''ਗੁੱਡੀਆਂ'' ਫੜਨਗੀਆਂ ਆਦਮਖੋਰ ਬਘਿਆੜ!

Monday, Sep 02, 2024 - 01:32 PM (IST)

ਬਹਿਰਾਈਚ- ਉੱਤਰ ਪ੍ਰਦੇਸ਼ ਦੇ ਬਹਿਰਾਈਚ ਜ਼ਿਲ੍ਹੇ 'ਚ ਪਿਛਲੇ ਕੁਝ ਮਹੀਨਿਆਂ ਤੋਂ ਪਿੰਡ ਵਾਸੀਆਂ 'ਤੇ ਹਮਲਾ ਕਰਨ ਵਾਲੇ ਆਦਮਖੋਰ ਬਘਿਆੜਾਂ ਨੂੰ ਫੜਨ ਲਈ ਜੰਗਲਾਤ ਵਿਭਾਗ ਬੱਚਿਆਂ ਦੇ ਪਿਸ਼ਾਬ 'ਚ ਭਿੱਜੀਆਂ ਰੰਗੀਨ ਗੁੱਡੀਆਂ ਦੀ ਵਰਤੋਂ ਕਰ ਰਿਹਾ ਹੈ। ਇਨ੍ਹਾਂ 'ਟੈਡੀ ਗੁੱਡੀਆਂ' ਨੂੰ ਬਘਿਆੜਾਂ ਦੇ ਆਰਾਮ ਕਰਨ ਵਾਲੀਆਂ ਥਾਵਾਂ ਅਤੇ ਨਦੀ ਦੇ ਕੰਢਿਆਂ ਦੇ ਨੇੜੇ ਰੱਖਿਆ ਗਿਆ ਹੈ। 'ਟੈਡੀ ਗੁੱਡੀਆਂ' ਬੱਚਿਆਂ ਦੇ ਪਿਸ਼ਾਬ ਵਿਚ ਭਿੱਜੀਆਂ ਹੋਈਆਂ ਹਨ, ਤਾਂ ਕਿ ਇਨ੍ਹਾਂ ਵਿਚ ਬੱਚਿਆਂ ਵਰਗੀ ਬਦਬੂ ਆਏ ਅਤੇ ਬਘਿਆੜ ਇਨ੍ਹਾਂ ਵੱਲ ਖਿੱਚੇ ਚੱਲੇ ਆਉਣ।

ਡਵੀਜ਼ਨਲ ਜੰਗਲਾਤ ਅਧਿਕਾਰੀ ਅਜੀਤ ਪ੍ਰਤਾਪ ਸਿੰਘ ਨੇ ਦੱਸਿਆ ਕਿ ਹਮਲਾਵਰ ਬਘਿਆੜ ਲਗਾਤਾਰ ਆਪਣੇ ਟਿਕਾਣੇ ਬਦਲ ਰਹੇ ਹਨ। ਆਮ ਤੌਰ 'ਤੇ ਉਹ ਰਾਤ ਨੂੰ ਸ਼ਿਕਾਰ ਕਰਦੇ ਹਨ ਅਤੇ ਸਵੇਰ ਤੱਕ ਆਪਣੇ ਟਿਕਾਣਿਆਂ ਵੱਲ ਪਰਤ ਜਾਂਦੇ ਹਨ। ਅਜਿਹੀ ਸਥਿਤੀ ਵਿਚ ਪਿੰਡ ਵਾਸੀਆਂ ਅਤੇ ਬੱਚਿਆਂ ਨੂੰ ਬਚਾਉਣ ਦੀ ਸਾਡੀ ਰਣਨੀਤੀ ਹੈ ਕਿ ਇਨ੍ਹਾਂ ਬਘਿਆੜਾਂ ਨੂੰ ਉਲਝਾ ਕੇ ਰਿਹਾਇਸ਼ੀ ਖੇਤਰਾਂ ਤੋਂ ਦੂਰ ਕਿਸ ਤਰ੍ਹਾਂ ਉਨ੍ਹਾਂ ਦੇ ਟਿਕਾਣਿਆਂ  ਦੇ ਨੇੜੇ ਰੱਖੇ ਜਾਲਾਂ ਜਾਂ ਪਿੰਜਰਿਆਂ ਵਿਚ ਫਸਾਉਣਾ ਹੈ। ਸਿੰਘ ਨੇ ਕਿਹਾ ਕਿ ਇਸ ਲਈ ਅਸੀਂ ਥਰਮਲ ਡਰੋਨ ਰਾਹੀਂ ਬਘਿਆੜਾਂ ਦੇ ਲੋਕੇਸ਼ਨ ਬਾਰੇ ਜਾਣਕਾਰੀ ਇਕੱਠੀ ਕਰ ਰਹੇ ਹਾਂ।

