ਚਿਰਾਗ ਪਾਸਵਾਨ ਦਾ ਸਖਤ ਮੁਕਾਬਲਾ
Tuesday, Jun 24, 2025 - 11:44 PM (IST)

ਨੈਸ਼ਨਲ ਡੈਸਕ- ਚਿਰਾਗ ਪਾਸਵਾਨ, ਜੋ 2020 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਦੇ ਸਖ਼ਤ ਆਲੋਚਕ ਸਨ, ਹੁਣ ਬਹੁਤ ਵਧੇਰੇ ਸੂਖਮ ਸਿਆਸੀ ਰਸਤੇ ’ਤੇ ਚੱਲਦੇ ਜਾਪਦੇ ਹਨ।
ਲੋਕ ਜਨਸ਼ਕਤੀ ਪਾਰਟੀ (ਰਾਮ ਵਿਲਾਸ) ਦੇ ਨੇਤਾ ਤੇ ਮੋਦੀ ਕੈਬਨਿਟ ’ਚ ਇਕ ਮੰਤਰੀ ਹੋਣ ਦੇ ਨਾਤੇ ਚਿਰਾਗ ਵੱਲੋਂ ਇਕ ਗੁੰਝਲਦਾਰ ਖੇਡ ਖੇਡੀ ਜਾ ਰਹੀ ਹੈ। ਇਕ ਪਾਸੇ ਉਹ ਮੁੱਖ ਮੰਤਰੀ ਦੇ ਅਹੁਦੇ ਲਈ ਨਿਤੀਸ਼ ਕੁਮਾਰ ਦੀ ਹਮਾਇਤ ਕਰ ਰਹੇ ਹਨ ਤਾਂ ਦੂਜੇ ਪਾਸੇ ਉਹ ਭਾਜਪਾ ਨੂੰ ਲਗਾਤਾਰ ਨਿਸ਼ਾਨਾ ਵੀ ਬਣਾ ਰਹੇ ਹਨ।
ਕਦੇ ਨਿਤੀਸ਼ ਨੂੰ ਬਿਹਾਰ ਦੇ ਵਿਕਾਸ ’ਚ ਸਭ ਤੋਂ ਵੱਡੀ ਰੁਕਾਵਟ ਦੱਸਣ ਵਾਲੇ ਚਿਰਾਗ ਵੱਲੋਂ ਹੁਣ ਉਨ੍ਹਾਂ ਨਾਲ ਕੀਤੀਆਂ ਤਾਜ਼ਾ ਮੁਲਾਕਾਤਾਂ ਨੇ ਕਈਆਂ ਦੇ ਮੱਥੇ ’ਤੇ ਵੱਟ ਪਾ ਦਿੱਤੇ ਹਨ ਤੇ ਨਾਲ ਹੀ ਕਈ ਅਟਕਲਾਂ ਨੂੰ ਵੀ ਹਵਾ ਦਿੱਤੀ ਹੈ।
ਇਕ ਵਾਰ ਤਾਂ ਉਨ੍ਹਾਂ ਬਿਹਾਰ ’ਚ ਰਾਜਗ ਦੇ ਮੁੱਖ ਮੰਤਰੀ ਦੇ ਚਿਹਰੇ ਵਜੋਂ ਨਿਤੀਸ਼ ਦੀ ਖੁੱਲ੍ਹ ਕੇ ਹਮਾਇਤ ਕੀਤੀ ਸੀ।
ਚਿਰਾਗ, ਜਿਨ੍ਹਾਂ ਨੂੰ ਕਦੇ ਮੋਦੀ ਦਾ ਹਨੂਮਾਨ ਕਿਹਾ ਜਾਂਦਾ ਸੀ, ਹੁਣ ਬਿਹਾਰ ’ਚ ਆਪਣੀ ਕਿਸਮਤ ਅਜ਼ਮਾ ਰਹੇ ਹਨ। ਚਿਰਾਗ ਨੇ ਖੇਤਰੀ ਹਿੱਤਾਂ ਦੇ ਮਾਮਲੇ ’ਚ ਭਾਜਪਾ ਦੀ ਆਲੋਚਨਾ ਕਰਨ ਦੀ ਇੱਛਾ ਪ੍ਰਗਟਾਈ ਹੈ, ਖਾਸ ਕਰ ਕੇ ਉਦੋਂ ਜਦੋਂ ਕੇਂਦਰ ਦੀਆਂ ਨੀਤੀਆਂ ਬਿਹਾਰ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਂਦੀਆਂ ਹੋਣ। ਫਿਰ ਵੀ, ਉਹ ਰਾਜਗ ਨਾਲ ਮਜ਼ਬੂਤੀ ਨਾਲ ਜੁੜੇ ਹੋਏ ਹਨ ਤੇ ਉਨ੍ਹਾਂ ਆਪਣਾ ਮੰਤਰੀ ਦਾ ਅਹੁਦਾ ਬਰਕਰਾਰ ਰੱਖਿਆ ਹੈ।
