ਯੂਪੀ ਪੁਲਸ ਦੀ ਗੱਡੀ ਨਾਲ ਟਕਰਾਈ ਕਾਰ; ਜਦੋਂ ਚੈਕਿੰਗ ਕੀਤੀ ਤਾਂ ਉੱਡ ਗਏ ਹੋਸ਼
Saturday, Aug 22, 2026 - 11:44 PM (IST)
ਕੰਨੌਜ : ਉੱਤਰ ਪ੍ਰਦੇਸ਼ ਦੇ ਕੰਨੌਜ ਵਿੱਚ ਲਖਨਊ-ਆਗਰਾ ਐਕਸਪ੍ਰੈਸਵੇਅ 'ਤੇ ਦੇਰ ਰਾਤ ਵਾਪਰੇ ਇੱਕ ਕਾਰ ਹਾਦਸੇ ਤੋਂ ਬਾਅਦ ਪੁਲਸ ਨੂੰ ਕਾਰ ਵਿੱਚੋਂ ਵੱਡੀ ਮਾਤਰਾ ਵਿੱਚ ਸੋਨਾ ਬਰਾਮਦ ਹੋਇਆ ਹੈ। ਦੱਸਿਆ ਜਾ ਰਿਹਾ ਹੈ ਕਿ ਕਾਰ ਦੀ ਟੱਕਰ ਕਾਂਵੜ ਯਾਤਰਾ ਦੀ ਡਿਊਟੀ ਤੋਂ ਪਰਤ ਰਹੀ ਪੁਲਸ ਦੀ ਗੱਡੀ ਨਾਲ ਹੋਈ ਸੀ। ਹਾਦਸੇ ਤੋਂ ਬਾਅਦ ਜਦੋਂ ਪੁਲਸ ਮੁਲਾਜ਼ਮਾਂ ਨੇ ਕਾਰ ਦੀ ਤਲਾਸ਼ੀ ਲਈ, ਤਾਂ ਉਨ੍ਹਾਂ ਨੂੰ ਇੱਕ ਬੈਗ ਵਿੱਚੋਂ ਸੋਨੇ ਦੇ 10 ਬਿਸਕੁਟ ਮਿਲੇ, ਜਿਨ੍ਹਾਂ ਦਾ ਕੁੱਲ ਵਜ਼ਨ ਲਗਭਗ 10 ਕਿੱਲੋ ਦੱਸਿਆ ਜਾ ਰਿਹਾ ਹੈ।
ਇਹ ਘਟਨਾ ਐਕਸਪ੍ਰੈਸਵੇਅ 'ਤੇ ਸਥਿਤ ਤਾਲਗ੍ਰਾਮ ਥਾਣਾ ਖੇਤਰ ਵਿੱਚ ਵਾਪਰੀ। ਸੋਨਾ ਮਿਲਣ ਤੋਂ ਬਾਅਦ ਪੁਲਸ ਨੇ ਕਾਰ ਵਿੱਚ ਸਵਾਰ ਦੋ ਨੌਜਵਾਨਾਂ ਨੂੰ ਹਿਰਾਸਤ ਵਿੱਚ ਲੈ ਕੇ ਪੁੱਛਗਿੱਛ ਸ਼ੁਰੂ ਕਰ ਦਿੱਤੀ ਹੈ ਕਿ ਉਹ ਇਹ ਸੋਨਾ ਕਿੱਥੋਂ ਲੈ ਕੇ ਆਏ ਸਨ ਅਤੇ ਕਿਸ ਨੂੰ ਸਪਲਾਈ ਕਰਨਾ ਸੀ।
ਪੁਲਸ ਵੱਲੋਂ ਮਾਮਲੇ ਦੀ ਸੂਚਨਾ ਕਸਟਮ ਵਿਭਾਗ ਨੂੰ ਦੇ ਦਿੱਤੀ ਗਈ ਹੈ, ਜੋ ਸੋਨੇ ਦੇ ਸਰੋਤ ਅਤੇ ਦਸਤਾਵੇਜ਼ਾਂ ਦੀ ਜਾਂਚ ਕਰੇਗੀ। ਇਸ ਦੇ ਨਾਲ ਹੀ ਸੋਨੇ ਦੀ ਸ਼ੁੱਧਤਾ ਅਤੇ ਅਸਲ ਵਜ਼ਨ ਦੀ ਪੁਸ਼ਟੀ ਲਈ ਇੱਕ ਸਥਾਨਕ ਸੁਨਿਆਰੇ ਨੂੰ ਵੀ ਮੌਕੇ 'ਤੇ ਬੁਲਾਇਆ ਗਿਆ ਹੈ। ਪੁਲਸ ਹੁਣ ਇਸ ਗੱਲ ਦੀ ਡੂੰਘਾਈ ਨਾਲ ਜਾਂਚ ਕਰ ਰਹੀ ਹੈ ਕਿ ਇਹ ਸੋਨਾ ਕਾਨੂੰਨੀ ਤਰੀਕੇ ਨਾਲ ਲਿਜਾਇਆ ਜਾ ਰਿਹਾ ਸੀ ਜਾਂ ਫਿਰ ਇਹ ਤਸਕਰੀ ਦਾ ਮਾਮਲਾ ਹੈ। ਫਿਲਹਾਲ ਪੁਲਸ ਅਤੇ ਸਬੰਧਤ ਵਿਭਾਗਾਂ ਵੱਲੋਂ ਅਧਿਕਾਰਤ ਪੁਸ਼ਟੀ ਹੋਣੀ ਬਾਕੀ ਹੈ।