ਫਿਰ ਪਟਾਕੇ ਚਲਾ ਕੇ, ਰੌਲਾ ਪਾ ਕੇ ਜਾਂ ਕਿਸੇ ਹੋਰ ਤਰੀਕੇ ਨਾਲ ਉਨ੍ਹਾਂ ਨੂੰ ਰਿਹਾਇਸ਼ੀ ਪਿੰਡ ਤੋਂ ਦੂਰ ਕਿਸੇ ਇਕਾਂਤ ਥਾਂ 'ਤੇ ਲਿਜਾ ਕੇ ਜਾਲ ਦੇ ਨੇੜੇ ਲਿਆਉਣ ਦਾ ਯਤਨ ਕੀਤਾ ਜਾ ਰਿਹਾ ਹੈ। ਹਮਲਾ ਕਰਨ ਵਾਲੇ ਜਾਨਵਰ ਜ਼ਿਆਦਾਤਰ ਬੱਚਿਆਂ ਨੂੰ ਨਿਸ਼ਾਨਾ ਬਣਾਉਂਦੇ ਹਨ, ਇਸ ਲਈ ਅਸੀਂ ਜਾਲਾਂ ਦੇ ਨੇੜੇ ਬੱਚਿਆਂ ਦੇ ਆਕਾਰ ਦੀਆਂ ਵੱਡੀਆਂ 'ਟੈਡੀ ਗੁੱਡੀਆਂ' ਲਗਾ ਦਿੱਤੀਆਂ ਹਨ ਅਤੇ ਪਿੰਜਰਿਆਂ ਦੇ ਨੇੜੇ ਅਤੇ ਪਿੰਜਰਿਆਂ ਦੇ ਅੰਦਰ ਇਸ ਗੁੱਡੀਆਂ ਨੂੰ ਇਸ ਤਰ੍ਹਾਂ ਰੱਖਿਆ ਗਿਆ ਹੈ ਕਿ ਬਘਿਆੜਾਂ ਨੂੰ ਭੁਲੇਖਾ ਪੈ ਜਾਵੇ ਕਿ ਇਕ ਮਨੁੱਖੀ ਬੱਚਾ ਬੈਠਾ ਜਾਂ ਸੌਂ ਰਿਹਾ ਹੈ।

ਓਧਰ ਵਿਭਾਗੀ ਸੂਤਰਾਂ ਮੁਤਾਬਕ 17 ਜੁਲਾਈ ਤੋਂ ਹੁਣ ਤੱਕ ਬਘਿਆੜਾਂ ਦੇ ਹਮਲਿਆਂ ਵਿਚ 6 ਬੱਚਿਆਂ ਅਤੇ ਇਕ ਔਰਤ ਦੀ ਮੌਤ ਹੋ ਚੁੱਕੀ ਹੈ। ਜਦੋਂ ਕਿ ਬੱਚੇ, ਔਰਤਾਂ ਅਤੇ ਬਜ਼ੁਰਗਾਂ ਸਮੇਤ ਦਰਜਨਾਂ ਪਿੰਡ ਵਾਸੀ ਜ਼ਖ਼ਮੀ ਹੋ ਚੁੱਕੇ ਹਨ। ਦੇਵੀਪਾਟਨ ਦੇ ਡਿਵੀਜ਼ਨਲ ਕਮਿਸ਼ਨਰ ਸ਼ਸ਼ੀਭੂਸ਼ਣ ਲਾਲ ਸੁਸ਼ੀਲ ਨੇ ਦੱਸਿਆ ਕਿ ਪੰਜ ਬੱਚਿਆਂ ਦੀ ਮੌਤ ਦੀ ਪੁਸ਼ਟੀ ਹੋ ​​ਗਈ ਹੈ ਅਤੇ ਸਰਕਾਰ ਨੇ ਉਨ੍ਹਾਂ ਦੇ ਪਰਿਵਾਰਾਂ ਨੂੰ 5-5 ਲੱਖ ਰੁਪਏ ਦਾ ਮੁਆਵਜ਼ਾ ਦਿੱਤਾ ਹੈ, ਜਦਕਿ ਦੋ ਸ਼ੱਕੀ ਮਾਮਲਿਆਂ ਦੀ ਜਾਂਚ ਕੀਤੀ ਜਾ ਰਹੀ ਹੈ।


Tanu

Content Editor

Related News