ਕਾਂਗਰਸ ਧਾਰਾ 370 ਦੀ ਵਾਪਸੀ ਦੀ ਗੱਲ ਕਰਦੀ ਹੈ ਪਰ PoK ਨਹੀਂ : PM ਮੋਦੀ

Wednesday, Oct 02, 2024 - 10:07 AM (IST)

ਕਾਂਗਰਸ ਧਾਰਾ 370 ਦੀ ਵਾਪਸੀ ਦੀ ਗੱਲ ਕਰਦੀ ਹੈ ਪਰ PoK ਨਹੀਂ : PM ਮੋਦੀ

ਪਲਵਲ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਾਂਗਰਸ ’ਤੇ ਦੇਸ਼ ਦੇ ਹਰ ਅਹਿਮ ਮੁੱਦੇ ਨੂੰ ਗੁੰਝਲਦਾਰ ਬਣਾ ਕੇ ਰੱਖਣ ਦਾ ਦੋਸ਼ ਲਾਇਆ ਹੈ। ਪਲਵਲ ’ਚ ਇਕ ਚੋਣ ਰੈਲੀ ’ਚ ਉਨ੍ਹਾਂ ਕਿਹਾ ਕਿ ਕਾਂਗਰਸ ਦਾ ਕਹਿਣਾ ਹੈ ਕਿ ਉਹ ਧਾਰਾ 370 ਨੂੰ ਵਾਪਸ ਲਿਆਵੇਗੀ ਪਰ ਪਾਕਿਸਤਾਨੀ ਦੇ ਕਬਜ਼ੇ ਵਾਲਾ ਕਸ਼ਮੀਰ (ਪੀ. ਓ. ਕੇ.) ਨੂੰ ਵਾਪਸ ਲਿਆਉਣ ਬਾਰੇ ਉਹ ਕਦੇ ਗੱਲ ਵੀ ਨਹੀਂ ਕਰਦੀ। ਪ੍ਰਧਾਨ ਮੰਤਰੀ ਮੋਦੀ ਨੇ ਰਾਮ ਮੰਦਰ, ਔਰਤਾਂ ਦੇ ਰਾਖਵੇਂਕਰਨ ਤੇ ਤੀਹਰੇ ਤਲਾਕ ਦੇ ਮੁੱਦੇ ਵੀ ਚੁੱਕੇ ਅਤੇ ਕਿਹਾ ਕਿ ਵਿਰੋਧੀ ਪਾਰਟੀ ਨੇ ਦੇਸ਼ ਵਾਸੀਆਂ ਦੀਆਂ ਸਮੱਸਿਆਵਾਂ ਦਾ ਹੱਲ ਨਹੀਂ ਕੀਤਾ ਸਗੋਂ ‘ਆਪਣਾ ਪਰਿਵਾਰ’ ਸਥਾਪਤ ਕਰਨ ਲਈ ਸਾਰੀ ਊਰਜਾ ਲਾ ਦਿੱਤੀ।

ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਹਰਿਆਣਾ ’ਚ ਕਾਂਗਰਸ ਅੰਦਰ ਚੱਲ ਰਹੇ ਝਗੜੇ ਨੂੰ ਲੋਕ ਵੀ ਵੇਖ ਰਹੇ ਹਨ। ਦਲਿਤ, ਪਛੜੇ ਤੇ ਵਾਂਝੇ ਵਰਗ ਕਾਂਗਰਸ ਤੋਂ ਸਭ ਤੋਂ ਵੱਧ ਨਾਖੁਸ਼ ਹਨ। ਦਲਿਤ ਭਾਈਚਾਰਾ ਵੀ ਇਹ ਫੈਸਲਾ ਕਰ ਚੁੱਕਾ ਹੈ ਕਿ ਉਹ ਬਾਪੂ-ਬੇਟਾ ਦੀ ਸਿਆਸਤ ਨੂੰ ਚਮਕਾਉਣ ਦਾ ਮੋਹਰਾ ਨਹੀਂ ਬਣੇਗਾ। ਕਾਂਗਰਸ ਨੇ ਲੋਕ ਸਭਾ ਦੀਆਂ ਚੋਣਾਂ ਦੌਰਾਨ ਝੂਠ ਬੋਲਿਆ ਅਤੇ ਹੁਣ ਹਰਿਆਣਾ ’ਚ ਵੀ ਝੂਠ ਬੋਲ ਰਹੀ ਹੈ। ਸਾਨੂੰ ਕਾਂਗਰਸ ਦੀ ਇਸ ਸੋਚ ਤੇ ਸਾਜ਼ਿਸ਼ ਨੂੰ ਕਦੇ ਵੀ ਸਫਲ ਨਹੀਂ ਹੋਣ ਦੇਣਾ ਚਾਹੀਦਾ। ਪ੍ਰਧਾਨ ਮੰਤਰੀ ਨੇ ਕਿਹਾ ਕਿ ਹਰਿਆਣਾ ਨੂੰ ਇਹ ਪ੍ਰਣ ਲੈਣਾ ਹੋਵੇਗਾ ਕਿ ਭਾਰਤ ਨੂੰ ਪਿਆਰ ਕਰਨ ਵਾਲੇ ਸਾਰੇ ਇਕਜੁੱਟ ਰਹਿਣਗੇ। ਅਸੀਂ ਆਪਣੇ ਬੱਚਿਆਂ ਦੇ ਭਵਿੱਖ, ਧੀਆਂ ਦੀ ਸੁਰੱਖਿਆ, ਬਿਨਾਂ ਖਰਚਿਆਂ ਦੇ ਨੌਕਰੀਆਂ ਤੇ ਨਵੇਂ ਨਿਵੇਸ਼ ਲਈ ਇੱਕਜੁੱਟ ਹੋ ਕੇ ਵੋਟ ਪਾਵਾਂਗੇ। ਕਾਂਗਰਸ ਦੀ ਰਗ- ਰਗ ਵਿਚ ਭ੍ਰਿਸ਼ਟਾਚਾਰ ਹੈ। ਇਹ ਦਲਾਲਾਂ ਤੇ ਜਵਾਈਆਂ ਦੀ ਪਾਰਟੀ ਹੈ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਹਰਿਆਣਾ ’ਚ ਭਾਜਪਾ ਦੀ ਅਗਵਾਈ ਵਾਲੀ ਸਰਕਾਰ ਨੇ ਲਗਭਗ 1.5 ਲੱਖ ਸਰਕਾਰੀ ਨੌਕਰੀਆਂ ਪ੍ਰਦਾਨ ਕੀਤੀਆਂ ਤੇ ਉਹ ਵੀ ਬਿਨਾਂ ਕਿਸੇ ਖਰਚੇ ਦੇ। ਹੁਣ ਕਾਂਗਰਸੀ ਉਹੀ ‘ਖਰਚੀ-ਪਰਚੀ’ ਸਿਸਟਮ ਨੂੰ ਹਰਿਆਣਾ ’ਚ ਵਾਪਸ ਲਿਆ ਕੇ ਲੋਕਾਂ ’ਤੇ ਥੋਪਣਾ ਚਾਹੁੰਦੀ ਹੈ। ਕਾਂਗਰਸ ਦੇ ਰਾਜ ਦੌਰਾਨ ਜ਼ਮੀਨਾਂ ਦੇ ਦਲਾਲ ਅਮੀਰ ਹੋ ਗਏ ਜਦਕਿ ਕਿਸਾਨਾਂ ਨੂੰ ਸਿਰਫ਼ 2 ਰੁਪਏ ਦਾ ਮੁਆਵਜ਼ਾ ਮਿਲਿਆ। ਭਾਜਪਾ ਨਤੀਜਿਆਂ ’ਤੇ ਧਿਆਨ ਕੇਂਦਰਤ ਕਰਦੀ ਹੈ ਜਦੋਂਕਿ ਕਾਂਗਰਸ ਕਦੇ ਵੀ ਖੁਦ ਸਖਤ ਮਿਹਨਤ ਨਹੀਂ ਕਰਦੀ। ਉਨ੍ਹਾਂ ਕਿਹਾ ਕਿ ਕਾਂਗਰਸ ਸੋਚਦੀ ਸੀ ਕਿ 10 ਸਾਲਾਂ ਬਾਅਦ ਹਰਿਆਣਾ ਦੋ ਲੋਕ ਉਸ ਨੂੰ ਇਕ ਥਾਲੀ ਵਿਚ ਸੱਤਾ ਸੌਂਪ ਦੇਣਗੇ। ਮੱਧ ਪ੍ਰਦੇਸ਼ ’ਚ ਵੀ ਕਾਂਗਰਸ ਨੂੰ ਇਹੀ ਭੁਲੇਖਾ ਸੀ ਪਰ ਉਥੋਂ ਦੇ ਲੋਕਾਂ ਨੇ ਵੋਟਾਂ ਵਾਲੇ ਦਿਨ ਕਾਂਗਰਸ ਨੂੰ ਦਿਨ ਵੇਲੇ ਹੀ ਤਾਰੇ ਵਿਖਾ ਦਿੱਤੇ। ਕਾਂਗਰਸ ਦਾ ਸਿਰਫ਼ ਇਕ ਹੀ ਏਜੰਡਾ ਹੈ ਤੇ ਉਹ ਹੈ ਵੋਟਾਂ ਲਈ ਵੱਧ ਤੋਂ ਵੱਧ ਤੁਸ਼ਟੀਕਰਨ। ਕਾਂਗਰਸ ਕਹਿ ਰਹੀ ਹੈ ਕਿ ਉਹ ਦਲਿਤਾਂ ਤੇ ਪਛੜੀਆਂ ਸ਼੍ਰੇਣੀਆਂ ਦਾ ਰਾਖਵਾਂਕਰਨ ਖ਼ਤਮ ਕਰ ਦੇਵੇਗੀ। ਕਰਨਾਟਕ ’ਚ ਵੀ ਉਨ੍ਹਾਂ ਨੇ ਅਜਿਹਾ ਹੀ ਕੀਤਾ ਪਰ ਜਦੋਂ ਤੱਕ ਭਾਜਪਾ ਹੈ, ਜਦੋਂ ਤੱਕ ਮੋਦੀ ਹੈ, ਐੱਸ. ਸੀ., ਐੱਸ. ਟੀ. ਅਤੇ ਓ.ਬੀ.ਸੀ. ਕੋਲੋਂ ਕੋਈ ਵੀ ਰਾਖਵਾਂਕਰਨ ਦਾ ਹੱਕ ਨਹੀਂ ਖੋਹ ਸਕਦਾ। ਕਾਂਗਰਸ ਵਾਲੇ ਦਿਨ-ਰਾਤ ਮੈਨੂੰ ਗਾਲ੍ਹਾਂ ਕੱਢਦੇ ਰਹਿੰਦੇ ਹਨ।


author

Tanu

Content Editor

Related News