‘ਕੋਵਿਡ ਮਹਾਮਾਰੀ’ ਅਜੇ ਖਤਮ ਨਹੀਂ ਹੋਈ : ਦਿੱਲੀ ਹਾਈ ਕੋਰਟ
Tuesday, Jun 03, 2025 - 04:18 AM (IST)

ਨਵੀਂ ਦਿੱਲੀ - ਦਿੱਲੀ ਹਾਈ ਕੋਰਟ ਨੇ ਕਿਹਾ ਹੈ ਕਿ ‘ਕੋਵਿਡ ਮਹਾਮਾਰੀ’ ਅਜੇ ਖਤਮ ਨਹੀਂ ਹੋਈ। ਹਾਈ ਕੋਰਟ ਨੇ ਸੈਂਪਲ ਇਕੱਠੇ ਕਰਨ ਤੇ ਆਵਾਜਾਈ ਦੀ ਨੀਤੀ ਲਈ ਕੇਂਦਰ ਸਰਕਾਰ ਦੀ ਤਿਆਰੀ ਬਾਰੇ ਵਿਸਤ੍ਰਿਤ ਜਾਣਕਾਰੀ ਮੰਗੀ ਹੈ। ਜਸਟਿਸ ਗਿਰੀਸ਼ ਕਠਪਾਲੀਆ ਨੇ ਕਿਹਾ ਕਿ ਉਮੀਦ ਹੈ ਕਿ ਇਸ ਸਬੰਧੀ ਕਦਮ ਚੁੱਕੇ ਜਾਣਗੇ ਤੇ ਪ੍ਰੋਟੋਕੋਲ ਲਾਗੂ ਹੋਣਗੇ ਪਰ ਫਿਰ ਵੀ ਸਬੰਧਤ ਅਧਿਕਾਰੀਆਂ ਨੂੰ ਇਸ ਨੂੰ ਰਿਕਾਰਡ ’ਤੇ ਲਿਆਉਣਾ ਚਾਹੀਦਾ ਹੈ।
ਉਨ੍ਹਾਂ ਕਿਹਾ ਕਿ ਕੋਵਿਡ ਮਹਾਮਾਰੀ ਅਜੇ ਖਤਮ ਨਹੀਂ ਹੋਈ। ਅਸਲ ’ਚ ਇਹ ਅਜੇ ਵੀ ਸਰਗਰਮ ਹੈ। ਜੇ 30 ਮਈ, 2023 ਦੀ ਮੀਟਿੰਗ ਤੋਂ ਬਾਅਦ ਚੁੱਕੇ ਗਏ ਕਦਮਾਂ ’ਚ ਕੋਈ ਕਮੀ ਹੈ ਤਾਂ ਇਹ ਇਕ ਗੰਭੀਰ ਮੁੱਦਾ ਹੈ। ਅਦਾਲਤ ਦੇ 28 ਮਈ ਦੇ ਹੁਕਮ ’ਚ ਕਿਹਾ ਗਿਆ ਹੈ ਕਿ ਸਰਗਰਮ ਕੋਵਿਡ-19 ਦੀਆਂ ਵਿਆਪਕ ਰਿਪੋਰਟਾਂ ਨੂੰ ਮੁੱਖ ਰੱਖਦਿਆਂ ਇਹ ਯਕੀਨੀ ਤੌਰ ’ਤੇ ਜ਼ਰੂਰੀ ਹੈ, ਇਸ ਲਈ ਪ੍ਰਤੀਵਾਦੀ ਤੋਂ ਇਹ ਉਮੀਦ ਕੀਤੀ ਜਾਵੇਗੀ ਕਿ ਉਹ ਉਪਾਵਾਂ ਨੂੰ ਠੋਸ ਰੂਪ ਦੇਵੇ ਤਾਂ ਜੋ ਇਨ੍ਹਾਂ ਨੂੰ ਲਾਗੂ ਕੀਤਾ ਜਾ ਸਕੇ ।
ਅਦਾਲਤ ਡਾ. ਰੋਹਿਤ ਜੈਨ ਵੱਲੋਂ ਦਾਇਰ ਮਾਣਹਾਨੀ ਦੀ ਇਕ ਪਟੀਸ਼ਨ ਦੀ ਸੁਣਵਾਈ ਕਰ ਰਹੀ ਸੀ, ਜਿਸ ’ਚ ਦੋਸ਼ ਲਾਇਆ ਗਿਆ ਸੀ ਕਿ 27 ਜਨਵਰੀ, 2023 ਨੂੰ ਹਾਈ ਕੋਰਟ ਦੇ ਡਵੀਜ਼ਨ ਬੈਂਚ ਵੱਲੋਂ ਪਾਸ ਕੀਤੇ ਗਏ ਹੁਕਮਾਂ ਦੀ ਅਧਿਕਾਰੀਆਂ ਵੱਲੋਂ ਪਾਲਣਾ ਨਹੀਂ ਕੀਤੀ ਗਈ।