ਧਰਮ ਨਾਲ ਜੁੜੇ ਬੱਚੇ ਹੁੰਦੇ ਨੇ ਜ਼ਿਆਦਾ ਖੁਸ਼ਕਿਸਮਤ! 70 ਦੇਸ਼ਾਂ ਦੀ ਰਿਪੋਰਟ ''ਚ ਹੋਇਆ ਵੱਡਾ ਖੁਲਾਸਾ
Wednesday, Mar 25, 2026 - 10:15 AM (IST)
ਵੈੱਬ ਡੈਸਕ - ਅਜੋਕੇ ਦੌਰ 'ਚ ਜਿੱਥੇ ਬੱਚਿਆਂ 'ਚ ਮਾਨਸਿਕ ਤਣਾਅ ਅਤੇ ਘਬਰਾਹਟ ਦੀਆਂ ਸ਼ਿਕਾਇਤਾਂ ਤੇਜ਼ੀ ਨਾਲ ਵੱਧ ਰਹੀਆਂ ਹਨ, ਉੱਥੇ ਹੀ ਜਰਮਨੀ ਦੀ ਇਕ ਯੂਨੀਵਰਸਿਟੀ ਦੇ ਮਾਹਰਾਂ ਨੇ ਇਕ ਹੈਰਾਨੀਜਨਕ ਖੁਲਾਸਾ ਕੀਤਾ ਹੈ। ਪਿਛਲੇ ਤਿੰਨ ਦਹਾਕਿਆਂ ਦੇ 70 ਦੇਸ਼ਾਂ ਦੇ ਅੰਕੜਿਆਂ ਦਾ ਵਿਸ਼ਲੇਸ਼ਣ ਕਰਨ ਤੋਂ ਬਾਅਦ ਮਾਹਰਾਂ ਨੇ ਦਾਅਵਾ ਕੀਤਾ ਹੈ ਕਿ ਧਾਰਮਿਕ ਅਤੇ ਨੈਤਿਕ ਕਦਰਾਂ-ਕੀਮਤਾਂ ਵਾਲੇ ਮਾਹੌਲ 'ਚ ਪਲਣ ਵਾਲੇ ਬੱਚੇ ਖੁਦ ਨੂੰ ਵਧੇਰੇ ਸੁਰੱਖਿਅਤ ਮਹਿਸੂਸ ਕਰਦੇ ਹਨ।
ਧਰਮ ਤੋਂ ਦੂਰੀ ਬੱਚਿਆਂ 'ਚ ਵਧਾ ਰਹੀ ਹੈ 'ਐਂਗਜ਼ਾਇਟੀ'
ਰਿਪੋਰਟ ਮੁਤਾਬਕ ਜਿਨ੍ਹਾਂ ਸਮਾਜਾਂ 'ਚ ਧਾਰਮਿਕ ਆਸਥਾ ਅਤੇ ਪਰੰਪਰਾਵਾਂ ਨੂੰ ਪਹਿਲ ਦੇਣੀ ਘੱਟ ਹੋਈ ਹੈ, ਉੱਥੇ 19 ਸਾਲ ਤੱਕ ਦੇ ਬੱਚਿਆਂ ਅਤੇ ਕਿਸ਼ੋਰਾਂ 'ਚ ਚਿੰਤਾ ਅਤੇ ਮਾਨਸਿਕ ਵਿਕਾਰਾਂ ਦੀ ਦਰ ਵਿੱਚ ਵੱਡਾ ਉਛਾਲ ਦੇਖਿਆ ਗਿਆ ਹੈ। ਮਾਹਰਾਂ ਦਾ ਮੰਨਣਾ ਹੈ ਕਿ ਧਰਮ ਬੱਚਿਆਂ ਲਈ ਇਕ 'ਸੁਰੱਖਿਆ ਕਵਚ' ਵਜੋਂ ਕੰਮ ਕਰਦਾ ਹੈ।
ਬੱਚਿਆਂ 'ਤੇ ਧਾਰਮਿਕ ਮਾਹੌਲ ਦੇ ਮੁੱਖ ਪ੍ਰਭਾਵ :-
ਖੋਜ 'ਚ ਸਾਹਮਣੇ ਆਇਆ ਹੈ ਕਿ ਧਾਰਮਿਕ ਮਾਹੌਲ ਬੱਚਿਆਂ ਦੇ ਵਿਕਾਸ 'ਚ ਤਿੰਨ ਮੁੱਖ ਤਰੀਕਿਆਂ ਨਾਲ ਮਦਦ ਕਰਦਾ ਹੈ :-
