40 ਲੱਖ ਰਿਸ਼ਵਤ ਲੈਂਦਿਆਂ CBI ਵੱਲੋਂ CGST ਦੇ ਐਡੀਸ਼ਨਲ ਕਮਿਸ਼ਨਰ ਤੇ ਸੁਪਰਡੈਂਟ ਸਮੇਤ 3 ਗ੍ਰਿਫ਼ਤਾਰ

Friday, Aug 28, 2026 - 09:02 PM (IST)

40 ਲੱਖ ਰਿਸ਼ਵਤ ਲੈਂਦਿਆਂ CBI ਵੱਲੋਂ CGST ਦੇ ਐਡੀਸ਼ਨਲ ਕਮਿਸ਼ਨਰ ਤੇ ਸੁਪਰਡੈਂਟ ਸਮੇਤ 3 ਗ੍ਰਿਫ਼ਤਾਰ

ਰਾਏਗੜ੍ਹ (ਮਹਾਰਾਸ਼ਟਰ) : ਮਹਾਰਾਸ਼ਟਰ ਦੇ ਰਾਏਗੜ੍ਹ ਵਿੱਚ ਕੇਂਦਰੀ ਜਾਂਚ ਬਿਊਰੋ (CBI) ਨੇ 40 ਲੱਖ ਰੁਪਏ ਦੀ ਰਿਸ਼ਵਤਖ਼ੋਰੀ ਦੇ ਮਾਮਲੇ ਵਿੱਚ ਇੱਕ ਵੱਡੀ ਕਾਰਵਾਈ ਕਰਦਿਆਂ ਸੈਂਟਰਲ ਜੀ.ਐੱਸ.ਟੀ. (CGST) ਦੇ ਐਡੀਸ਼ਨਲ ਕਮਿਸ਼ਨਰ ਸਮੇਤ ਤਿੰਨ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਵਿੱਚ CGST ਦੇ ਐਡੀਸ਼ਨਲ ਕਮਿਸ਼ਨਰ ਅਤੇ IRS ਅਧਿਕਾਰੀ ਵਿਨੈ ਕੁਮਾਰ ਕਨ੍ਹੇਟੀ, CGST ਸੁਪਰਡੈਂਟ ਰਾਕੇਸ਼ ਕੁਮਾਰ ਸਿਨਹਾ ਅਤੇ ਇੱਕ ਨਿੱਜੀ ਵਿਅਕਤੀ ਨਰਿੰਦਰ ਰਾਜਪੂਤ ਸ਼ਾਮਲ ਹਨ। ਇਨ੍ਹਾਂ ਤਿੰਨਾਂ ਨੂੰ 27 ਅਗਸਤ 2026 ਨੂੰ ਗ੍ਰਿਫ਼ਤਾਰ ਕੀਤਾ ਗਿਆ, ਜਦਕਿ CBI ਨੇ ਇਸ ਸਬੰਧੀ 26 ਅਗਸਤ 2026 ਨੂੰ ਕੇਸ ਦਰਜ ਕੀਤਾ ਸੀ।

ਇਹ ਪੂਰਾ ਮਾਮਲਾ ਇੱਕ ਪੱਥਰ ਮਾਈਨਿੰਗ ਕੰਪਨੀ (ਫਰਮ) ਨਾਲ ਸਬੰਧਤ GST ਅਤੇ ਰਾਇਲਟੀ ਵਿਵਾਦ ਨੂੰ ਨਿਪਟਾਉਣ ਬਦਲੇ ਰਿਸ਼ਵਤ ਮੰਗਣ ਨਾਲ ਜੁੜਿਆ ਹੋਇਆ ਹੈ। ਦੋਸ਼ ਹੈ ਕਿ ਸੁਪਰਡੈਂਟ ਰਾਕੇਸ਼ ਕੁਮਾਰ ਸਿਨਹਾ ਨੇ ਸ਼ਿਕਾਇਤਕਰਤਾ ਤੋਂ ਮਾਮਲਾ ਰਫ਼ਾ-ਦਫ਼ਾ ਕਰਨ ਲਈ ਪਹਿਲਾਂ 1.50 ਕਰੋੜ ਰੁਪਏ ਦੀ ਭਾਰੀ ਰਕਮ ਮੰਗੀ ਸੀ। ਬਾਅਦ ਵਿੱਚ ਆਪਸੀ ਗੱਲਬਾਤ ਦੌਰਾਨ ਰਿਸ਼ਵਤ ਦੀ ਇਸ ਰਕਮ ਨੂੰ ਘਟਾ ਕੇ 40 ਲੱਖ ਰੁਪਏ ਤੈਅ ਕੀਤਾ ਗਿਆ।

