹ ’ਚ ਉਪ-ਰਾਸ਼ਟਰਪਤੀ ਅਹੁਦੇ ਦੀ ਸਹੁੰ ਚੁੱਕਣਗੇ।
ਰਾਧਾਕ੍ਰਿਸ਼ਨਨ ਨੇ ਮੰਗਲਵਾਰ ਨੂੰ ਉਪ-ਰਾਸ਼ਟਰਪਤੀ ਅਹੁਦੇ ਲਈ ਹੋਈ ਚੋਣ ’ਚ ਵਿਰੋਧੀ ਧਿਰ ਦੇ ਸਾਂਝੇ ਉਮੀਦਵਾਰ ਬੀ. ਸੁਦਰਸ਼ਨ ਰੈੱਡੀ ਨੂੰ 152 ਵੋਟਾਂ ਦੇ ਫਰਕ ਨਾਲ ਹਰਾਇਆ।
ਤਤਕਾਲੀ ਉਪ-ਰਾਸ਼ਟਰਪਤੀ ਜਗਦੀਪ ਧਨਖੜ ਵੱਲੋਂ 21 ਜੁਲਾਈ ਨੂੰ ਅਚਾਨਕ ਅਸਤੀਫਾ ਦਿੱਤੇ ਜਾਣ ਕਾਰਨ ਇਹ ਚੋਣ ਕਰਵਾਈ ਗਈ। ਉਪ-ਰਾਸ਼ਟਰਪਤੀ ਚੁਣੇ ਜਾਣ ਤੋਂ ਬਾਅਦ ਰਾਧਾਕ੍ਰਿਸ਼ਨਨ ਨੇ ਵੀਰਵਾਰ ਨੂੰ ਮਹਾਰਾਸ਼ਟਰ ਦੇ ਰਾਜਪਾਲ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ। ਰਾਸ਼ਟਰਪਤੀ ਦਫਤਰ ਵੱਲੋਂ ਜਾਰੀ ਇਕ ਬਿਆਨ ’ਚ ਕਿਹਾ ਗਿਆ ਹੈ ਕਿ ਰਾਸ਼ਟਰਪਤੀ ਮੁਰਮੂ ਨੇ ਗੁਜਰਾਤ ਦੇ ਰਾਜਪਾਲ ਆਚਾਰਿਆ ਦੇਵਵ੍ਰਤ ਨੂੰ ਮਹਾਰਾਸ਼ਟਰ ਦੇ ਰਾਜਪਾਲ ਦਾ ਵਾਧੂ ਚਾਰਜ ਸੌਂਪਿਆ ਹੈ।