ਮਾਨਸਿਕ ਸਥਿਤੀ
- ਬੱਚਿਆਂ 'ਚ ਜੀਵਨ ਦਾ ਉਦੇਸ਼ ਸਪੱਸ਼ਟ ਹੁੰਦਾ ਹੈ ਅਤੇ ਤਣਾਅ ਘੱਟ ਹੁੰਦਾ ਹੈ।
ਸਮਾਜਿਕ ਪ੍ਰਭਾਵ
- ਦੂਜਿਆਂ ਪ੍ਰਤੀ ਸਹਿਣਸ਼ੀਲਤਾ, ਸੇਵਾ ਭਾਵਨਾ ਅਤੇ ਭਾਈਚਾਰਕ ਸਾਂਝ ਵਿਕਸਿਤ ਹੁੰਦੀ ਹੈ।
ਵਿੱਦਿਅਕ ਲਾਭ
- ਅਜਿਹੇ ਬੱਚਿਆਂ 'ਚ ਇਕਾਗਰਤਾ (Concentration) ਅਤੇ ਅਨੁਸ਼ਾਸਨ 'ਚ ਵੱਡਾ ਸੁਧਾਰ ਦੇਖਿਆ ਜਾਂਦਾ ਹੈ।
ਬੱਚੇ ਦੀ ਮਾਨਸਿਕ ਸਿਹਤ 'ਤੇ ਮਾਤਾ-ਪਿਤਾ ਦੀ ਨਿੱਜੀ ਆਸਥਾ ਨਾਲੋਂ ਕਿਤੇ ਜ਼ਿਆਦਾ ਉਸ ਦੇ ਆਲੇ-ਦੁਆਲੇ ਦੇ ਸਮਾਜਿਕ ਅਤੇ ਧਾਰਮਿਕ ਮਾਹੌਲ ਦਾ ਅਸਰ ਪੈਂਦਾ ਹੈ। ਧਾਰਮਿਕ ਭਾਈਚਾਰਾ ਬੱਚੇ ਨੂੰ ਮੁਸੀਬਤ ਵੇਲੇ ਇੱਕ ਭਰੋਸੇਯੋਗ ਸਹਾਰਾ ਪ੍ਰਦਾਨ ਕਰਦਾ ਹੈ।
ਭਾਰਤੀ ਮਾਤਾ-ਪਿਤਾ ਬੱਚਿਆਂ ਦੀ ਪਰਵਰਿਸ਼ ਲਈ ਸਭ ਤੋਂ ਜਾਗਰੂਕ
ਇਕ ਰਿਪੋਰਟ ਦੇ ਹਵਾਲੇ ਨਾਲ ਦੱਸਿਆ ਗਿਆ ਹੈ ਕਿ ਭਾਰਤ 'ਚ 99 ਫੀਸਦੀ ਤੋਂ ਵੱਧ ਆਬਾਦੀ ਕਿਸੇ ਨਾ ਕਿਸੇ ਧਰਮ ਨਾਲ ਜੁੜੀ ਹੋਈ ਹੈ। ਭਾਰਤੀ ਮਾਤਾ-ਪਿਤਾ ਆਪਣੇ ਬੱਚਿਆਂ ਨੂੰ ਧਰਮ ਨਾਲ ਜੋੜਨ 'ਚ ਬਹੁਤ ਸਰਗਰਮ ਹਨ :-
90% ਭਾਰਤੀ ਮਾਤਾ-ਪਿਤਾ ਆਪਣੇ ਬੱਚਿਆਂ ਦੀ ਪਰਵਰਿਸ਼ ਧਾਰਮਿਕ ਵਿਸ਼ਵਾਸਾਂ ਨਾਲ ਕਰ ਰਹੇ ਹਨ।
74% ਮਾਤਾ-ਪਿਤਾ ਆਪਣੇ ਬੱਚਿਆਂ ਨੂੰ ਨਿਯਮਤ ਤੌਰ 'ਤੇ ਮੰਦਰ, ਗੁਰਦੁਆਰੇ, ਮਸਜਿਦ ਜਾਂ ਚਰਚ ਵਰਗੇ ਪੂਜਾ ਸਥਾਨਾਂ 'ਤੇ ਲੈ ਕੇ ਜਾਂਦੇ ਹਨ।
