ਕਰਨਾਟਕ ’ਚ ਕਾਂਗਰਸ 130 ਸੀਟਾਂ ਜਿੱਤੇਗੀ, ਭਾਜਪਾ ਦੀ ਸਥਿਤੀ ਖਰਾਬ : ਮੋਇਲੀ
Monday, Apr 17, 2023 - 12:49 PM (IST)
 
            
            ਨਵੀਂ ਦਿੱਲੀ, (ਭਾਸ਼ਾ)- ਕਾਂਗਰਸ ਦੇ ਸੀਨੀਅਰ ਆਗੂ ਐੱਮ. ਵੀਰੱਪਾ ਮੋਇਲੀ ਨੇ ਕਰਨਾਟਕ ’ਚ ‘ਬਦਲਾਅ ਦੀ ਹਵਾ’ ਚੱਲਣ ਦਾ ਦਾਅਵਾ ਕਰਦੇ ਹੋਏ ਕਿਹਾ ਹੈ ਕਿ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ’ਚ ਉਨ੍ਹਾਂ ਦੀ ਪਾਰਟੀ ਨੂੰ ਘੱਟੋ-ਘੱਟ 130 ਸੀਟਾਂ ਮਿਲਣਗੀਆਂ ਅਤੇ ਭਾਰਤੀ ਜਨਤਾ ਪਾਰਟੀ (ਭਾਜਪਾ) ਲਈ ਦੱਖਣੀ ਭਾਰਤ ’ਚ ਦਾਖ਼ਲੇ ਦੇ ਦਰਵਾਜ਼ੇ ‘ਪੂਰੀ ਤਰ੍ਹਾਂ ਬੰਦ’ ਹੋ ਜਾਣਗੇ। ਉਨ੍ਹਾਂ ਕਿਹਾ ਕਿ ਕਰਨਾਟਕ ਨੇ ਕੇਂਦਰ ’ਚ ਸਰਕਾਰ ਬਣਾਉਣ ’ਚ ਹਮੇਸ਼ਾ ਅਹਿਮ ਭੂਮਿਕਾ ਨਿਭਾਈ ਹੈ ਅਤੇ ਸੂਬੇ ’ਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ’ਚ ਜਿੱਤ 2024 ’ਚ ਕਾਂਗਰਸ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਦੇ ਗਠਨ ਲਈ ਰਾਹ ਪੱਧਰਾ ਕਰੇਗੀ।
ਕਰਨਾਟਕ ਦੇ ਸਾਬਕਾ ਮੁੱਖ ਮੰਤਰੀ ਮੋਇਲੀ ਨੇ ਇਕ ਇੰਟਰਵਿਊ ’ਚ ਦਾਅਵਾ ਕੀਤਾ ਕਿ 224 ਮੈਂਬਰੀ ਵਿਧਾਨ ਸਭਾ ’ਚ ਕਾਂਗਰਸ ਨੂੰ 130 ਤੋਂ ਘੱਟ ਸੀਟਾਂ ਨਹੀਂ ਮਿਲਣਗੀਆਂ, ਜਦਕਿ ਭਾਜਪਾ 10 ਮਈ ਨੂੰ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ’ਚ 60 ਦਾ ਅੰਕੜਾ ਵੀ ਪਾਰ ਨਹੀਂ ਕਰ ਸਕੇਗੀ।ਉਨ੍ਹਾਂ ਜਨਤਾ ਦਲ-ਸੈਕੂਲਰ (ਜਦ-ਐੱਸ) ’ਤੇ ਭਾਜਪਾ ਨਾਲ ਮਿਲੀਭੁਗਤ ਦਾ ਦੋਸ਼ ਲਾਉਂਦਿਆਂ ਕਿਹਾ ਕਿ ਲੋਕ ਸਾਬਕਾ ਪ੍ਰਧਾਨ ਮੰਤਰੀ ਐੱਚ. ਡੀ. ਦੇਵੇਗੌੜਾ ਦੀ ਅਗਵਾਈ ਵਾਲੇ ਸੰਗਠਨ ਦੀ ‘ਮੌਕਾਪ੍ਰਸਤੀ ਦੀ ਰਾਜਨੀਤੀ’ ਨੂੰ ਖਾਰਿਜ ਕਰ ਦੇਵਾਂਗੇ। ਮੋਇਲੀ ਨੇ ਕਿਹਾ, ਬਦਲਾਅ ਦੀ ਹਵਾ ਕਾਂਗਰਸ ਦੇ ਹੱਕ ’ਚ ਚੱਲ ਰਹੀ ਹੈ। ਭਾਜਪਾ ਦੀ ਹਾਲਤ ਖਰਾਬ ਹੈ। ਭਾਜਪਾ ਵਰਕਰਾਂ ’ਚ ਏਕਤਾ ਨਹੀਂ ਹੈ ਅਤੇ ਟਿਕਟਾਂ ਨਾ ਮਿਲਣ ਤੋਂ ਨਾਰਾਜ਼ ਉਸ ਦੇ ਕਈ ਆਗੂ ਪਾਰਟੀ ਛੱਡ ਕੇ ਕਾਂਗਰਸ ਜਾਂ ਕਿਸੇ ਹੋਰ ਪਾਰਟੀ ’ਚ ਥਾਂ ਲੱਭ ਰਹੇ ਹਨ। ਸਾਬਕਾ ਕੇਂਦਰੀ ਮੰਤਰੀ ਨੇ ਕਰਨਾਟਕ ’ਚ ਮੁੱਖ ਮੰਤਰੀ ਬਸਵਰਾਜ ਬੋਮਈ ਦੀ ਅਗਵਾਈ ਵਾਲੀ ਸਰਕਾਰ ’ਤੇ ਪੂਰੀ ਤਰ੍ਹਾਂ ਅਸਫਲ ਰਹਿਣ ਦਾ ਦੋਸ਼ ਲਗਾਉਂਦੇ ਹੋਏ ਦਾਅਵਾ ਕੀਤਾ ਕਿ ਸੂਬੇ ’ਚ ਭ੍ਰਿਸ਼ਟਾਚਾਰ ਵੱਡੇ ਪੈਮਾਨੇ ’ਤੇ ਹੋ ਰਿਹਾ ਹੈ।

 
                     
                             
                             
                             
                             
                             
                             
                             
                             
                             
                             
                             
                             
                             
                             
                             
                             
                             
                             
                            