ਇਹ ਦੋਹਰਾ ਦ੍ਰਿਸ਼ਟੀਕੋਣ ਸੁਝਾਅ ਦਿੰਦਾ ਹੈ ਕਿ ਚਿਰਾਗ ਆਪਣੇ ਲਈ ਇਕ ਵਿਲੱਖਣ ਸਿਆਸੀ ਥਾਂ ਬਣਾ ਰਹੇ ਹਨ । ਉਹ ਥਾਂ ਜੋ ਉਨ੍ਹਾਂ ਦੇ ਸਵਰਗੀ ਪਿਤਾ ਰਾਮ ਵਿਲਾਸ ਪਾਸਵਾਨ ਦੀ ਮੁਕਾਬਲੇ ਵਾਲੇ ਸਿਆਸੀ ਕੈਂਪਾਂ ਨੂੰ ਜੋੜਨ ਦੀ ਯੋਗਤਾ ਨੂੰ ਦਰਸਾਉਂਦੀ ਹੈ।
ਕੇਂਦਰ ਪ੍ਰਤੀ ਵਫ਼ਾਦਾਰੀ ਤੇ ਖੇਤਰੀ ਆਜ਼ਾਦੀ ਦਰਮਿਆਨ ਸੰਤੁਲਨ ਬਣਾ ਕੇ ਚਿਰਾਗ ਸ਼ਾਇਦ ਬਿਹਾਰ ’ਚ ਇਕ ਵਿਆਪਕ ਲੀਡਰਸ਼ਿਪ ਭੂਮਿਕਾ ਲਈ ਜ਼ਮੀਨ ਤਿਆਰ ਕਰ ਰਹੇ ਹਨ। ਉਨ੍ਹਾਂ ਪਹਿਲਾਂ ਹੀ ਆਪਣੇ ਇਰਾਦੇ ਸਪੱਸ਼ਟ ਕਰ ਦਿੱਤੇ ਹਨ ਕਿ ਉਹ ਆਪਣੀ ਪਾਰਟੀ ਨੂੰ ਮਜ਼ਬੂਤ ਕਰਨ ਲਈ ਬਿਹਾਰ ’ਚ ਵਿਧਾਨ ਸਭਾ ਚੋਣਾਂ ਲੜਨਗੇ।
ਉਨ੍ਹਾਂ ਦੀ ਰਣਨੀਤੀ ਆਪਣੇ ਆਪ ਨੂੰ ਭਵਿੱਖ ਦੇ ਸੱਤਾ ਦੇ ਦਲਾਲ ਵਜੋਂ ਸਥਾਪਤ ਕਰਨ ਦੀ ਜਾਪਦੀ ਹੈ ਜੋ ਸਹਿਯੋਗੀਆਂ ਤੇ ਵਿਰੋਧੀਆਂ ਦੋਵਾਂ ਨਾਲ ਜੁੜ ਸਕਦੇ ਹਨ ਤੇ ਬਦਲਦੇ ਗੱਠਜੋੜਾਂ ਨੂੰ ਸੰਭਾਲ ਸਕਦੇ ਹਨ।
ਕੀ ਇਹ ਮੌਕਾਪ੍ਰਸਤੀ ਹੈ ਜਾਂ ਅਸਲ ਸਿਆਸਤ ਦੀ ਮੁਹਾਰਤ, ਇਹ ਵੇਖਣਾ ਬਾਕੀ ਹੈ। ਇਸ ’ਚ ਸ਼ੱਕ ਹੈ ਕਿ ਉਹ ਬਿਹਾਰ ਦੇ ਮੈਦਾਨ ’ਚ ਉਤਰਣਗੇ।
ਇਕ ਗੱਲ ਸਪੱਸ਼ਟ ਹੈ : ਚਿਰਾਗ ਪਾਸਵਾਨ ਸਿਰਫ਼ ਬਿਹਾਰ ਦੀ ਡਾਵਾਂਡੋਲ ਸਿਆਸਤ ਤੋਂ ਬਚ ਨਹੀਂ ਰਹੇ ਹਨ, ਸਗੋਂ ਉਹ ਇਹ ਸਿਖ ਰਹੇ ਹਨ ਕਿ ਸਿਆਸਤ ਨੂੰ ਕਿਵੇਂ ਆਕਾਰ ਦੇਣਾ ਹੈ।