ਨਾਗਰਿਕਤਾ ਸੋਧ ਬਿੱਲ ''ਤੇ ਰਾਜ ਸਭਾ ''ਚ ਤਿੱਖੀ ਬਹਿਸ, ਜਾਣੋ ਕੌਣ ਕੀ ਬੋਲਿਆ
Wednesday, Dec 11, 2019 - 06:35 PM (IST)
ਨਵੀਂ ਦਿੱਲੀ— ਰਾਜ ਸਭਾ 'ਚ ਬੁੱਧਵਾਰ ਭਾਵ ਅੱਜ ਨਾਗਰਿਕਤਾ ਸੋਧ ਬਿੱਲ 2019 ਨੂੰ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਪੇਸ਼ ਕੀਤਾ। ਇਸ ਬਿੱਲ ਨੂੰ ਲੈ ਕੇ ਤਿੱਖੀ ਹੋਈ। ਬਿੱਲ ਦੇ ਵਿਰੋਧ 'ਚ ਕਾਂਗਰਸ ਅਤੇ ਸਮਰਥਨ 'ਚ ਸਰਕਾਰ ਵਲੋਂ ਸੰਸਦ ਮੈਂਬਰਾਂ ਨੇ ਆਪਣੀ ਗੱਲ ਰੱਖੀ।
ਕਾਂਗਰਸ ਨੇਤਾ ਆਨੰਦ ਸ਼ਰਮਾ ਨੇ ਬਿੱਲ 'ਤੇ ਕੀਤੀ ਚਰਚਾ—
ਬਿੱਲ 'ਤੇ ਰਾਜ ਸਭਾ 'ਚ ਚਰਚਾ ਦੌਰਾਨ ਕਾਂਗਰਸ ਨੇਤਾ ਆਨੰਦ ਸ਼ਰਮਾ ਨੇ ਕਈ ਸਵਾਲ ਚੁੱਕੇ। ਆਨੰਦ ਸ਼ਰਮਾ ਨੇ ਅਮਿਤ ਸ਼ਾਹ ਤੋਂ ਪੁੱਛਿਆ ਕਿ ਪੂਰੇ ਦੇਸ਼ ਵਿਚ ਅਸੁਰੱਖਿਆ ਦੀ ਭਾਵਨਾ ਹੈ। ਕੀ ਤੁਸੀਂ ਪੂਰੇ ਦੇਸ਼ ਵਿਚ ਡਿਟੈਂਸ਼ਨ ਸੈਂਟਰ ਬਣਾ ਰਹੇ ਹੋ। ਤੁਸੀਂ ਇਤਿਹਾਸ ਲਿਖਣ ਦਾ ਕਿਸੇ ਨੂੰ ਪ੍ਰਾਜੈਕਟ ਦਿੱਤਾ ਹੈ ਤਾਂ ਕ੍ਰਿਪਾ ਕਰ ਕੇ ਅਜਿਹਾ ਨਾ ਕਰੋ। ਚੋਣ ਮੈਨੀਫੈਸਟੋ ਕਿਸੇ ਵੀ ਪਾਰਟੀ ਦਾ ਹੋਵੇ, ਸੰਵਿਧਾਨ ਤੋਂ ਵੱਡਾ ਨਹੀਂ ਹੁੰਦਾ ਹੈ। ਭਾਜਪਾ ਨਵਾਂ ਸੰਵਿਧਾਨ ਲਿਖਣ ਦੀ ਕੋਸ਼ਿਸ਼ ਨਾ ਕਰੇ। ਬਿੱਲ ਲੋਕਤੰਤਰ ਦੇ ਵਿਰੁੱਧ ਹੈ, ਇਹ ਸੰਵਿਧਾਨ ਦੀ ਆਤਮਾ 'ਤੇ ਹਮਲਾ ਹੈ। ਭਾਰਤ ਨੇ ਕਦੇ ਵੀ ਧਰਮ ਨੂੰ ਨਾਗਰਿਕਤਾ ਦਾ ਆਧਾਰ ਨਹੀਂ ਬਣਾਇਆ। ਆਨੰਦ ਸ਼ਰਮਾ ਨੇ ਕਿਹਾ ਕਿ ਇਹ ਬਿੱਲ ਸੰਵਿਧਾਨ ਨਿਰਮਾਤਾਵਾਂ 'ਤੇ ਸਵਾਲ ਚੁੱਕਦਾ ਹੈ। ਕੀ ਉਨ੍ਹਾਂ ਨੂੰ ਇਸ ਬਾਰੇ ਸਮਝ ਨਹੀਂ ਸੀ। ਭਾਰਤ ਦੇ ਸੰਵਿਧਾਨ ਵਿਚ ਕਿਸੇ ਨਾਲ ਭੇਦਭਾਵ ਨਹੀਂ ਹੋਇਆ। ਵੰਡ ਤੋਂ ਬਾਅਦ ਜੋ ਲੋਕ ਇੱਥੇ ਆਏ, ਉਨ੍ਹਾਂ ਨੂੰ ਸਨਮਾਨ ਮਿਲਿਆ। ਗ੍ਰਹਿ ਮੰਤਰੀ ਨੇ ਵੰਡ ਦਾ ਦੋਸ਼ ਉਨ੍ਹਾਂ ਕਾਂਗਰਸੀ ਨੇਤਾਵਾਂ 'ਤੇ ਲਾਇਆ, ਜਿਨ੍ਹਾਂ ਨੇ ਜੇਲ 'ਚ ਸਮਾਂ ਗੁਜਾਰਿਆ, ਇਹ ਰਾਜਨੀਤੀ ਬੰਦ ਹੋਣੀ ਚਾਹੀਦੀ ਹੈ।
ਉਨ੍ਹਾਂ ਕਿਹਾ ਕਿ ਟੂ ਨੇਸ਼ਨ ਥਿਊਰੀ ਕਾਂਗਰਸ ਪਾਰਟੀ ਨੇ ਨਹੀਂ ਦਿੱਤੀ ਸੀ, ਉਹ ਸਾਵਰਕਰ ਨੇ ਹਿੰਦੂ ਮਹਾਸਭਾ ਦੀ ਬੈਠਕ 'ਚ ਦਿੱਤੀ ਸੀ। ਕਾਂਗਰਸ ਨੇ ਇਸ ਦਾ ਵਿਰੋਧ ਕੀਤਾ ਸੀ, ਉਸ ਨੂੰ ਬੈਨ ਵੀ ਕਰ ਦਿੱਤਾ ਸੀ। ਹਿੰਦੂ ਮਹਾਸਭਾ, ਮੁਸਲਿਮ ਲੀਗ ਨੇ ਦੋ ਦੇਸ਼ਾਂ ਦੀ ਥਿਊਰੀ ਦਾ ਸਮਰਥਨ ਦਿੱਤਾ। ਹਿੰਦੋਸਤਾਨ ਦੀ ਵੰਡ ਅੰਗਰੇਜ਼ਾਂ ਦੀ ਵਜ੍ਹਾ ਨਾਲ ਹੋਈ, ਕਾਂਗਰਸ ਦੀ ਵਜ੍ਹਾ ਨਾਲ ਨਹੀਂ। ਨਵਾਂ ਇਤਿਹਾਸ ਨਾ ਲਿਖੋ। ਵੰਡ ਦਾ ਦਰਦ ਪੂਰੇ ਦੇਸ਼ ਨੂੰ ਸੀ, ਜਿਨ੍ਹਾਂ ਨੇ ਇਸ 'ਤੇ ਚਰਚਾ ਕੀਤੀ, ਉਨ੍ਹਾਂ ਨੂੰ ਇਸ ਬਾਰੇ ਪਤਾ ਸੀ। ਬਿੱਲ ਸੰਵਿਧਾਨਕ, ਨੈਤਿਕ ਆਧਾਰ 'ਤੇ ਗਲਤ ਹੈ, ਇਹ ਬਿੱਲ ਪ੍ਰਸਤਾਵਨਾ ਦੇ ਵਿਰੁੱਧ ਹੈ।
ਭਾਜਪਾ ਦੇ ਜੇ. ਪੀ. ਨੱਡਾ ਨੇ ਬਿੱਲ 'ਤੇ ਕੀਤੀ ਚਰਚਾ—
ਭਾਜਪਾ ਸੰਸਦ ਮੈਂਬਰ ਜੇ. ਪੀ. ਨੱਡਾ ਨੇ ਕਿਹਾ ਕਿ ਅੱਜ ਇਸ ਬਿੱਲ ਨਾਲ ਲੱਖਾਂ ਲੋਕਾਂ ਨੂੰ ਸਨਮਾਨ ਮਿਲੇਗਾ। ਆਨੰਦ ਸ਼ਰਮਾ ਦਾ ਭਾਸ਼ਣ ਠੀਕ ਨਹੀਂ ਸੀ। ਉਨ੍ਹਾਂ ਦੇ ਭਾਸ਼ਣ 'ਚ ਆਵਾਜ਼ ਬਹੁਤ ਪਰ ਥਿਊਰੀ ਘੱਟ ਸੀ। ਉਨ੍ਹਾਂ ਨੇ ਕਿਹਾ ਕਿ ਅਫਗਾਨਿਸਤਾਨ, ਪਾਕਿਸਤਾਨ ਅਤੇ ਬੰਗਲਾਦੇਸ਼ 'ਚ ਘੱਟ ਗਿਣਤੀ ਦੇ ਲੋਕਾਂ ਨਾਲ ਅੱਤਿਆਚਾਰ ਹੋਇਆ, ਧਰਮ ਦੇ ਆਧਾਰ 'ਤੇ ਦੇਸ਼ ਦੀ ਵੰਡ ਹੋਈ। ਨੱਡਾ ਨੇ ਕਿਹਾ ਕਿ ਉਦੋਂ ਭਾਰਤ 'ਚ ਹਿੰਦੂ ਬਹੁਗਿਣਤੀ ਸਨ ਅਤੇ ਪਾਕਿਸਤਾਨ 