ਅਧਿਕਾਰੀਆਂ ਨੇ ਰਿਸ਼ਵਤ ਦੀ ਰਕਮ ਵਸੂਲਣ ਲਈ ਨਿੱਜੀ ਵਿਅਕਤੀ ਨਰਿੰਦਰ ਰਾਜਪੂਤ ਨੂੰ ਜ਼ਰੀਆ ਬਣਾਇਆ ਸੀ ਅਤੇ ਸ਼ਿਕਾਇਤਕਰਤਾ ਨੂੰ ਉਸ ਰਾਹੀਂ ਹੀ ਪੈਸੇ ਦੇਣ ਲਈ ਕਿਹਾ ਗਿਆ ਸੀ। ਸ਼ਿਕਾਇਤ ਮਿਲਣ ਤੋਂ ਬਾਅਦ CBI ਨੇ ਜਾਲ ਵਿਛਾਇਆ ਅਤੇ ਕਾਰਵਾਈ ਕਰਦਿਆਂ ਵਿਚੋਲੇ ਨਰਿੰਦਰ ਰਾਜਪੂਤ ਨੂੰ 40 ਲੱਖ ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਗ੍ਰਿਫ਼ਤਾਰ ਕਰ ਲਿਆ। ਪੁੱਛਗਿੱਛ ਦੌਰਾਨ ਜਦੋਂ ਇਸ ਮਾਮਲੇ ਵਿੱਚ ਸੁਪਰਡੈਂਟ ਸਿਨਹਾ ਅਤੇ ਐਡੀਸ਼ਨਲ ਕਮਿਸ਼ਨਰ ਕਨ੍ਹੇਟੀ ਦੀ ਭੂਮਿਕਾ ਵੀ ਸਾਹਮਣੇ ਆਈ, ਤਾਂ ਦੋਵਾਂ ਅਧਿਕਾਰੀਆਂ ਨੂੰ ਵੀ ਗ੍ਰਿਫ਼ਤਾਰ ਕਰ ਲਿਆ ਗਿਆ।

ਮੁਲਜ਼ਮਾਂ ਦੀ ਗ੍ਰਿਫ਼ਤਾਰੀ ਤੋਂ ਬਾਅਦ CBI ਵੱਲੋਂ ਉਨ੍ਹਾਂ ਦੇ ਟਿਕਾਣਿਆਂ ਅਤੇ ਘਰਾਂ ਦੀ ਤਲਾਸ਼ੀ ਲਈ ਗਈ। ਇਸ ਤਲਾਸ਼ੀ ਮੁਹਿੰਮ ਦੌਰਾਨ ਟੀਮਾਂ ਨੇ 43 ਲੱਖ ਰੁਪਏ ਦੀ ਵਾਧੂ ਨਕਦੀ ਅਤੇ ਲਗਭਗ 90 ਲੱਖ ਰੁਪਏ ਦੀ ਕੀਮਤ ਦੇ ਗਹਿਣੇ (ਜਵੈਲਰੀ) ਵੀ ਬਰਾਮਦ ਕੀਤੇ ਹਨ। ਫਿਲਹਾਲ CBI ਵੱਲੋਂ ਤਿੰਨਾਂ ਮੁਲਜ਼ਮਾਂ ਨੂੰ ਅਦਾਲਤ ਵਿੱਚ ਪੇਸ਼ ਕੀਤਾ ਜਾ ਰਿਹਾ ਹੈ ਅਤੇ ਮਾਮਲੇ ਦੀ ਅਗਲੇਰੀ ਜਾਂਚ ਜਾਰੀ ਹੈ।


author

Inder Prajapati

Content Editor

Related News