'ਚ ਮੁਸਲਿਮ, ਇਸ ਗੱਲ ਨੂੰ ਮੰਨ ਲਉ। ਭਾਰਤ 'ਚ ਮੁਸਲਮਾਨਾਂ ਨੂੰ ਬਰਾਬਰੀ ਦਾ ਅਧਿਕਾਰ ਮਿਲਿਆ ਹੈ ਪਰ ਪਾਕਿਸਤਾਨ-ਅਫਗਾਨਿਸਤਾਨ 'ਚ ਘੱਟ ਗਿਣਤੀ ਨਾਲ ਬਰਾਬਰੀ ਨਹੀਂ ਹੋਈ। ਆਜ਼ਾਦੀ ਤੋਂ ਬਾਅਦ ਪਾਕਿਸਤਾਨ ਵਿਚ ਘੱਟ ਗਿਣਤੀ ਦੀ ਗਿਣਤੀ ਘਟੀ ਹੈ ਜਦਕਿ ਭਾਰਤ ਵਿਚ ਇਹ ਗਿਣਤੀ ਵਧੀ ਹੈ। ਉਨ੍ਹਾਂ ਨੇ ਕਿਹਾ ਕਿ ਕੁਝ ਲੋਕ ਸਮਝਣਾ ਹੀ ਨਹੀਂ ਚਾਹੁੰਦੇ, ਵਿਰੋਧ ਧਿਰ ਵੀ ਅਜਿਹਾ ਕਰ ਰਿਹਾ ਹੈ। ਕਾਂਗਰਸ ਪਾਰਟੀ ਨੂੰ ਰਾਜਨੀਤੀ ਨਹੀਂ ਸਗੋਂ ਦੇਸ਼ ਹਿੱਤ ਬਾਰੇ ਸੋਚਣਾ ਚਾਹੀਦਾ ਹੈ। ਅੱਜ ਦੇਸ਼ ਦੇ ਕਈ ਹਿੱਸਿਆਂ ਵਿਚ ਅਜਿਹੇ ਸ਼ਰਨਾਰਥੀ ਹਨ, ਜੋ ਪੜ੍ਹਾਈ ਕਰ ਚੁੱਕੇ ਹਨ ਪਰ ਨਾਗਰਿਕਤਾ ਦੀ ਵਜ੍ਹਾ ਕਰ ਕੇ ਉਨ੍ਹਾਂ ਨੂੰ ਨੌਕਰੀ ਨਹੀਂ ਮਿਲ ਰਹੀ ਹੈ।
ਟੀ. ਐੱਮ. ਸੀ. ਸੰਸਦ ਮੈਂਬਰ ਡੇਰੇਕ ਓ ਬ੍ਰਾਇਨ ਨੇ ਕਿਹਾ—
ਟੀ. ਐੱਮ. ਸੀ. ਸੰਸਦ ਮੈਂਬਰ ਡੇਰੇਕ ਓ ਬ੍ਰਾਇਨ ਨੇ ਕਿਹਾ ਕਿ ਇਸ ਬਿੱਲ 'ਤੇ ਸੰਸਦ 'ਚ ਸੰਗਰਾਮ ਹੋਵੇਗਾ ਪਰ ਇਸ ਤੋਂ ਬਾਅਦ ਇਹ ਬਿੱਲ ਸੁਪਰੀਮ ਕੋਰਟ 'ਚ ਵੀ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਇਹ ਬਿੱਲ ਭਾਰਤ ਵਿਰੋਧੀ, ਬੰਗਾਲ ਵਿਰੋਧੀ ਹੈ। ਭਾਜਪਾ ਦੀ ਨੀਂਹ ਤਿੰਨ ਗੱਲਾਂ 'ਤੇ ਹੈ- ਝੂਠ, ਝਾਂਸਾ ਅਤੇ ਜੁਮਲਾ। ਜੋ ਲੋਕ ਦੇਸ਼ ਵਿਚ ਹਨ, ਉਨ੍ਹਾਂ ਦਾ ਤੁਸੀਂ ਧਿਆਨ ਨਹੀਂ ਰੱਖ ਸਕਦੇ ਅਤੇ ਬਾਹਰੀ ਲੋਕਾਂ ਦੀ ਗੱਲ ਕਰ ਰਹੇ ਹੋ। ਉਨ੍ਹਾਂ ਨੇ ਕਿਹਾ ਕਿ ਸਰਕਾਰ ਨੇ ਨੋਟਬੰਦੀ, ਅਰਥਵਿਵਸਥਾ, ਕਸ਼ਮੀਰ ਦੀ ਗੱਲ ਕੀਤੀ ਪਰ ਹਰ ਵਾਰ ਸਰਕਾਰ ਨੇ ਵਾਅਦਾ ਤੋੜਿਆ ਹੈ। ਸਰਕਾਰ ਨੂੰ ਵਾਅਦਾ ਤੋੜਨ ਵਿਚ ਮੁਹਾਰਤ ਹਾਸਲ ਹੈ।